
ਪੀ. ਪੀ. ਸੀ. ਬੀ. ਟੀਮ ਨੇ ਪਟਿਆਲਾ ਦੇ ਦੀਪ ਨਗਰ ਵਿਖੇ ਮਾਰੀ ਰੇਡ
- by Jasbeer Singh
- January 8, 2025

ਪੀ. ਪੀ. ਸੀ. ਬੀ. ਟੀਮ ਨੇ ਪਟਿਆਲਾ ਦੇ ਦੀਪ ਨਗਰ ਵਿਖੇ ਮਾਰੀ ਰੇਡ - ਇਕ ਟਨ ਦੇ ਕਰੀਬ ਚਾਈਨਾ ਡੋਰ ਬਰਾਮਦ : 17 ਸਾਲਾਂ ਲੜਕਾ ਵੀ ਵੇਚ ਰਿਹਾ ਸੀ ਚਾਈਨਾ ਡੋਰ ਪਟਿਆਲਾ : ਅੱਜ ਖੂਨੀ ਚਾਈਨਾ ਡੋਰ 'ਤੇ ਲਗਾਈ ਪਾਬੰਦੀ ਤਹਿਤ ਅੱਜ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਪਟਿਆਲਾ ਦੇ ਭਾਦਸੋਂ ਰੋਡ ਵਿਖੇ ਬਣੇ ਦੀਪ ਨਗਰ ਵਿਖੇ ਇਕ ਘਰ ਦੀ ਚੈਕਿੰਗ ਦੌਰਾਨ ਜਿਥੇ ਚਾਈਨਾ ਡੋਰ ਦੇ 12 ਗੱਟੇ ਬਰਾਮਦ ਕੀਤੇ, ਉੱਥੇ ਦੀਪ ਨਗਰ ਅਤੇ ਮੈਸਰਜ ਸੋਨੂੰ ਪਤੰਗਾਂ ਨਾਮ ਦੀ ਇੱਕ ਦੁਕਾਨ ਵਿਖੇ ਚਾਈਨਾ ਡੋਰ ਵੇਚਦੀ ਪਾਈ ਗਈ, ਜਿਸਤੋ ਸੁਰੂ ਵਿੱਚ 3 ਗੱਟੂ (ਚਾਈਨਾ ਡੋਰ ਦਾ ਰੋਲ) ਜਬਤ ਕੀਤਾ ਗਿਆ ਪਰ ਜਦੋਂ ਬਾਅਦ ਵਿਚ ਉਸਦੇ ਘਰ ਦੀ ਤਲਾਸ਼ੀ ਲਈ ਤਾਂ ਉਸ ਕੋਲੋ ਚਾਈਨਾ ਡੋਰ ਦੇ 330 ਗਟੇ ਕਰੀਬ 1 ਟਨ ਚਾਈਨਾ ਡੋਰ ਬਰਾਮਦ ਹੋਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੀਪ ਨਗਰ ਵਿੱਚ ਰਹਿਣ ਵਾਲਾ ਇੱਕ 17 ਸਾਲ ਦਾ ਲੜਕਾ ਵੀ ਚਾਈਨਾ ਡੋਰ ਵੇਚਣ ਦਾ ਧੰਦਾ ਕਰਦਾ ਹੈ, ਜਿਸ ਤੋਂ ਵਾਤਾਵਰਣ ਇੰਜੀਨਅਰ ਦੀ ਟੀਮ ਨੇ ਉਕਤ ਲੜਕੇ ਦੇ ਘਰ ਦੀ ਚੈਕਿੰਗ ਕਰਕੇ ਅੱਜ 12 ਗੱਟੇ ਜਬਤ ਕੀਤੇ ਹਨ, ਜਿਸ ਤੋ ਪੁਛਗਿਛ ਕਰਨ 'ਤੇ ਮੁੜ ਲੜਕੇ ਨੇ ਦੱਸਿਆ ਕਿ ਉਸ ਨੇ ਸੋਨੂੰ ਪਤੰਗਾਂ ਤੋਂ ਗੱਟੂ ਖਰੀਦੇ ਹਨ ਅਤੇ ਇਹ ਵੀ ਦੱਸਿਆ ਕਿ ਸੋਨੂੰ ਦੇ ਘਰ ਕਈ ਗੱਟੂ ਰੱਖੇ ਹੋਏ ਹਨ । ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਟੀਮ ਨੇ ਦੀਪ ਨਗਰ ਸਥਿਤ ਸੋਨੂੰ ਦੇ ਘਰ ਜਾ ਕੇ ਦੇਖਿਆ ਤਾਂ ਉਸ ਦੇ ਘਰ ਦੇ ਗੇਟ ਨੂੰ ਤਾਲਾ ਲੱਗਾ ਹੋਇਆ ਸੀ । ਇਸ ਤੋਂ ਬਾਅਦ ਮਾਮਲੇ ਵਿੱਚ ਹੋਰ ਸਹਾਇਤਾ ਲਈ ਐਸਐਚਓ ਤ੍ਰਿਪੜੀ ਨਾਲ ਸੰਪਰਕ ਕੀਤਾ ਗਿਆ । ਇਸ ਦੇ ਨਾਲ ਹੀ ਵਾਤਾਵਰਣ ਇੰਜੀਨਅਰ ਪਟਿਆਲਾ ਖੇਤਰੀ ਦਫਤਰ, ਪਟਿਆਲਾ ਅਤੇ ਜੋਨਲ ਦਫਤਰ-1, ਪਟਿਆਲਾ ਵੀ ਰਾਤ 9 ਵਜੇ ਦੇ ਕਰੀਬ ਮੌਕੇ 'ਤੇ ਪਹੁੰਚ ਗਏ ਅਤੇ ਪੁਲਿਸ ਟੀਮ ਸਮੇਤ ਘਰ ਦੀ ਤਲਾਸੀ ਲਈ ਗਈ । ਤਲਾਸੀ ਲੈਣ 'ਤੇ ਸੋਨੂੰ ਕੁਮਾਰ ਦੇ ਘਰੋਂ ਕਰੀਬ 330 ਗੱਟੇ ਲਗਭਗ 1 ਟਨ ਚਾਈਨਾ ਡੋਰ ਬਰਾਮਦ ਹੋਈ ਅਤੇ ਉਨ੍ਹਾਂ ਨੂੰ ਜਬਤ ਕਰ ਲਿਆ ਗਿਆ । ਉਨ੍ਹਾਂ ਦੱਸਿਆ ਕਿ ਸੋਨੂੰ ਪਤੰਗਾਂ ਦੇ ਮਾਲਕ ਸੋਨੂੰ ਕੁਮਾਰ ਨੂੰ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਚਾਈਨਾ ਡੋਰ ਦੇ ਸਪਲਾਇਰ ਦੇ ਸਰੋਤ ਅਤੇ ਚਾਈਨਾ ਡੋਰ ਦੇ ਵਪਾਰ/ਵੇਚਣ/ਵਰਤੋਂ ਵਿੱਚ ਸਾਮਲ ਏਜੰਟਾਂ ਦਾ ਹੋਰ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ । ਪੀ. ਪੀ. ਸੀ. ਬੀ. ਦੇ ਚੇਅਰਮੈਨ ਅਤੇ ਮੈਂਬਰ ਸਕੱਤਰ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਦੋਸੀਆਂ ਦੀ ਤੁਰੰਤ ਸੂਚਨਾ ਦੇਣ ਤਾਂ ਜੋ ਅਸੀਂ ਕਾਨੂੰਨ ਅਨੁਸਾਰ ਕਾਰਵਾਈ ਕਰ ਸਕੀਏ ।