

ਇਥੇ ਟਿੱਪਰ ਦੀ ਲਪੇਟ ’ਚ ਆਉਣ ਨਾਲ ਪਿਓ-ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਨਕੋਦਰ ਰੋਡ ’ਤੇ ਖਾਲਸਾ ਸਕੂਲ ਨੇੜੇ ਵਾਪਰਿਆ। ਦੋਵਾਂ ਦੇ ਸਰੀਰਾਂ ਦੇ ਟੁਕੜੇ-ਟੁਕੜੇ ਹੋ ਗਏ। ਭਾਰਗਵ ਕੈਂਪ ਥਾਣਾ ਪੁਲੀਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ। ਮ੍ਰਿਤਕਾਂ ਦੀ ਪਛਾਣ ਜਸਵੀਰ ਸਿੰਘ (42) ਅਤੇ ਕਰਮਣ ਸਿੰਘ (16) ਵਾਸੀ ਪਿੰਡ ਹੇਰਾਂ ਵਜੋਂ ਹੋਈ ਹੈ। ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿੱਚ ਸਵੇਰੇ 5.28 ਵਜੇ ਟਿੱਪਰ ਨੂੰ ਓਵਰਟੇਕ ਕਰਦੇ ਹੋਏ ਮੋਟਰਸਾਈਕਲ ਸਵਾਰ ਪਿਓ-ਪੁੱਤ ਦੀ ਸੜਕ ’ਤੇ ਪੈਦਲ ਜਾ ਰਹੇ ਵਿਅਕਤੀ ਨਾਲ ਟੱਕਰ ਹੋ ਗਈ ਤੇ ਉਹ ਸੜਕ ’ਤੇ ਡਿੱਗ ਗਏ ਅਤੇ ਟਿੱਪਰ ਦੇ ਟਾਇਰ ਹੇਠਾਂ ਆਉਣ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਮੌਕੇ ’ਤੇ ਡਰਾਈਵਰ ਟਿੱਪਰ ਛੱਡ ਕੇ ਭੱਜ ਗਿਆ। ਰਾਹਗੀਰਾਂ ਨੇ ਡਰਾਈਵਰ ਦਾ ਪਿੱਛਾ ਕਰਕੇ ਉਸ ਨੂੰ ਕਰੀਬ ਇੱਕ ਕਿਲੋਮੀਟਰ ਦੀ ਦੂਰੀ ਤੋਂ ਫੜ ਕੇ ਪੁਲੀਸ ਹਵਾਲੇ ਕੀਤਾ। ਟਿੱਪਰ ਬਠਿੰਡਾ ਦੀ ਇੱਕ ਫਰਮ ਦਾ ਹੈ। ਪੁਲੀਸ ਨੇ ਟਿੱਪਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਪਤਾ ਲੱਗਿਆ ਹੈ ਕਿ ਅੱਜ ਮ੍ਰਿਤਕਾਂ ਦੇ ਰਿਸ਼ਤੇਦਾਰ ਦਾ ਵਿਆਹ ਸੀ ਤੇ ਉਹ ਮਕਸੂਦਾਂ ਮੰਡੀ ਤੋਂ ਸਬਜ਼ੀ ਲੈਣ ਜਾ ਰਹੇ ਸਨ ਕਿ ਰਸਤੇ ਵਿਚ ਹਾਦਸਾ ਵਾਪਰ ਗਿਆ।