

ਕਾਂਗਰਸ ’ਤੇ ਤਿੱਖਾ ਹਮਲਾ ਬੋਲਦਿਆਂ ਜਨਤਾ ਦਲ (ਸੈਕੁਲਰ) ਦੇ ਮੁਖੀ ਐੱਚਡੀ ਦੇਵਗੌੜਾ ਨੇ ਅੱਜ ਵਿਰੋਧੀ ਧਿਰ ਉੱਤੇ ਉਸ ਦੇ ‘ਹੰਕਾਰੀ ਤੇ ਨਾਂਹ ਪੱਖੀ ਰਵੱਈਏ’ ਨੂੰ ਲੈ ਕੇ ਨਿਸ਼ਾਨਾ ਸੇਧਿਆ। ਉਨ੍ਹਾਂ ਆਪਣੀ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਨਵੀਂ ਐੱਨਡੀਏ ਸਰਕਾਰ ਨੂੰ ਪੂਰਾ ਸਮਰਥਨ ਦਿੱਤਾ। ਦੇਵਗੌੜਾ ਨੇ ਜੇਡੀ (ਐੱਸ) ਨੂੰ ਕੈਬਨਿਟ ਵਿੱਚ ਥਾਂ ਦੇਣ ਦੀ ਪੇਸ਼ਕਸ਼ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਯਕੀਨ ਦਿਵਾਇਆ ਕਿ ਉਨ੍ਹਾਂ ਦੀ ਪਾਰਟੀ ਦੇ ਮੰਤਰੀ ਵੱਲੋਂ ਗੱਠਜੋੜ ਨਾਲ ਮਿਲ ਕੇ ‘ਪੂਰੀ ਦ੍ਰਿੜ੍ਹਤਾ’ ਨਾਲ ਕੰਮ ਕੀਤਾ ਜਾਵੇਗਾ। ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਦੇ ਪੁੱਤਰ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਨਵੀਂ ਵਜ਼ਾਰਤ ਵਿੱਚ ਸ਼ਾਮਲ ਕੀਤਾ ਗਿਆ ਹੈ। ਦੇਵਗੌੜਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਪੱਤਰ ਵਿੱਚ ਉਨ੍ਹਾਂ ਦੇ ਲਗਾਤਾਰ ਤੀਸਰੇ ‘ਇਤਿਹਾਸਕ’ ਕਾਰਜਕਾਲ ਲਈ ਵਧਾਈ ਦਿੱਤੀ ਅਤੇ ਚੋਣਾਂ ਵਿੱਚ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ’ਤੇ ‘ਸਰਬਸ਼ਕਤੀਮਾਨ ਦੇ ਅਸਧਾਰਨ ਆਸ਼ੀਰਵਾਦ’ ਨੂੰ ਦਿੱਤਾ।