
'ਆਂਗਨਵਾੜੀ ਕੇਦਰਾਂ ’ਚ ਦਿੱਤੀ ਜਾ ਰਹੀ ਘਟੀਆ ਸਮੱਗਰੀ', ਹਰਗੋਬਿੰਦ ਕੌਰ ਨੇ ਆਪ ਸਰਕਾਰ ’ਤੇ ਲਾਇਆ ਦੋਸ਼
- by Jasbeer Singh
- July 10, 2024

'ਆਂਗਨਵਾੜੀ ਕੇਦਰਾਂ ’ਚ ਦਿੱਤੀ ਜਾ ਰਹੀ ਘਟੀਆ ਸਮੱਗਰੀ', ਹਰਗੋਬਿੰਦ ਕੌਰ ਨੇ ਆਪ ਸਰਕਾਰ ’ਤੇ ਲਾਇਆ ਦੋਸ਼ ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਸੂਬਾ ਸਰਕਾਰ ’ਤੇ ਆਂਗਨਵਾੜੀ ਕੇਦਰਾਂ ’ਚ ਬੱਚਿਆਂ ਨੂੰ ਖਾਣ-ਪੀਣ ਲਈ ਘਟੀਆ ਉਤਪਾਦ ਵੰਡਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੂਬੇ ਦੀ ਵੱਡੀ ਤੇ ਅਹਿਮ ਸਹਿਕਾਰੀ ਸੰਸਥਾ ਵੇਰਕਾ ਦੀ ਥਾਂ ਇੱਕ ਨਿੱਜੀ ਕੰਪਨੀ ਨੂੰ ਚੁਣ ਲਿਆ ਹੈ। ਹਰਗੋਬਿੰਦ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪ ਸਰਕਾਰ ਨੇ ਜਾਣਬੁੱਝ ਕੇ ਵੇਰਕਾ ਤੋਂ ਪਾਊਡਰ ਵਾਲਾ ਦੁੱਧ, ਘੀ ਅਤੇ ਪੰਜੀਰੀ ਦੀ ਸਪਲਾਈ ਦੀ ਜ਼ਿੰਮੇਵਾਰੀ ਖੋਹ ਕੇ ਇਸਦਾ ਠੇਕਾ ਇਕ ਨਿੱਜੀ ਕੰਪਨੀ ਮਾਰਕਫੈੱਡ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਨਿੱਜੀ ਕੰਪਨੀ ਘਟੀਆ ਪੈਕਡ ਸਮੱਗਰੀ ਦੀ ਸਪਲਾਈ ਕਰ ਰਹੀ ਹੈ ਅਤੇ ਇਥੇ ਤੱਕ ਕਿ ਉਸ ਨੇ ਘੀ ਦੀ ਜਗ੍ਹਾ ਰਿਫਾਈਡ ਤੇਲ ਦਾ ਇਸਤੇਮਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਕੰਪਨੀ ਨੂੰ ਹਿਮਾਚਲ ਪ੍ਰਦੇਸ਼ ਵਿਚ ਕਾਲੀ ਸੂਚੀ ਵਿਚ ਪਾਇਆ ਗਿਆ ਹੈ ਅਤੇ ਇਥੇ ਤੱਕ ਕਿ ਵੇਰਕਾ ਨੇ ਵੀ ਪਹਿਲਾਂ ਇਸ ਦੇ ਉਤਪਾਦਾਂ ਨੂੰ ਖਾਰਜ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਵੱਡੇ ਪੱਧਰ ’ਤੇ ਹੈ ਕਿਉਂਕਿ ਆਂਗਨਵਾੜੀ ਵਰਕਰਾਂ ਵੱਲੋਂ ਸਾਲਾਨਾ 500 ਤੋਂ 600 ਕਰੋੜ ਰੁਪਏ ਦੀ ਸਮੱਗਰੀ ਦਿੱਤੀ ਜਾ ਰਹੀ ਹੈ, ਜਿਸ ਕਾਰਨ ਆਂਗਨਵਾੜੀ ਸਹਾਇਕ ਬੇਰੁਜ਼ਗਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਕਿਵੇਂ ਕਾਂਗਰਸ ਸਰਕਾਰ ਨੇ 2005 ਵਿਚ ਆਂਗਨਵਾੜੀ ਰਾਸ਼ਨ ਵੀ ਬੰਦ ਕਰ ਦਿੱਤਾ ਸੀ ਪਰ ਵਰਕਰਾਂ ਨੇ ਇਸ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਲਗਾਤਾਰ ਅੰਦੋਲਨ ਕੀਤਾ ਸੀ। ਬੀਬੀ ਹਰਗੋਬਿੰਦ ਕੌਰ ਨੇ ‘ਆਪ’ ਸਰਕਾਰ ’ਤੇ ਉਨ੍ਹਾਂ ਦੇ ਖ਼ਿਲਾਫ਼ ਰਾਜਨੀਤਕ ਬਦਲਾਖੋਰੀ ਦਾ ਵੀ ਦੋਸ਼ ਲਾਇਆ ਕਿਉਂਕਿ ਉਨ੍ਹਾਂ ਨੇ ਘਟੀਆ ਸਮੱਗਰੀ ਦੀ ਸਪਲਾਈ ਦੇ ਖ਼ਿਲਾਫ਼ ਸ਼ਿਕਾਇਤ ਕਰਨ ਵਾਲੀਆਂ ਮਹਿਲਾਵਾਂ ਅਤੇ ਬੱਚਿਆਂ ਦੀ ਆਵਾਜ਼ ਚੁੱਕੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਮਹੀਨੇ 2023 ’ਚ ਵਾਧੂ ਛੁੱਟੀ ਲੈਣ ਦੇ ਆਧਾਰ ’ਤੇ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ, ਜੋ ਨਿਰਧਾਰਿਤ ਮਾਪਦੰਡਾਂ ਦੇ ਖ਼ਿਲਾਫ਼ ਵੀ ਹੈ।