post

Jasbeer Singh

(Chief Editor)

Latest update

ਭਗਵੰਤ ਮਾਨ ਦੀ ਇਜਾਜ਼ਤ ਨਾਲ ਕਿਸਾਨਾਂ ’ਤੇ ਹੋਇਆ ਤਸ਼ੱਦਦ: ਸੁਖਬੀਰ

post-img

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਰੋੜਾਂ ਦੇ ਸ਼ਰਾਬ ਘੁਟਾਲੇੇ ਦੇ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਚਣ ਲਈ ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ’ਤੇ ਅੱਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਚਲਾਉਣ ਦੀ ਇਜਾਜ਼ਤ ਦਿੱਤੀ ਹੈ। ਉਨ੍ਹਾਂ ਅੱਜ ਇੱਥੇ ਪਿੰਡ ਮਹਿਮਾ ਸਰਜਾ, ਦਿਓਣ, ਘੁੱਦਾ ਆਦਿ ਦਰਜਨ ਪਿੰਡਾਂ ਵਿੱਚ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸ੍ਰੀ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਜਾਣਦੇ ਹਨ ਕਿ ਉਹ ਆਪਣੇ ਬੌਸ ਅਰਵਿੰਦ ਕੇਜਰੀਵਾਲ ਵਾਂਗ ਸਲਾਖਾਂ ਪਿੱਛੇ ਜਾ ਸਕਦੇ ਹਨ ਕਿਉਂਕਿ ਉਨ੍ਹਾਂ ਵੱਲੋਂ ਵੀ ਪੰਜਾਬ ਵਿੱਚ ਵੀ ਉਹੀ ਸ਼ਰਾਬ ਘੁਟਾਲਾ ਕੀਤਾ ਗਿਆ ਹੈ ਜੋ ਦਿੱਲੀ ਵਿੱਚ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸੇ ਲਈ ਉਹ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ ਦੀ ਕੇਂਦਰੀ ਇਕਾਈ ਦੇ ਕੰਟਰੋਲ ਵਿੱਚੋਂ ਬਾਹਰ ਕੱਢ ਕੇ ‘ਆਪ’ (ਪੰਜਾਬ) ਇਕਾਈ ਬਣਾ ਕੇ ਪੰਜਾਬ ਸਰਕਾਰ ਭਾਜਪਾ ਨੂੰ ਸੌਂਪਣ ਲਈ ਗੋਡੇ ਟੇਕੀ ਬੈਠੀ ਹੈ। ਉਨ੍ਹਾਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸ੍ਰੀ ਬਾਦਲ ਨੇ ਕਾਂਗਰਸ ਦੀ ਆਲੋਚਨਾ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਗਲੇ ਮਹੀਨੇ ਇਸੇ ਦਿਨ ਵੋਟ ਪਾਉਣ ਵੇਲੇ 1 ਜੂਨ 1984 ਨੂੰ ਯਾਦ ਕਰਨ। ਇਸ ਦੌਰਾਨ ਮਹਿਮਾ ਸਰਜਾ ਵਿੱਚ ਕਿਸਾਨਾਂ ਨੇ ਸੁਖਬੀਰ ਬਾਦਲ ਦਾ ਵਿਰੋਧ ਕੀਤਾ। ਸੁਖਬੀਰ ਵੱਲੋਂ ਪੁਨਵੇਕ ਗਰੁੱਪ ਦੇ ਚੇਅਰਮੈਨ ਨਾਲ ਮੀਟਿੰਗ ਬਠਿੰਡਾ: ਇੱਥੇ ਸੁਖਬੀਰ ਬਾਦਲ ਨੇ ਪੁਨਵੇਕ ਗਰੁੱਪ ਆਸਟਰੇਲੀਆ ਦੇ ਚੇਅਰਮੈਨ ਰੁਪਿੰਦਰ ਸਿੰਘ ਬਰਾੜ, ਸਰਬਜੋਤ ਸਿੰਘ ਢਿੱਲੋਂ ਪ੍ਰੈਜੀਡੈਂਟ ਸਿੱਖ ਗੇਮਜ਼ ਆਸਟਰੇਲੀਆ, ਭੀਮ ਸਿੰਘ ਵੜੈਚ, ਨਾਲ ਉਨ੍ਹਾਂ ਦੇ ਗ੍ਰਹਿ ਵਿਖ਼ੇ ਬੰਦ ਕਮਰਾ ਮੀਟਿੰਗ ਕੀਤੀ। ਜ਼ਿਕਰਯੋਗ ਹੈ ਕਿ ਰੁਪਿੰਦਰ ਸਿੰਘ ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਿਟ ਨਾਲ ਯਾਤਰਾ ਦੌਰਾਨ ਦਰਬਾਰ ਸਾਹਿਬ ਵਿਖ਼ੇ ਵਫਦ ਲੈ ਕੇ ਪੁੱਜੇ ਸਨ। ਉਹ ਦੇਸ਼ ਵਿੱਚ ਚਲਾਈ ਜਾ ਰਹੀ ਆਈਐੱਨਬੀਐੱਲ ਪ੍ਰੋ ਲੀਗ ਦੇ ਮਾਲਕ ਵੀ ਹਨ ਜੋ ਦੇਸ਼ ਭਰ ਵਿੱਚ ਕੌਮੀ ਪੱਧਰ ਦੇ ਬਾਸਕਟਬਾਲ ਖਿਡਾਰੀ ਪੈਦਾ ਕਰ ਰਹੀ ਹੈ। ਕਾਂਗਰਸ ਤੇ ‘ਆਪ’ ਦੇ ਰਾਜ ’ਚ ਹੈਰੀਟੇਜ ਸਟ੍ਰੀਟ ਸਣੇ ਯਾਦਗਾਰਾਂ ਦਾ ਬੁਰਾ ਹਾਲ: ਸੁਖਬੀਰ ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਇੱਥੇ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਪਿਛਲੇ 7 ਸਾਲਾਂ ਵਿੱਚ ਕਾਂਗਰਸ ਤੇ ‘ਆਪ’ ਦੇ ਰਾਜ ਵਿਚ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਬਣਾਈ ਹੈਰੀਟੇਜ ਸਟ੍ਰੀਟ ਸਣੇ ਹੋਰ ਯਾਦਗਾਰਾਂ ਦਾ ਬੁਰਾ ਹਾਲ ਹੋ ਗਿਆ ਹੈ। ਬੀਤੀ ਰਾਤ ਇਥੇ ਅੰਮ੍ਰਿਤਸਰ ਪਾਰਲੀਮਾਨੀ ਹਲਕੇ ਦੇ ਵੱਖ-ਵੱਖ ਹਲਕਿਆਂ ਵਿੱਚ ਉਨ੍ਹਾਂ ਨੇ ਪਾਰਟੀ ਉਮੀਦਵਾਰ ਅਨਿਲ ਜੋਸ਼ੀ ਦੇ ਹੱਕ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਭਾਜਪਾ ’ਤੇ ਨਿਸ਼ਾਨਾ ਸਾਧਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਅੰਗਰੇਜ਼ ਵੀ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦਾ ਨੁਕਸਾਨ ਨਹੀਂ ਕਰ ਸਕੇ ਸਨ ਪਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸ਼੍ਰੋਮਣੀ ਕਮੇਟੀ ਦੇ ਦੋ ਟੋਟੇ ਕਰ ਦਿੱਤੇ ਹਨ।

Related Post