go to login
post

Jasbeer Singh

(Chief Editor)

Business

ਆਰਬੀਆਈ ਵੱਲੋਂ 100 ਟਨ ਸੋਨਾ ਯੂਕੇ ਤੋਂ ਭਾਰਤ ਤਬਦੀਲ

post-img

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਯੂਕੇ ਦੇ ਬੈਂਕ ਵਾਲਟਾਂ ਵਿਚ ਰੱਖਿਆ ਕਰੀਬ 100 ਟਨ ਸੋਨਾ ਭਾਰਤ ਵਿਚਲੇ ਆਪਣੇ ਵਾਲਟਾਂ ਵਿਚ ਤਬਦੀਲ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰੀ ਬੈਂਕ ਦੀ ਇਸ ਕਾਰਵਾਈ ਦਾ ਮੁੱਖ ਮੰਤਵ ਭੰਡਾਰਨ ਲਾਗਤ ਬਚਾਉਣਾ ਹੈ। ਸਾਲ 1991 ਮਗਰੋਂ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਇੰਨੇ ਵੱਡੇ ਪੱਧਰ ’ਤੇ ਸੋਨੇ ਦੇ ਆਪਣੇ ਭੰਡਾਰਾਂ ਨੂੰ ਵਿਦੇਸ਼ ਤੋਂ ਤਬਦੀਲ ਕੀਤਾ ਹੈ। ਅਰਥਸ਼ਾਸਤਰੀ ਸੰਜੀਵ ਸਾਨਿਆਲ, ਜੋ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਮੈਂਬਰ ਵੀ ਹਨ, ਨੇ ਕਿਹਾ, ‘‘ਜਦੋਂ ਸਾਰਿਆਂ ਦਾ ਧਿਆਨ ਆਸੇ ਪਾਸੇ ਸੀ, ਭਾਰਤੀ ਰਿਜ਼ਰਵ ਬੈਂਕ ਨੇ ਯੂਕੇ ਤੋਂ ਆਪਣੇ 100 ਟਨ ਸੋਨੇ ਦੇ ਭੰਡਾਰ ਵਾਪਸ ਭਾਰਤ ਤਬਦੀਲ ਕੀਤੇ ਹਨ।’’ ਉਨ੍ਹਾਂ ਕਿਹਾ, ‘‘ਬਹੁਤੇ ਮੁਲਕ ਆਪਣਾ ਸੋਨਾ ਬੈਂਕ ਆਫ਼ ਇੰਗਲੈਂਡ ਜਾਂ ਅਜਿਹੀ ਕਿਸੇ ਹੋਰ ਲੋਕੇਸ਼ਨ (ਫੀਸ ਦੀ ਅਦਾਇਗੀ ਦੇ ਨਾਲ) ਦੇ ਵਾਲਟਾਂ ਵਿਚ ਰੱਖਦੇ ਹਨ। ਭਾਰਤ ਹੁਣ ਆਪਣਾ ਬਹੁਤਾ ਸੋਨਾ ਆਪਣੇ ਹੀ ਵਾਲਟਾਂ ਵਿਚ ਰੱਖੇਗਾ। 1991 ਦੇ ਵਿੱਤੀ ਸੰਕਟ ਦਰਮਿਆਨ ਸਾਨੂੰ ਰਾਤੋ-ਰਾਤ ਆਪਣਾ ਸੋਨਾ ਤਬਦੀਲ ਕਰਨਾ ਪਿਆ ਸੀ ਤੇ ਉਦੋਂ ਤੋਂ ਹੁਣ ਤੱਕ ਅਸੀਂ ਲੰਮਾ ਪੈਂਡਾ ਤੈਅ ਕਰ ਚੁੱਕੇ ਹਾਂ।’’ ਸਾਨਿਆਲ ਨੇ ਕਿਹਾ, ‘‘ਮੇਰੀ ਪੀੜ੍ਹੀ ਲਈ 1990-91 ਵਿਚ ਸੋਨੇ ਨੂੰ ਉਥੋਂ ਬਾਹਰ ਕੱਢਣਾ ਨਾਕਾਮੀ ਦਾ ਪਲ ਸੀ, ਜਿਸ ਨੂੰ ਅਸੀਂ ਕਦੇ ਨਹੀਂ ਭੁੱਲ ਸਕਦੇ। ਇਹੀ ਵਜ੍ਹਾ ਹੈ ਕਿ ਸੋਨਾ ਵਾਪਸ ਲੈ ਕੇ ਆਉਣ ਦਾ ਖ਼ਾਸ ਮਤਲਬ ਹੈ।’’ ਚੇਤੇ ਰਹੇ ਕਿ 1991 ਵਿਚ ਜਦੋਂ ਜ਼ਰੂਰੀ ਦਰਾਮਦਾਂ ਲਈ ਭਾਰਤ ਕੋਲ ਅਦਾਇਗੀ ਲਈ ਕੋਈ ਪੈਸਾ ਨਹੀਂ ਸੀ ਤਾਂ ਉਦੋਂ ਚੰਦਰਸ਼ੇਖਰ ਸਰਕਾਰ ਨੇ ਫੰਡ ਜੁਟਾਉਣ ਲਈ ਸੋਨਾ ਗਹਿਣੇ ਰੱਖਿਆ ਸੀ। ਆਰਬੀਆਈ ਨੇ ਉਦੋਂ ਬੈਂਕ ਆਫ਼ ਇੰਗਲੈਂਡ ਤੇ ਬੈਂਕ ਆਫ਼ ਜਪਾਨ ਕੋਲ 46.91 ਟਨ ਸੋਨਾ ਗਹਿਣੇ ਰੱਖ ਕੇ 40 ਕਰੋੜ ਡਾਲਰ ਦੀ ਰਕਮ ਉਧਾਰ ਲਈ ਸੀ। ਆਰਬੀਆਈ ਦਾ ਅੱਧੇ ਨਾਲੋਂ ਵੱਧ ਸੋਨਾ ਬੈਂਕ ਆਫ਼ ਇੰਗਲੈਂਡ ਤੇ ਬੈਂਕ ਆਫ਼ ਇੰਟਰਨੈਸ਼ਨਲ ਸੈਟਲਮੈਂਟਸ ਦੀ ਸੁਰੱਖਿਅਤ ਕਸਟਡੀ ਵਿਚ ਸੀ।

Related Post