July 6, 2024 01:20:11
post

Jasbeer Singh

(Chief Editor)

Patiala News

ਪਟਿਆਲਾ: ਤਿੰਨ ਵਾਰ ਲੱਖ ਤੇ ਪੰਜ ਵਾਰ 50 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹੋਈ ਹਾਰ-ਜਿੱਤ

post-img

ਇਥੇ ਪਟਿਆਲਾ ਲੋਕ ਸਭਾ ਹਲਕੇ ਵਿੱਚ ਹੁਣ ਤੱਕ ਦੀਆਂ 16 ਚੋਣਾਂ ਵਿੱਚੋਂ 3 ਅਜਿਹੀਆਂ ਰਹੀਆਂ, ਜਿਸ ਦੌਰਾਨ ਜੇਤੂ ਲੀਡ ਲੱਖ ਤੋਂ ਵੀ ਉਪਰ ਰਹੀ। ਪੰਜ ਉਮੀਦਵਾਰ ਅਜਿਹੇ ਸਨ ਜਿਨ੍ਹਾਂ ਨੂੰ ਪੰਜਾਹ ਹਜ਼ਾਰ ਤੋਂ ਵੀ ਵੱਧ ਵੋਟਾਂ ਦੀ ਲੀਡ ਮਿਲੀ। ਪੰਜ ਚੋਣਾਂ ’ਚ ਜ਼ਬਰਦਸਤ ਮੁਕਾਬਲੇ ਵੀ ਰਹੇ। ਇੱਕ ਲੱਖ ਤੋਂ ਉਪਰ ਵੋਟਾਂ ਦੀ ਲੀਡ ਹਾਸਲ ਕਰਨ ਵਾਲ਼ਿਆਂ ਵਿਚੋਂ ਦੋ ਤਾਂ ਸੱਸ ਨੂੰਹਾਂ ਹੀ ਹਨ। ਜਿਨ੍ਹਾਂ ਵਿੱਚੋਂ ਪ੍ਰਨੀਤ ਕੌਰ ਨੇ 2019 ’ਚ 1,62,718 ਵੋਟਾਂ ਅਤੇ 1967 ’ਚ ਉਨ੍ਹਾਂ ਦੀ ਸੱਸ ਮਹਿੰਦਰ ਕੌਰ ਨੇ 1,10,110 ਵੋਟਾਂ ਦੀ ਲੀਡ ਪ੍ਰਾਪਤ ਕੀਤੀ ਸੀ। ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਕਾਂਗਰਸ ਦੇ ਸੰਤ ਰਾਮ ਸਿੰਗਲਾ ਵੀ ਜਿੱਤੇ। ਉਨ੍ਹਾਂ ਨੇ 1992 ’ਚ 1,03,776 ਵੋਟਾਂ ਦੀ ਜੇਤੂ ਲੀਡ ਲਈ ਪਰ ਉਦੋਂ ਅਕਾਲੀ ਦਲ ਦਾ ਬਾਈਕਾਟ ਹੋਣ ਕਰਕੇ ਇਹ ਨਿਵੇਕਲੀ ਕਿਸਮ ਦੀ ਚੋਣ ਰਹੀ। ਇੱਥੋਂ ਸਭ ਤੋਂ ਵੱਧ ਵੋਟਾਂ ਦੀ ਲੀਡ ਨਾਲ ਪ੍ਰਨੀਤ ਕੌਰ ਜੇਤੂ ਰਹੇ ਹਨ। ਉਹ ਇੱਥੋਂ ਚਾਰ ਵਾਰ ਜਿੱਤਣ ਵਾਲੇ ਇਕਲੌਤੇ ਨੇਤਾ ਹਨ। ਉਨ੍ਹਾਂ 2019 ਦੀਆਂ ਚੋਣਾਂ ’ਚ 5,22,027 ਵੋਟਾਂ ਹਾਸਲ ਕਰਕੇ ਅਕਾਲੀ ਦਲ ਦੇ ਸੁਰਜੀਤ ਰੱਖੜਾ ਨੂੰ ਹਰਾਇਆ ਸੀ। ਇੱਥੋਂ ਜਿਹੜੀਆਂ ਚੋਣਾਂ ਦੌਰਾਨ ਪੰਜਾਹ ਹਜ਼ਾਰ ਤੋਂ ਵੀ ਵੱਧ ਵੋਟਾਂ ਦਾ ਫਰਕ ਰਿਹਾ, ਉਨ੍ਹਾਂ ’ਚ 2009 ਦੌਰਾਨ ਪ੍ਰਨੀਤ ਕੌਰ ਨੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ 97,389 ਵੋਟਾਂ ਦੇ ਫਰਕ ਨਾਲ ਹਰਾਇਆ ਸੀ। 