
ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਤਹਿਤ ਚਾਹਵਾਨ ਪ੍ਰਾਰਥੀ 12 ਮਾਰਚ ਤੱਕ ਕਰ ਸਕਦੇ ਹਨ ਅਪਲਾਈ : ਜ਼ਿਲ੍ਹਾ ਰੋਜ਼ਗਾਰ ਅਫ਼ਸਰ
- by Jasbeer Singh
- February 27, 2025

ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਤਹਿਤ ਚਾਹਵਾਨ ਪ੍ਰਾਰਥੀ 12 ਮਾਰਚ ਤੱਕ ਕਰ ਸਕਦੇ ਹਨ ਅਪਲਾਈ : ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸੰਗਰੂਰ, 27 ਫਰਵਰੀ : ਭਾਰਤ ਸਰਕਾਰ ਦੇ ਮੰਤਰਾਲੇ ਕਾਰਪੋਰੇਟ ਅਫੇਅਰਜ਼ ਵੱਲੋਂ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਦੇ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਉਪਲਬਧ ਕਰਵਾਉਣ ਅਤੇ ਉਨ੍ਹਾਂ ਦੇ ਹੁਨਰ ਵਿਕਾਸ ਲਈ ਇੱਕ ਵਿਸ਼ੇਸ਼ ਇੰਟਰਨਸ਼ਿਪ ਸਕੀਮ ਸ਼ੁਰੂ ਕੀਤੀ ਗਈ ਹੈ । ਇਸ ਸਬੰਧੀ ਸ੍ਰੀਮਤੀ ਸਿੰਪੀ ਸਿੰਗਲਾ ਜਿਲ੍ਹਾ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸੰਗਰੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਪ੍ਰਾਰਥੀਆਂ ਦੀ ਉਮਰ 21 ਤੋਂ 24 ਸਾਲ ਹੈ ਅਤੇ ਜੋ ਪ੍ਰਾਰਥੀ ਪੂਰੇ ਸਮੇਂ ਦੀ ਨਾ ਤਾਂ ਨੌਕਰੀ ਕਰ ਰਹੇ ਹੋਣ ਅਤੇ ਨਾ ਹੀ ਪੂਰੇ ਸਮੇਂ ਲਈ ਪੜਾਈ ਕਰ ਰਹੇ ਹੋਣ, ਉਹ ਇਸ ਇੰਟਰਨਸਿਪ ਯੋਜਨਾ ਅਧੀਨ ਬਿਨੈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਇੰਟਰਨਸ਼ਿਪ ਲਈ ਚੁਣੇ ਗਏ ਪ੍ਰਾਰਥੀਆਂ ਨੂੰ ਮਹੀਨਾਵਾਰ 5000 ਭੱਤਾ ਅਤੇ ₹6000 ਦਾ ਇੱਕ ਵਾਰੀ ਮਿਲਣ ਵਾਲਾ ਅਨੁਦਾਨ ਦਿੱਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਕਾਰ ਇੰਟਰਨਸ਼ਿਪ ਕਰਨ ਵਾਲੇ ਨੌਜਵਾਨਾਂ ਨੂੰ “ਪੀਐਮ ਜੀਵਨ ਜਯੋਤੀ ਬੀਮਾ ਯੋਜਨਾ” ਅਤੇ “ਪੀਐਮ ਸੁਰੱਖਿਆ ਬੀਮਾ ਯੋਜਨਾ” ਦੇ ਤਹਿਤ ਬੀਮਾ ਸਹੂਲਤ ਵੀ ਪ੍ਰਦਾਨ ਕਰੇਗੀ, ਜਿਸ ਦੀ ਪ੍ਰੀਮੀਅਮ ਰਕਮ ਕੇਂਦਰ ਸਰਕਾਰ ਵਲੋਂ ਦਿੱਤੀ ਜਾਵੇਗੀ । ਇਸ ਯੋਜਨਾ ਤਹਿਤ ਜਿਨ੍ਹਾਂ ਪ੍ਰਾਰਥੀਆਂ ਦੀ ਪਰਿਵਾਰਕ ਸਲਾਨਾ ਆਮਦਨ 8 ਲੱਖ ਤੋਂ ਘੱਟ ਹੈ, ਉਹ ਇਸ ਯੋਜਨਾ ਤਹਿਤ ਬਿਨੈ ਕਰ ਸਕਦੇ ਹਨ । ਇਸ ਯੋਜਨਾ ਵਿੱਚ ਭਾਗ ਲੈਣ ਲਈ ਚਾਹਵਾਨ ਪ੍ਰਾਰਥੀ ਆਨਲਾਈਨ ਪੋਰਟਲ https://pminternship.mca.gov.in/login/ ਤੇ ਆਪਣੀ ਰਜਿਸਟਰੇਸ਼ਨ ਕਰ ਸਕਦੇ ਹਨ। ਇਸ ਯੋਜਨਾ ਲਈ ਬਿਨੈ ਕਰਨ ਦੀ ਆਖਰੀ ਮਿਤੀ 12-03-2025 ਹੈ । ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਕਿਸੇ ਵੀ ਕੰਮ ਵਾਲੇ ਦਿਨ ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਨੇੜੇ ਸੇਵਾ ਕੇਂਦਰ, ਡੀ.ਸੀ ਦਫਤਰ, ਸੰਗਰੂਰ ਵਿਖੇ ਸੰਪਰਕ ਕਰ ਸਕਦੇ ਹਨ ।