post

Jasbeer Singh

(Chief Editor)

Punjab

ਕਿਸਾਨਾਂ ਦੀਆਂ ਮੰਗਾਂ ਤਾਂ ਹੀ ਪੂਰੀਆਂ ਹੋਣਗੀਆਂ ਜੇਕਰ ਉਹ ਇਕੱਠੇ ਹੋ ਕੇ ਲੜਾਈ ਲੜਨਗੇ : ਰਾਕੇਸ਼ ਟਿਕੈਤ

post-img

ਕਿਸਾਨਾਂ ਦੀਆਂ ਮੰਗਾਂ ਤਾਂ ਹੀ ਪੂਰੀਆਂ ਹੋਣਗੀਆਂ ਜੇਕਰ ਉਹ ਇਕੱਠੇ ਹੋ ਕੇ ਲੜਾਈ ਲੜਨਗੇ : ਰਾਕੇਸ਼ ਟਿਕੈਤ ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਉਤੇ ਚਲ ਰਹੇ ਕਿਸਾਨ ਅੰਦੋਲਨ ਬਾਰੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਤਾਂ ਹੀ ਪੂਰੀਆਂ ਹੋਣਗੀਆਂ ਜੇਕਰ ਉਹ ਇਕੱਠੇ ਹੋ ਕੇ ਲੜਾਈ ਲੜਨਗੇ।ਉਨ੍ਹਾਂ ਕਿਹਾ ਕਿ ਅਕਸਰ ਟੁੱਟੇ ਹੋਏ ਲੁੱਟੇ ਜਾਂਦੇ ਹਨ, ਇਸ ਲਈ ਸੰਯੁਕਤ ਕਿਸਾਨ ਮੋਰਚਾ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਸੋਚਣਾ ਪਵੇਗਾ ਕਿ ਭਵਿੱਖ ਵਿਚ ਕਿਸਾਨ ਅਤੇ ਮਜ਼ਦੂਰ ਦੇ ਹੱਕ ਕਿਵੇਂ ਲੈਣੇ ਹਨ । ਉਨ੍ਹਾਂ ਕਿਹਾ ਕਿ ਡੱਲੇਵਾਲ ਦੀ ਸਿਹਤ ਬਾਰੇ ਸਾਰੇ ਲੋਕ ਹੀ ਚਿੰਤਤ ਹਨ ਪਰ ਮੰਗਾਂ ਮੰਨਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ ਤੇ ਡੱਲੇਵਾਲ ਮੰਗਾਂ ਪੂਰੀਆਂ ਹੋਣ ਤੋਂ ਪਹਿਲਾਂ ਆਪਣਾ ਮਰਨ ਵਰਤ ਨਹੀਂ ਤਿਆਗਣਗੇ । ਇਸ ਅੰਦੋਲਨ ਬਾਰੇ ਅੱਗੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਅੰਦੋਲਨ ਦਾ ਕੇਂਦਰ ਸਰਕਾਰ ਨੂੰ ਫ਼ਾਇਦਾ ਹੋ ਰਿਹਾ ਹੈ ਕਿਉਂਕਿ ਕੇਂਦਰ ਸਰਕਾਰ ਨੂੰ ਪਤਾ ਹੈ ਕਿ ਡੱਲੇਵਾਲ ਮਰਨ ਵਰਤ ਉਤੇ ਪੰਜਾਬ ਦੀ ਜ਼ਮੀਨ ਉਤੇ ਬੈਠੇ ਹਨ ਅਤੇ ਉਨ੍ਹਾਂ ਦੇ ਕਿਸੇ ਵੀ ਨੁਕਸਾਨ ਦੀ ਜ਼ਿੰਮੇਵਾਰੀ ਪੰਜਾਬ ਦੀ ‘ਆਪ’ ਸਰਕਾਰ ਉਤੇ ਆਵੇਗੀ । ਇਸ ਦੇ ਨਾਲ ਹੀ ਸਿੱਖ ਕੌਮ ਦੀ ਵੀ ਬਦਨਾਮੀ ਹੋ ਰਹੀ ਹੈ ਕਿਉਂਕਿ ਕੌਮੀ ਪੱਧਰ ਉਤੇ ਲੋਕਾਂ ਨੂੰ ਲਗਦਾ ਹੈ ਕਿ ਸਿੱਖ ਕਿਸਾਨ ਜਦੋਂ ਮਰਜ਼ੀ ਸੜਕਾਂ ਰੋਕ ਲੈਂਦੇ ਹਨ। ਭਾਜਪਾ ਸੰਸਦ ਮੈਂਬਰ ਰਾਮ ਚੰਦਰ ਜਾਂਗੜਾ ਵਲੋਂ ਦਿਤੇ ਬਿਆਨ ਉਤੇ ਪ੍ਰਤੀਕਰਮ ਦਿੰਦਿਆਂ ਟਿਕੈਤ ਨੇ ਕਿਹਾ ਕਿ ਜੇਕਰ ਉਨ੍ਹਾਂ ਕੋਲ ਲਾਪਤਾ ਲੜਕੀਆਂ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਸਰਕਾਰ ਨਾਲ ਸਾਂਝੀ ਕਰਨ ਨਹੀਂ ਤਾਂ ਝੂਠ ਬੋਲ ਕੇ ਗੁੰਮਰਾਹ ਨਾ ਕਰਨ । ਉਨ੍ਹਾਂ ਕਿਹਾ ਕਿ ਜੇਕਰ ਕੋਈ ਸੰਸਦ ਮੈਂਬਰ ਝੂਠੇ ਤੱਥ ਪੇਸ਼ ਕਰਦਾ ਹੈ ਤਾਂ ਉਸ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ । ਹਰਿਆਣਾ ਸਰਕਾਰ ਵਲੋਂ 24 ਫ਼ਸਲਾਂ ਉਤੇ ਐਮ. ਐਸ. ਪੀ. ਦੇਣ ਵਾਲੀ ਖ਼ਬਰ ਉਤੇ ਟਿਕੈਤ ਨੇ ਕਿਹਾ ਕਿ ਭਾਜਪਾ ਝੂਠ ਬੋਲਣ ਵਿਚ ਮਾਹਰ ਹੈ ਤੇ ਉਨ੍ਹਾਂ ਕਦੇ ਨਹੀਂ ਸੁਣਿਆ ਕਿ ਹਰਿਆਣਾ ਵਿਚ 24 ਫ਼ਸਲਾਂ ਉਤੇ ਐਮਐਸਪੀ ਮਿਲਦੀ ਹੈ।ਜਦੋਂ ਪੱਤਰਕਾਰਾਂ ਨੇ ਟਿਕੈਤ ਨੂੰ ਪੁਛਿਆ ਕਿ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਦਾ ਕਹਿਣਾ ਹੈ ਕਿ ਉਹ ਲਗਾਤਾਰ ਕਿਸਾਨਾਂ ਨੂੰ ਮਿਲਦੇ ਹਨ ਤਾਂ ਟਿਕੈਤ ਨੇ ਕਿਹਾ ਕਿ ਉਨ੍ਹਾਂ ਕਦੇ ਵੀ ਮੰਤਰੀ ਨੂੰ ਕਿਸਾਨਾਂ ਜਾਂ ਕਿਸਾਨ ਜਥੇਬੰਦੀਆਂ ਨਾਲ ਮਿਲਦੇ ਨਹੀਂ ਦੇਖਿਆ । ਦਿੱਲੀ ਜਾਣ ਬਾਰੇ ਉਨ੍ਹਾਂ ਦੀ ਜਥੇਬੰਦੀ ਦਾ ਕੀ ਇਰਾਦਾ ਹੈ ਤਾਂ ਟਿਕੈਤ ਨੇ ਕਿਹਾ ਕਿ ਦਿੱਲੀ 61000 ਵੋਲਟ ਵਾਂਗ ਹੈ ਤੇ ਉਨ੍ਹਾਂ ਦਾ ਅਜੇ ਦਿੱਲੀ ਜਾਣ ਦਾ ਕੋਈ ਇਰਾਦਾ ਨਹੀਂ ਹੈ। ਦੂਜੇ ਪਾਸੇ ਪਿਤਾ ਬਾਰੇ ਗੱਲ ਕਰਦਿਆਂ ਭਾਵੁਕ ਹੋਏ ਜਗਜੀਤ ਸਿੰਘ ਡੱਲੇਵਾਲ ਦਾ ਪੁੱਤਰ ਗੁਰਪਿੰਦਰ ਸਿੰਘ ਨੇ ਕਿਹਾ ਕਿ ਬੇਸ਼ੱਕ ਉਨ੍ਹਾਂ ਦੀ ਸਿਹਤ ਦਿਨ-ਬ-ਦਿਨ ਵਿਗੜ ਰਹੀ ਹੈ। ਉਨ੍ਹਾਂ ਦੇ ਹੌਸਲੇ ਅੱਜ ਵੀ ਬੁਲੰਦ ਹਨ। ਉਨ੍ਹਾਂ ਨੇ ਸਾਡੀ ਗੁਹਾਰ ਨੂੰ ਲੈ ਕੇ ਆਪਣਾ ਘਰ-ਬਾਰ ਛੱਡ ਕੇ ਇਸ ਮੋਰਚੇ ਨੂੰ ਆਪਣਾ ਪਰਿਵਾਰ ਬਣਾਇਆ ਹੈ । ਉਨ੍ਹਾਂ ਨੇ ਪਹਿਲੇ ਦਿਨ ਤੋਂ ਕਹਿ ਦਿਤਾ ਸੀ ਕਿ ਜਾਂ ਤਾਂ ਸ਼ਹਾਦਤ ਹੋਵੇਗੀ ਜਾਂ ਮੰਗਾਂ ਮੰਨੀਆਂ ਜਾਣਗੀਆਂ ।

Related Post