post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਨੇ ਕਰਵਾਇਆ 'ਮੋਢੀਮੁਖੀ ਦਿਵਸ' ਅਤੇ ਸਨਮਾਨ ਸਮਾਗਮ

post-img

ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਨੇ ਕਰਵਾਇਆ 'ਮੋਢੀਮੁਖੀ ਦਿਵਸ' ਅਤੇ ਸਨਮਾਨ ਸਮਾਗਮ -ਡਾ. ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਵਾਂਗ ਸ਼ਖ਼ਸੀਅਤ ਦਾ ਬਹੁਮੁਖੀ ਹੋਣਾ ਬਹੁਤ ਜ਼ਰੂਰੀ: ਡਾ. ਜਗਦੀਪ ਸਿੰਘ ਪਟਿਆਲਾ, 2 ਜੁਲਾਈ : "ਸ਼ਖ਼ਸੀਅਤ ਦਾ ਬਹੁਮੁਖੀ ਹੋਣਾ ਬਹੁਤ ਜ਼ਰੂਰੀ ਹੈ। ਗਿਆਨ ਦੇ ਸਿਰਫ਼ ਇੱਕੋ ਖੇਤਰ ਤੱਕ ਸੀਮਿਤ ਰਹਿਣ ਨਾਲ਼ ਸ਼ਖ਼ਸੀਅਤ ਦਾ ਸਰਬਪੱਖੀ ਵਿਕਾਸ ਨਹੀਂ ਹੁੰਦਾ।" ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਪਹਿਲੇ ਮੁਖੀ ਵਿਭਾਗ ਮੁਖੀ ਡਾ. ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਨਮਿਤ ਕਰਵਾਏ 'ਮੋਢੀਮੁਖੀ ਦਿਵਸ' ਅਤੇ ਸਨਮਾਨ ਸਮਾਗਮ ਮੌਕੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰਗਟਾਏ। ਡਾ. ਪ੍ਰੇਮ ਪ੍ਰਕਾਸ਼ ਸਿੰਘ ਦੀ ਸ਼ਖ਼ਸੀਅਤ ਦੇ ਹਵਾਲੇ ਨਾਲ਼ ਇਹ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਬਹੁਤ ਸਾਰੀਆਂ ਭਾਸ਼ਾਵਾਂ ਦੇ ਗਿਆਤਾ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸ਼ਖ਼ਸੀਅਤ ਦੇ ਇਸ ਗੁਣ ਦਾ ਲਾਭ ਪੰਜਾਬੀ ਭਾਸ਼ਾ ਨੂੰ ਹੋਇਆ। ਉਨ੍ਹਾਂ ਪੰਜਾਬੀ ਵਿਭਾਗ ਦੇ ਇਸ 'ਮੋਢੀ ਮੁਖੀ ਸਮਾਗਮ' ਨਾਮਕ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਵਿਭਾਗ ਨੇ ਯੂਨੀਵਰਸਿਟੀ ਵਿੱਚ ਇਹ ਨਵੀਂ ਅਤੇ ਚੰਗੀ ਪਰੰਪਰਾ ਦਾ ਆਰੰਭ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਅਕਾਦਮਿਕ ਪੁਰਖਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਨਾਲ਼ੋ-ਨਾਲ਼ ਆਪੋ ਆਪਣੇ ਅਕਾਦਮਿਕ ਖੇਤਰਾਂ ਵਿੱਚ ਪਾਏਦਾਰ ਕੰਮ ਕਰ ਕੇ ਉਨ੍ਹਾਂ ਵੱਲੋਂ ਲਏ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਵੀ ਯੋਗਦਾਨ ਪਾਉਣਾ ਚਾਹੀਦਾ ਹੈ। ਵਿਭਾਗ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਨੇ ਇਸ ਸਮਾਗਮ ਦੀ ਲੋੜ, ਮਹੱਤਵ ਅਤੇ ਇਸ ਦੇ ਵਿਉਂਤੇ ਜਾਣ ਨਾਲ਼ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਵਿਭਾਗ ਵੱਲੋਂ ਪਹਿਲਾ 'ਡਾ. ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਮੋਢੀ ਮੁਖੀ ਸਨਮਾਨ' ਉੱਘੇ ਵਾਰਤਕ ਲੇਖਕ ਅਤੇ ਇਸੇ ਵਿਭਾਗ ਦੇ ਅਧਿਆਪਕ ਅਤੇ ਮੁਖੀ ਰਹੇ ਪ੍ਰੋ. ਨਰਿੰਦਰ ਸਿੰਘ ਕਪੂਰ ਦਿੱਤੇ ਜਾਣ ਬਾਰੇ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡਾ. ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਦੇ ਪਰਿਵਾਰ ਦੇ ਸਹਿਯੋਗ ਨਾਲ਼ ਇਹ ਸਨਮਾਨ ਦਿੱਤਾ ਜਾ ਰਿਹਾ ਹੈ। ਸਮਾਗਮ ਦੌਰਾਨ ਡਾ. ਰਾਜਿੰਦਰ ਪਾਲ ਸਿੰਘ ਬਰਾੜ ਅਤੇ ਡਾ. ਸੁਰਜੀਤ ਸਿੰਘ ਵੱਲੋਂ ਵੀ ਡਾ. ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਦੇ ਜੀਵਨ ਅਤੇ ਸਾਹਿਤਕ ਯੋਗਦਾਨ ਦੇ ਵਿਭਿੰਨ ਪਹਿਲੂਆਂ ਬਾਰੇ ਰੌਸ਼ਨੀ ਪਾਈ ਗਈ। ਡਾ. ਨਰਿੰਦਰ ਸਿੰਘ ਕਪੂਰ ਦਾ ਸਨਮਾਨ ਪੱਤਰ ਡਾ. ਗੁਰਮੁਖ ਸਿੰਘ ਵੱਲੋਂ ਪੜ੍ਹਿਆ ਗਿਆ। ਮੰਚ ਸੰਚਾਲਨ ਦਾ ਕਾਰਜ ਡਾ. ਗੁਰਸੇਵਕ ਲੰਬੀ ਨੇ ਕੀਤਾ। ਧੰਨਵਾਦੀ ਸ਼ਬਦ ਡਾ. ਰਾਜਵਿੰਦਰ ਸਿੰਘ ਨੇ ਬੋਲੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਦਰਸ਼ਨ ਸਿੰਘ ਆਸ਼ਟ, ਡਾ. ਉਜਾਗਰ ਸਿੰਘ, ਡਾ. ਜੋਤੀ ਪੁਰੀ, ਡਾ. ਨੀਤੂ ਕੌਸ਼ਲ, ਡਾ. ਰਜਨੀ, ਡਾ. ਵਰਿੰਦਰ ਕੁਮਾਰ, ਰੰਗਕਰਮੀ ਪ੍ਰਾਣ ਸਭਰਵਾਲ, ਡਾ. ਅਸ਼ੋਕ ਖੁਰਾਣਾ, ਡਾ. ਐੱਸ.ਪੀ. ਸਿੰਘ, ਡਾ. ਤ੍ਰਿਲੋਚਨ ਕੁਮਾਰ, ਸ੍ਰ. ਨਾਹਰ ਸਿੰਘ, ਅਮਰਜੀਤ ਕਸਕ, ਡਾ. ਚਰਨਜੀਤ ਕੌਰ, ਡਾ. ਜਸਵੀਰ ਸਿੰਘ, ਡਾ. ਪਰਮਜੀਤ ਕੌਰ ਆਦਿ ਹਾਜ਼ਰ ਰਹੇ।

Related Post