July 6, 2024 01:42:30
post

Jasbeer Singh

(Chief Editor)

Latest update

ਪਹਿਲੇ ਗੇੜ ਦੀਆਂ ਵੋਟਾਂ ਵਿੱਚ ‘ਇੰਡੀਆ’ ਗੱਠਜੋੜ ਅੱਗੇ: ਭਗਵੰਤ ਮਾਨ

post-img

ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਪਹਿਲੇ ਗੇੜ ਦੀਆਂ ਲੋਕ ਸਭਾ ਚੋਣਾਂ ਵਾਸਤੇ ਪਈਆਂ ਵੋਟਾਂ ਵਿੱਚ ਇੰਡੀਆ ਗਠਜੋੜ ਅੱਗੇ ਚੱਲ ਰਿਹਾ ਹੈ ਅਤੇ ਹਾਕਮ ਧਿਰ ਭਾਜਪਾ ਪਿੱਛੇ ਹੈ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰ ਵਿੱਚ ਵੀ ਤਬਦੀਲੀ ਆ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੋਣ ਪ੍ਰਚਾਰ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਗ੍ਰਿਫਤਾਰ ਕੀਤਾ ਗਿਆ। ਉਹ ਅੱਜ ਸ਼ਾਮ ਇੱਥੇ ‘ਆਪ’ ਦੇ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਵਾਸਤੇ ਪੁੱਜੇ ਸਨ। ਮੁੱਖ ਮੰਤਰੀ ਦੀ ਅਗਵਾਈ ਹੇਠ ਸ਼ਹਿਰ ਦੇ ਅੰਦਰੂਨੀ ਹਿੱਸੇ ਹਾਲ ਬਾਜ਼ਾਰ ਵਿੱਚ ਰੋਡ ਸ਼ੋਅ ਕੀਤਾ ਗਿਆ। ਉਨ੍ਹਾਂ ਆਖਿਆ ਕਿ ਇੰਡੀਆ ਗਠਜੋੜ ਦੀ ਜਿੱਤ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਦੇ ਸੁਰ ਵਿੱਚ ਵੀ ਤਬਦੀਲੀ ਆਈ ਹੈ। ਉਹ ਹੁਣ 400 ਪਾਰ ਦੀ ਥਾਂ ਸਥਿਰ ਸਰਕਾਰ ਦਾ ਨਾਅਰਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੰਗਲ ਸੂਤਰ ਤੇ ਨਾਂ ਤੇ ਵੋਟਾਂ ਮੰਗਣਾ ਸ਼ਰਮਨਾਕ ਹੈ। ਉਹਨਾਂ ਆਖਿਆ ਕਿ ਪੰਜਾਬ ਦੇ ਲੋਕ ਨਫਰਤ ਦੀ ਰਾਜਨੀਤੀ ਨੂੰ ਜਿੱਤਣ ਨਹੀਂ ਦੇਣਗੇ ਤੇ ਇਸ ਦਾ ਠੋਕਵਾਂ ਜਵਾਬ ਦੇਣਗੇ। ਉਹਨਾਂ ਨੇ ਲੋਕਾਂ ਨੂੰ ਆਪ ਦੇ ਹੱਕ ਵਿੱਚ ਭੁਗਤਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਵਾਰ 13-0 ਨਾਲ ਜਿੱਤ ਦਾ ਜਵਾਬ ਦਿੱਤਾ ਜਾਵੇ। ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਕੀਤਾ ਰੋਡ ਸ਼ੋਅ ਦਾ ਬਾਈਕਾਟ ਰੋਡ ਸ਼ੋਅ ਵਿੱਚ ਸ਼ਹਿਰ ਦੇ ਪੰਜ ਵਿਧਾਨ ਸਭਾ ਹਲਕਿਆਂ ਵਿੱਚੋਂ ਚਾਰ ਵਿਧਾਇਕ ਸ਼ਾਮਿਲ ਸਨ। ਜਦੋਂ ਕਿ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਰੋਡ ਸ਼ੋਅ ਵਿੱਚ ਸ਼ਾਮਿਲ ਨਹੀਂ ਸਨ। ਇਸ ਮਾਮਲੇ ਵਿੱਚ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਖਿਆ ਕਿ ਉਹਨਾਂ ਅੱਜ ਮੁੱਖ ਮੰਤਰੀ ਦੇ ਰੋਡ ਸ਼ੋਅ ਦਾ ਬਾਈਕਾਟ ਕੀਤਾ ਹੈ ਕਿਉਂਕਿ ਮੁੱਖ ਮੰਤਰੀ ਨੇ ਦੋ ਦਿਨ ਪਹਿਲਾਂ ਬਰਗਾੜੀ ਬੇਅਦਬੀ ਮਾਮਲੇ ਵਿੱਚ ਇੱਕ ਵਿਵਾਦਤ ਬਿਆਨ ਦਿੱਤਾ ਸੀ ਅਤੇ ਕਿਹਾ ਸੀ ਕਿ ਇਸ ਬਾਰੇ ਵਿਧਾਇਕ ਦੀ ਨਿੱਜੀ ਰਾਏ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਲੋਕ ਸਭਾ ਚੋਣ ਲੜ ਰਹੇ ਕੁਲਦੀਪ ਸਿੰਘ ਧਾਲੀਵਾਲ ਨੂੰ ਪੂਰਾ ਸਮਰਥਨ ਦੇਣਗੇ ਅਤੇ ਉਹ ਪਾਰਟੀ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ। ਗੁਰਦਾਸਪੁਰ ’ਚ ਸ਼ੈਰੀ ਕਲਸੀ ਦੇ ਹੱਕ ਵਿੱਚ ਕੀਤੀ ਰੈਲੀ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਕਲਸੀ ਉਰਫ਼ ਸ਼ੈਰੀ ਕਲਸੀ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਚੋਣਾਂ ਜਿੱਤ ਹਾਰ ਦੀਆਂ ਨਹੀਂ ਬਲਕਿ ਅਣਖ, ਆਬਰੂ ਅਤੇ ਲੋਕਤੰਤਰ ਨੂੰ ਬਚਾਉਣ ਦੀਆਂ ਹਨ। ਜੇ ਹੁਣ ਕਿਸੇ ਧਰਮ ਜਾਤੀ ਜਾਂ ਕਿਸੇ ਪਾਰਟੀ ਦੇ ਕੂੜ ਪ੍ਰਚਾਰ ਪਿੱਛੇ ਲੱਗ ਗਏ ਤਾਂ ਇਸ ਤੋਂ ਬਾਅਦ ਦੇਸ਼ ਵਿੱਚ ਕਦੀ ਵੋਟਾਂ ਨਹੀਂ ਪੈਣਗੀਆਂ ਅਤੇ ਤਾਨਾਸ਼ਾਹੀ ਚੱਲੇਗੀ। ਇਹ ਰੈਲੀ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਹਲਕਾ ਇੰਚਾਰਜ ਰਮਨ ਬਹਿਲ ਵੱਲੋਂ ਕਰਵਾਈ ਗਈ। ਭਗਵੰਤ ਮਾਨ ਨੇ ਕਿਹਾ ਕਿ 13 ਬਾਹਾਂ ਅਤੇ 13 ਜ਼ੁਬਾਨਾਂ ਮੈਨੂੰ ਦੇ ਦਿਓ, ਸੂਬੇ ਦੇ ਵਿਕਾਸ ਦੀ ਜ਼ਿੰਮੇਵਾਰੀ ਮੇਰੀ ਹੋਵੇਗੀ। ਢਾਈ ਕਿੱਲੋ ਦੇ ਹੱਥ ਵਾਲੇ ਪਿਛਲੇ ਸੰਸਦ ਮੈਂਬਰ ਸਨੀ ਦਿਓਲ ਨੇ ਹਲਕੇ ਦੇ ਲੋਕਾਂ ਨੂੰ ਮੂੰਹ ਤੱਕ ਨਹੀਂ ਵਿਖਾਇਆ। ਅਕਾਲੀ ਦਲ ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਖ਼ੁਦ ਨੂੰ ਕਿਸਾਨਾਂ ਦਾ ਹਮਦਰਦ ਕਹਿੰਦਾ ਰਿਹਾ ਪਰ ਉਨ੍ਹਾਂ ਨੂੰ ਕਿਸਾਨੀ ਫ਼ਸਲਾਂ ਨਾਲ ਜੁੜੀਆਂ ਮੁੱਢਲੀਆਂ ਗੱਲਾਂ ਦੀ ਜਾਣਕਾਰੀ ਨਹੀਂ। ਉਨ੍ਹਾਂ ਅਪੀਲ ਕੀਤੀ ਕਿ ਸ਼ੈਰੀ ਕਲਸੀ ਨੂੰ ਜਿਤਾ ਕੇ ਸੰਸਦ ਦੀਆਂ ਪੌੜੀਆਂ ਚੜ੍ਹਾਓ, ਦਸ ਸਾਲ ਦੇ ਘਾਟੇ ਪੂਰੇ ਕਰ ਦਿੱਤੇ ਜਾਣਗੇ। ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਦ ਲੋਕ ਸਭਾ ਵਿੱਚ ਰੌਲਾ ਪਾ ਕੇ ਹੱਕ ਲੈਣ ਦਾ ਤਜਰਬਾ ਹੈ ਅਤੇ ਸ਼ੈਰੀ ਕਲਸੀ ਨੂੰ ਸੰਸਦ ਦੀਆਂ ਘੁੰਡੀਆਂ ਸਿਖਾ ਦੇਣਗੇ। ਪੰਜਾਬ ਵਿੱਚ ਬਿਜਲੀ ਵਿਵਸਥਾ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਉਨ੍ਹਾਂ ਦੇ ਖੇਤਾਂ ਵਿੱਚ ਦਿਨ ਸਮੇਂ ਬਿਜਲੀ ਸਪਲਾਈ ਸ਼ੁਰੂ ਕੀਤੀ ਜਾ ਚੁੱਕੀ ਹੈ। ਹੁਣ ਪੰਜਾਬ ਕੋਲ ਤਿੰਨ ਥਰਮਲ ਪਲਾਂਟ ਹਨ ਅਤੇ ਮੁੰਬਈ ਨੂੰ ਰਾਤ ਸਮੇਂ ਬਿਜਲੀ ਵੇਚ ਕੇ 90 ਕਰੋੜ ਕਮਾਇਆ ਹੈ। ਇਸ ਤੋਂ ਪਹਿਲਾਂ ਸ਼ੈਰੀ ਕਲਸੀ ਵੱਲੋਂ ਕੀਤੇ ਜਾ ਰਹੇ ਸੰਬੋਧਨ ਮੌਕੇ ਕਿਸੇ ਯੂਨੀਅਨ ਨਾਲ ਸਬੰਧਿਤ ਇੱਕ ਵਿਅਕਤੀ ਪੁਲੀਸ ਦਾ ਸੁਰੱਖਿਆ ਘੇਰਾ ਤੋੜ ਕੇ ਸਟੇਜ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਿਆ ਜਿਸ ਨਾਲ ਥੋੜ੍ਹੀ ਦੇਰ ਅਫ਼ਰਾ ਤਫ਼ਰੀ ਰਹੀ। ਸਾਬਕਾ ਚੇਅਰਮੈਨ ਸਲਹੋਤਰਾ ਤੇ ਹੋਰ ਕਾਂਗਰਸੀ ਆਮ ਆਦਮੀ ਪਾਰਟੀ ’ਚ ਸ਼ਾਮਲ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਸ਼ੈਰੀ ਕਲਸੀ ਦੇ ਹੱਕ ਵਿੱਚ ਗੁਰਦਾਸਪੁਰ ਵਿੱਚ ਹੋਈ ਰੈਲੀ ਦੌਰਾਨ ਕਾਂਗਰਸੀ ਨੇਤਾ ਅਤੇ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਸਾਬਕਾ ਚੇਅਰਮੈਨ ਨੀਰਜ ਸਲਹੋਤਰਾ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦੇ ਨਾਲ ਕਾਂਗਰਸ ਨੇਤਾ ਬਲਵਿੰਦਰ ਸਿੰਘ ਭੋਲਾ, ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਨੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਲਿਆ। ਨੀਰਜ ਸਲਹੋਤਰਾ ਲੰਬਾ ਸਮਾਂ ਤਤਕਾਲੀ ਸੰਸਦ ਮੈਂਬਰ ਸੁਖਬੰਸ ਕੌਰ ਭਿੰਡਰ ਦੇ ਕਾਫ਼ੀ ਕਰੀਬੀ ਰਹੇ ਅਤੇ ਬਾਅਦ ਵਿੱਚ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਖੇਮੇ ਵਿੱਚ ਰਹੇ। ਇਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿਰੋਪੇ ਦੇ ਕੇ ਪਾਰਟੀ ਵਿੱਚ ਸ਼ਾਮਲ ਕਰਵਾਇਆ।

Related Post