1999 ’ਚ ਵੀ ਪ੍ਰਨੀਤ ਕੌਰ, ਸੁਰਜੀਤ ਰੱਖੜਾ ਨੂੰ 78,908 ਵੋਟਾਂ ਨਾਲ ਹਰਾਇਆ ਸੀ। 1989 ਵਿੱਚ ਆਜ਼ਾਦ ਉਮੀਦਵਾਰ ਅਤਿੰਦਰਪਾਲ ਸਿੰਘ ਨੇ 81,260 ਵੋਟਾਂ ਦੇ ਫਰਕ ਨਾਲ਼ ਚੋਣ ਜਿੱਤੀ ਸੀ। 1977 ਵਿੱਚ ਗੁਰਚਰਨ ਸਿੰਘ ਟੌਹੜਾ ਨੇ 90,371 ਵੋਟਾਂ ਦੇ ਫਰਕ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਇਆ ਸੀ। 1980 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਕਾਲੀ ਦਲ ਦੇ ਅਜੀਤ ਸਿੰਘ ਨੂੰ 78,979 ਦੇ ਫਰਕ ਨਾਲ ਹਰਾਇਆ ਸੀ।ਸਭ ਤੋਂ ਫਸਵਾਂ ਮੁਕਾਬਲਾ 1962 ’ਚ ਹੋਇਆ। ਇਸ ਦੌਰਾਨ ਕਾਂਗਰਸ ਦੇ ਹੁਕਮ ਸਿੰਘ ਨੇ 1,55,452 ਵੋਟਾਂ ਪ੍ਰਾਪਤ ਕਰਦਿਆਂ ਅਕਾਲੀ ਉਮੀਦਵਾਰ ਗੁਰਦਿਆਲ ਸਿੰਘ ਨੂੰ 10,086 ਵੋਟਾਂ ਦੇ ਸਭ ਤੋਂ ਘੱਟ ਫਰਕ ਨਾਲ ਹਰਾਇਆ ਸੀ। 1985 ਵਿੱਚ ਅਕਾਲੀ ਉਮੀਦਵਾਰ ਚਰਨਜੀਤ ਵਾਲੀਆ ਨੇ 20268 ਵੋਟਾਂ ਦੇ ਘੱਟ ਫਰਕ ਕਾਂਗਰਸ ਦੀ ਬੀਬਾ ਅਮਰਜੀਤ ਕੌਰ ਨੂੰ ਹਰਾਇਆ ਸੀ। 2014 ਦੌਰਾਨ ਡਾ. ਧਰਮਵੀਰ ਗਾਂਧੀ ਨੇ ਪ੍ਰਨੀਤ ਕੌਰ ਨੂੰ 20,942 ਵੋਟਾਂ ਦੇ ਫਰਕ ਨਾਲ ਹਰਾਇਆ ਸੀ। 2004 ਵਿੱਚ ਪ੍ਰਨੀਤ ਕੌਰ ਨੇ ਕੈਪਟਨ ਕੰਵਲਜੀਤ ਸਿੰਘ ਨੂੰ 23,667 ਵੋਟਾਂ ਨਾਲ ਹਰਾਇਆ ਸੀ। 1998 ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ 33,251 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਦੋ ਵਾਰ ਤਾਂ ਇੱਥੋਂ ਦੇ ਵੋਟਰ ਸੂਬੇ ਵਿਚਲੀ ਹਨੇਰੀ ਤੋਂ ਵੀ ਪ੍ਰਭਾਵਿਤ ਰਹੇ। ਅਤਿੰਦਰਪਾਲ ਸਿੰਘ (1989) ਅਤੇ ਡਾ. ਧਰਮਵੀਰ ਗਾਂਧੀ (2014) ਦੀਆਂ ਚੋਣਾਂ ਇਸ ਦੀਆਂ ਸਪੱਸ਼ਟ ਉਦਾਹਰਣਾਂ ਹਨ।

Related Post