post

Jasbeer Singh

(Chief Editor)

ਗਰਮੀ ਦਾ ਕਹਿਰ: 46.7 ਡਿਗਰੀ ਤਾਪਮਾਨ ਨਾਲ ਸਭ ਤੋਂ ਵਧ ਤਪਿਆ ਫ਼ਰੀਦਕੋਟ

post-img

ਰਾਜਸਥਾਨ ਨਾਲ ਖਹਿੰਦੇ ਪੰਜਾਬ ਦੇ ਮਾਲਵਾ ਖਿੱਤੇ ’ਚ ਗਰਮੀ ਆਪਣਾ ਜਲਵਾ ਦਿਖਾ ਰਹੀ ਹੈ। ਅੱਜ ਇਸ ਖਿੱਤੇ ਦੇ ਸ਼ਹਿਰ ਫ਼ਰੀਦਕੋਟ ’ਚ ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ 46.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਾਲਾਂਕਿ 1 ਜੂਨ ਸ਼ਾਮ ਨੂੰ ਇਥੇ ਝੁੱਲੀ ਹਨੇਰੀ ਅਤੇ ਪੰਜਾਬ ਵਿੱਚ ਟੁੱਟਵੇਂ ਥਾਵਾਂ ’ਤੇ ਪਏ ਛਰਾਟਿਆਂ ਤੋਂ ਬਾਅਦ ਪਾਰੇ ’ਚ ਥੋੜ੍ਹੀ ਗਿਰਾਵਟ ਆਈ ਸੀ ਪਰ ਅੱਜ ਪੂਰਾ ਦਿਨ ਪਿਛਲੇ ਦਿਨਾਂ ਦੀ ਤੁਲਨਾ ’ਚ ਮੁੜ੍ਹਕੇ ਵਾਲੀ ਗਰਮੀ ਦਾ ਰਿਹਾ। ਮਾਲਵੇ ਦੇ ਹੀ ਸ਼ਹਿਰਾਂ ਬਰਨਾਲਾ ’ਚ ਅੱਜ ਦਾ ਤਾਪਮਾਨ 45.6, ਬਠਿੰਡਾ ’ਚ 44.6 ਅਤੇ ਫ਼ਿਰੋਜ਼ਪੁਰ ’ਚ 44.2 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ। ਮੌਸਮ ਮਾਹਿਰਾਂ ਦੀ ਮੰਨੀਏ ਤਾਂ 4-5 ਜੂਨ ਨੂੰ ਪੱਛਮੀ ਗੜਬੜੀ ਵਾਲਾ ਇੱਕ ਸਿਸਟਮ ਪੰਜਾਬ ਵਿੱਚ ਪ੍ਰਵੇਸ਼ ਕਰ ਸਕਦਾ ਹੈ, ਜੋ ਹਲਕੀਆਂ ਫ਼ੁਹਾਰਾਂ ਆਪਣੇ ਨਾਲ ਲਿਆਵੇਗਾ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਬੇਤਹਾਸ਼ਾ ਗਰਮੀ ਪੈਣ ਕਾਰਨ ਹਸਪਤਾਲਾਂ ਵਿੱਚ ਡਾਇਰੀਏ ਦੇ ਮਰੀਜ਼ਾਂ ਦੀ ਗਿਣਤੀ ’ਚ ਕਾਫੀ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਗਰਮੀ ਕਾਰਨ ਪਾਚਨ ਪ੍ਰਣਾਲੀ ਖਰਾਬ ਹੋ ਜਾਂਦੀ ਹੈ, ਜਿਸ ਨਾਲ ਮਰੀਜ਼ ਟੱਟੀਆਂ, ਉਲਟੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਡਾਕਟਰਾਂ ਦੀ ਸਲਾਹ ਹੈ ਕਿ ਇਨ੍ਹਾਂ ਦਿਨਾਂ ਵਿੱਚ ਭੁੱਖੇ ਰਹਿਣਾ ਅਤੇ ਪੇਟ ਭਰ ਕੇ ਖਾਣਾ, ਦੋਵੇਂ ਹੀ ਗ਼ਲਤ ਹਨ। ਉਨ੍ਹਾਂ ਕਿਹਾ ਕਿਹਾ ਕਿ ਗਰਮੀ ’ਚ ਭੋਜਨ ਵੱਧ ਵਾਰ ਪਰ ਥੋੜ੍ਹੀ-ਥੋੜ੍ਹੀ ਮਾਤਰਾ ਵਿਚ ਲਿਆ ਜਾਵੇ। ਤਲੀਆਂ ਅਤੇ ਭਾਰੀ ਚੀਜ਼ਾਂ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।

Related Post