go to login
post

Jasbeer Singh

(Chief Editor)

National

ਨੀਟ-ਯੂਜੀ ਵਿਵਾਦ: ਗਰੇਸ ਨੰਬਰਾਂ ਦੀ ਨਜ਼ਰਸਾਨੀ ਲਈ ਚਾਰ ਮੈਂਬਰੀ ਕਮੇਟੀ ਕਾਇਮ

post-img

ਨੀਟ-ਯੂਜੀ ਮੈਡੀਕਲ ਦਾਖ਼ਲਾ ਪ੍ਰੀਖਿਆ ’ਚ ਨੰਬਰਾਂ ਦੀ ਗੜਬੜ ਦੇ ਦੋਸ਼ਾਂ ਦਰਮਿਆਨ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਸ਼ਨਿਚਰਵਾਰ ਨੂੰ ਐਲਾਨ ਕੀਤਾ ਕਿ 1500 ਤੋਂ ਜ਼ਿਆਦਾ ਉਮੀਦਵਾਰਾਂ ਨੂੰ ਗਰੇਸ ਨੰਬਰ ਦੇਣ ਦੀ ਨਜ਼ਰਸਾਨੀ ਕਰਨ ਲਈ ਸਿੱਖਿਆ ਮੰਤਰਾਲੇ ਨੇ ਚਾਰ ਮੈਂਬਰੀ ਕਮੇਟੀ ਬਣਾਈ ਹੈ। ਐੱਨਟੀਏ ਦੇ ਡਾਇਰੈਕਟਰ ਜਨਰਲ ਸੁਬੋਧ ਕੁਮਾਰ ਸਿੰਘ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਚਾਰ ਮੈਂਬਰੀ ਕਮੇਟੀ ਯੂਪੀਐੱਸਸੀ ਦੇ ਸਾਬਕਾ ਚੇਅਰਮੈਨ ਦੀ ਅਗਵਾਈ ਹੇਠ ਬਣਾਈ ਗਈ ਹੈ ਜੋ ਆਪਣੀਆਂ ਸਿਫ਼ਾਰਿਸ਼ਾਂ ਇਕ ਹਫ਼ਤੇ ਦੇ ਅੰਦਰ ਦੇਵੇਗੀ ਅਤੇ ਇਨ੍ਹਾਂ 1500 ਉਮੀਦਵਾਰਾਂ ਦੇ ਨਤੀਜੇ ਮੁੜ ਨਿਰਧਾਰਿਤ (ਰੀਵਾਈਜ਼) ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਗਰੇਸ ਨੰਬਰ ਦੇਣ ਨਾਲ ਪ੍ਰੀਖਿਆ ਯੋਗਤਾ ਮਾਪਦੰਡ ਅਤੇ ਪ੍ਰਭਾਵਿਤ ਉਮੀਦਵਾਰਾਂ ਦੇ ਨਤੀਜਿਆਂ ਦੀ ਨਜ਼ਰਸਾਨੀ ਨਾਲ ਦਾਖ਼ਲਾ ਪ੍ਰਕਿਰਿਆ ’ਤੇ ਕੋਈ ਅਸਰ ਨਹੀਂ ਪਵੇਗਾ। ਕੁਝ ਖਾਸ ਵਿਦਿਆਰਥੀਆਂ ਲਈ ਮੁੜ ਤੋਂ ਪ੍ਰੀਖਿਆ ਕਰਾਉਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਕਮੇਟੀ ਦੀਆਂ ਸਿਫ਼ਾਰਿਸ਼ਾਂ ਮਗਰੋਂ ਇਸ ਬਾਰੇ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਪੇਪਰ ਲੀਕ ਅਤੇ ਪ੍ਰੀਖਿਆ ’ਚ ਕਿਸੇ ਗੜਬੜੀ ਤੋਂ ਇਨਕਾਰ ਕੀਤਾ। ਐੱਨਟੀਏ ਨੇ ਕਿਸੇ ਬੇਨਿਯਮੀ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਐੱਨਸੀਈਆਰਟੀ ਦੀਆਂ ਕਿਤਾਬਾਂ ’ਚ ਬਦਲਾਅ ਅਤੇ ਪ੍ਰੀਖਿਆ ਕੇਂਦਰਾਂ ’ਚ ਕਿਸੇ ਕਾਰਨ ਦੇਰੀ ਹੋਣ ਕਰਕੇ ਵਿਦਿਆਰਥੀਆਂ ਨੂੰ ਗਰੇਸ ਨੰਬਰ ਦਿੱਤੇ ਗਏ ਸਨ। ਇਸ ਕਾਰਨ ਉਹ ਜ਼ਿਆਦਾ ਨੰਬਰ ਲੈਣ ’ਚ ਕਾਮਯਾਬ ਰਹੇ। ਇਸ ਮੁੱਦੇ ’ਤੇ ਸਿਆਸਤ ਨੇ ਵੀ ਜ਼ੋਰ ਫੜ ਲਿਆ ਹੈ ਅਤੇ ‘ਆਪ’ ਆਗੂ ਜੈਸਮਿਨ ਸ਼ਾਹ ਨੇ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਸਿਟ ਜਾਂਚ ਦੀ ਮੰਗ ਕੀਤੀ ਹੈ। ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਪੇਪਰ ਲੀਕ ਅਤੇ ਭ੍ਰਿਸ਼ਟਾਚਾਰ ਕਈ ਪ੍ਰੀਖਿਆਵਾਂ ਦਾ ਅਟੁੱਟ ਅੰਗ ਬਣ ਗਿਆ ਹੈ। ਪਾਰਟੀ ਨੇ ਭਾਜਪਾ ’ਤੇ ਨੌਜਵਾਨਾਂ ਨਾਲ ਧੋਖਾ ਕਰਨ ਅਤੇ ਉਨ੍ਹਾਂ ਦੇ ਭਵਿੱਖ ਨਾਲ ਖੇਡਣ ਦੇ ਦੋਸ਼ ਲਾਏ ਹਨ। ਕਈ ਹਲਕਿਆਂ ਤੋਂ ਪ੍ਰੀਖਿਆ ਦੁਬਾਰਾ ਲੈਣ ਦੀ ਮੰਗ ਉੱਠੀ ਸੀ ਕਿਉਂਕਿ ਦੋਸ਼ ਲਾਏ ਗਏ ਸਨ ਕਿ ਛੇ ਪ੍ਰੀਖਿਆ ਕੇਂਦਰਾਂ ’ਚ ਦੇਰੀ ਕਾਰਨ ਗਰੇਸ ਨੰਬਰ ਦਿੱਤੇ ਗਏ ਜਿਸ ਕਾਰਨ ਹੋਰ ਉਮੀਦਵਾਰਾਂ ਦੇ ਨੰਬਰਾਂ ’ਚ ਛੇੜਖਾਣੀ ਦੇ ਮੌਕੇ ਬਣ ਗਏ। ਇਹ ਕੇਂਦਰ ਚੰਡੀਗੜ੍ਹ, ਬਹਾਦਰਗੜ੍ਹ (ਹਰਿਆਣਾ), ਸੂਰਤ, ਦਾਂਤੇਵਾੜਾ ਅਤੇ ਬਲੋਧ (ਛੱਤੀਸਗੜ੍ਹ) ’ਚ ਹਨ। ਮੈਡੀਕਲ ਦਾਖ਼ਲਾ ਪ੍ਰੀਖਿਆ ਦਾ ਨਤੀਜਾ 4 ਜੂਨ ਨੂੰ ਐਲਾਨਿਆ ਗਿਆ ਸੀ।

Related Post