

ਪਾਕਿ ਲਈ ਜਾਸੂਸੀ ਦੇ ਸ਼ੱਕ ’ਚ ਹਰਿਆਣਾ ਗੁਰਦਵਾਰਾ ਕਮੇਟੀ ਦਾ ਕਰਮਚਾਰੀ ਗ੍ਰਿਫ਼ਤਾਰ ਹਰਿਆਣਾ : ਐਸਟੀਐਫ਼ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਸ਼ੱਕ ਵਿਚ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ। ਉਸ ਵਿਅਕਤੀ ਨੂੰ ਹਰਿਆਣਾ ਪੁਲਿਸ ਨੇ ਕਲ ਰਾਤ ਗਿ੍ਰਫ਼ਤਾਰ ਕੀਤਾ ਸੀ। ਇਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿਚ ਸਿਵਲ ਡਰੈੱਸ ਵਿਚ ਦੋ ਲੋਕ ਰਾਤ ਨੂੰ ਉਸ ਵਿਅਕਤੀ ਨੂੰ ਅਪਣੇ ਨਾਲ ਲੈ ਜਾ ਰਹੇ ਹਨ। ਉਸ ਦੇ ਪਿੱਛੇ ਦੋ ਹੋਰ ਲੋਕ ਚਲ ਰਹੇ ਸਨ। ਇਹ ਵੀਡੀਉ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸੂਤਰਾਂ ਅਨੁਸਾਰ ਹਰਕੀਰਤ ਸਿੰਘ ਨੂੰ ਹਿਸਾਰ ਐਸਟੀਐਫ਼ ਨੇ ਰਾਤ ਲਗਭਗ 8.30 ਵਜੇ ਗਿ੍ਰਫ਼ਤਾਰ ਕੀਤਾ। ਦੂਜੇ ਪਾਸੇ, ਕੁਰੂਕਸ਼ੇਤਰ ਪੁਲਿਸ ਨੇ ਫ਼ੋਨ ’ਤੇ ਜਾਣਕਾਰੀ ਦਿਤੀ ਕਿ ਹਿਸਾਰ ਐਸਟੀਐਫ਼ ਜਾਂਚ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ। ਪਰ ਕੁਰੂਕਸ਼ੇਤਰ ਪੁਲਿਸ ਇਸ ਬਾਰੇ ਮੀਡੀਆ ਨੂੰ ਕੋਈ ਜਾਣਕਾਰੀ ਨਹੀਂ ਦੇ ਰਹੀ ਹੈ। ਇਹ ਮਾਮਲਾ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਇਸ ਵੇਲੇ ਐਸਟੀਐਫ਼ ਹਰਕੀਰਤ ਸਿੰਘ ਤੋਂ ਪੁਛਗਿਛ ਕਰ ਰਹੀ ਹੈ। ਹਰਕੀਰਤ ਸਿੰਘ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਰਮਚਾਰੀ ਹੈ। ਹਰਕੀਰਤ ਸਿੰਘ ਕੁਰੂਕਸ਼ੇਤਰ ਤੋਂ ਪਾਕਿਸਤਾਨ ਜਾਣ ਵਾਲੇ ਸਮੂਹ ਲਈ ਵੀਜ਼ਾ ਦਿਵਾਉਣ ਦਾ ਮੁੱਖ ਕੰਮ ਦੇਖਦਾ ਸੀ।