
2002 ਤੋਂ ਸਾਡੇ ਨਾਮ ਹਨ ਜਮੀਨ ਦੀਆਂ ਰਜਿਸਟਰੀਆਂ ਤੇ ਇੰਤਕਾਲ ਪਰ ਸਾਡੇ ਨਾਲ ਫਿਰ ਵੀ ਧਕਾ ਹੋ ਰਿਹਾ ਹੈ : ਕਿਸਾਨ
- by Jasbeer Singh
- June 27, 2025

2002 ਤੋਂ ਸਾਡੇ ਨਾਮ ਹਨ ਜਮੀਨ ਦੀਆਂ ਰਜਿਸਟਰੀਆਂ ਤੇ ਇੰਤਕਾਲ ਪਰ ਸਾਡੇ ਨਾਲ ਫਿਰ ਵੀ ਧਕਾ ਹੋ ਰਿਹਾ ਹੈ : ਕਿਸਾਨ - ਕਿਸਾਨਾਂ ਨੇ ਮੁੱਖ ਮੰਤਰੀ ਨੂੰ ਕੀਤੀ ਅਪੀਲ, ਸਾਨੂੰ ਮਿਲੇ ਇਨਸਾਫ - ਵਾਰੰਟ ਪੁਰਾਣੇ ਮਾਲਕ ਦੇ ਨਾਮ ਸਨ, ਸਾਡੇ ਨਾਮ ਕੁੱਝ ਵੀ ਨਹੀ ਪਟਿਆਲਾ, 27 ਜੂਨ : ਮਰਦਾਂਹੇੜੀ ਪੰਚਾਇਤੀ ਜਮੀਨ ਨੂੰ ਲੈ ਕੇ ਅੱਜ ਇਸ ਉਪਰ ਕਾਬਜ ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਆਤਮਾ ਸਿੰਘ, ਜਸਪਾਲ ਸਿੰਘ ਅਤੇ ਹੋਰਨਾਂ ਨੇ ਆਖਿਆ ਕਿ ਇਹ ਜਮੀਨ 12 ਫਰਵਰੀ 2002 ਤੋਂ ਉਨਾ ਨੇ ਖਰੀਦੀ ਹੋਈ ਹੈ ਅਤੇ ਇਸ ਉਪਰ ਉਹ ਕਾਸ਼ਤ ਕਰ ਰਹੇ ਹਨ ਪਰ ਫਿਰ ਵੀ ਸਾਡੇ ਨਾਲ ਵਿਭਾਗ ਵੱਲੋ ਧਕਾ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਨਾ ਨੂੰ ਇਸ ਮਾਮਲੇ ਵਿਚ ਇਨਸਾਫ ਦਿੱਤਾ ਜਾਵੇ। ਦੋਹਾਂ ਕਿਸਾਨਾਂ ਅਤੇ ਕਿਸਾਨ ਨੇਤਾ ਜਥੇਦਾਰ ਬੂਟਾ ਸਿੰਘ ਸ਼ਾਦੀਪੁਰ ਆਖਿਆ ਕਿ 2002 ਤੋਂ ਰਜਿਸਟਰੀਆਂ ਕਰਵਾਉਣ ਤੋ ਬਾਅਦ ਹੀ ਇਹ ਜਮੀਨ ਸਾਡੇ ਕਬਜੇ ਵਿਚ ਹੈ। ਇਸਦੀਆਂ ਰਜਿਸਟਰੀਆਂ ਇਥੋ ਤੱਕ ਕਿ ਇਸਦਾ ਇੰਤਕਾਲ, ਗਿਰਦਾਵਰੀਆਂ, ਬਿਜਲੀ ਕੁਨੈਕਸ਼ਨ, ਮੋਟਰ ਕੁਨੈਕਸ਼ਨ ਸਭ ਕੁੱਝ ਸਾਡੇ ਨਾਮ ਹਨ ਤੇ ਅਸੀ ਪਿਛਲੇ 23 ਸਾਲਾਂ ਤੋਂ ਇਸਨੂੰ ਵਾਹ ਰਹੇ ਹਾਂ। ਮੌਜੂਦ ਕਿਸਾਨਾਂ ਦਾ ਕਹਿਣਾ ਹੈ ਕਿ ਵਿਭਾਗ ਦੇ ਅਧਿਕਾਰੀ ਜਿਹੜੇ ਵੀ ਵਾਰੰਟ ਲੈ ਕੇ ਆਏ ਹਨ, ਉਹ 2002 ਤੋਂ ਪਹਿਲੇ ਮਾਲਕ ਦੇ ਨਾਮ ਹਨ। ਜਦੋ ਕਿ ਇਹ ਜਮੀਨ ਹੁਣ ਸਾਡੇ ਕੋਲ ਹੈ ਜਾਂ ਤਾ ਵਿਭਾਗ ਸਾਡੇ ਨਾਮ 'ਤੇ ਕਬਜਾ ਵਾਰੰਟ ਲੈ ਕੇ ਆਵੇ ਨਹੀ ਤਾਂ ਸਾਡੇ ਨਾਲ ਧਕਾ ਨਾ ਕਰੇ।