

ਆਰ.ਟੀ.ਓ. ਦਫਤਰ ਮੁੜ ਮਿਨੀ ਸਕੱਤਰੇਤ ਵਿਖੇ ਤਬਦੀਲ ਲੋਕਾਂ ਵੱਲੋਂ ਹਲਕਾ ਵਿਧਾਇਕ ਸ਼੍ਰੀਮਤੀ ਨਰਿੰਦਰ ਕੌਰ ਭਰਾਜ ਦਾ ਧੰਨਵਾਦ ਸੰਗਰੂਰ, 23 ਜੂਨ : ਮੁੱਖ ਮੰਤਰੀ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਇਹ ਤਰਜੀਹ ਹੈ ਕਿ ਲੋਕਾਂ ਨੂੰ ਸਰਕਾਰੀ ਸੇਵਾਵਾਂ ਲੈਣ ਸਬੰਧੀ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਅਤੇ ਲੋਕਾਂ ਨੂੰ ਇਕੋ ਛੱਤ ਥੱਲੇ ਜਲਦ ਤੋਂ ਜਲਦ ਵੱਧ ਤੋਂ ਵੱਧ ਸੇਵਾਵਾਂ ਮਿਲ ਸਕਣ । ਇਸ ਦਿਸ਼ਾ ਵਿੱਚ ਕੰਮ ਕਰਦਿਆਂ ਖੇਤਰੀ ਟਰਾਂਸਪੋਰਟ ਅਫ਼ਸਰ, ਸੰਗਰੂਰ ਦਾ ਦਫ਼ਤਰ ਜਿਹੜਾ ਕਿ ਡਰਾਈਵਿੰਗ ਲਾਇਸੈਂਸ ਟੈਸਟਿੰਗ ਟਰੈਕ ਵਿਖੇ ਤਬਦੀਲ ਕਰ ਦਿੱਤਾ ਗਿਆ ਸੀ, ਨੂੰ ਮੁੜ ਮਿਨੀ ਸਕੱਤਰੇਤ ਵਿਖੇ ਪਹਿਲਾਂ ਵਾਲੀ ਥਾਂ 'ਤੇ ਹੀ ਤਬਦੀਲ ਕਰ ਦਿੱਤਾ ਗਿਆ ਹੈ । ਇਹ ਗੱਲ ਹਲਕਾ ਵਿਧਾਇਕ ਸ਼੍ਰੀਮਤੀ ਨਰਿੰਦਰ ਕੌਰ ਭਰਾਜ ਨੇ ਮਿਨੀ ਸਕੱਤਰੇਤ ਵਿਖੇ ਆਰ.ਟੀ.ਓ. ਦਫਤਰ ਦਾ ਦੌਰਾ ਕਰਨ ਮੌਕੇ ਆਖੀ। ਉਹਨਾਂ ਦੱਸਿਆ ਕਿ ਹਲਕਾ ਸੰਗਰੂਰ ਸਮੇਤ ਪੂਰੇ ਜ਼ਿਲ੍ਹੇ ਦੇ ਲੋਕਾਂ ਵੱਲੋਂ ਇਹ ਗੱਲ ਧਿਆਨ ਵਿੱਚ ਲਿਆਂਦੀ ਜਾ ਰਹੀ ਸੀ ਕਿ ਮਿਨੀ ਸਕੱਤਰੇਤ ਤੋਂ ਦਫ਼ਤਰ ਤਬਦੀਲ ਹੋਣ ਕਾਰਨ ਉਹਨਾਂ ਨੂੰ ਦਿੱਕਤਾਂ ਦਰਪੇਸ਼ ਹਨ ਕਿਉੰਕਿ ਮਿਨੀ ਸਕੱਤਰੇਤ ਦੇ ਬੱਸ ਅੱਡਾ ਬਿਲਕੁਲ ਨਾਲ ਹੈ ਤੇ ਜ਼ਿਲ੍ਹੇ ਵਿਚੋਂ ਕੋਈ ਵੀ ਵਿਅਕਤੀ ਬੱਸ ਚੜ੍ਹ ਕੇ ਇਥੇ ਸੌਖੇ ਢੰਗ ਨਾਲ ਪੁੱਜ ਕੇ ਆਪਣੇ ਕੰਮ ਕਰਵਾ ਸਕਦਾ ਹੈ ਤੇ ਹੋਰ ਥਾਂ ਜਾਣ ਲਈ ਲੋਕਾਂ ਨੂੰ ਬੱਸ ਅੱਡੇ ਤੋਂ ਅੱਗੇ ਹੋਰ ਸਾਧਨ ਲੈਣਾ ਪੈਂਦਾ ਸੀ। ਸ਼੍ਰੀਮਤੀ ਭਰਾਜ ਨੇ ਕਿਹਾ ਕਿ ਇਸ ਮੁਸ਼ਕਲ ਦੇ ਹੱਲ ਲਈ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਅਤੇ ਆਰ.ਟੀ.ਓ. ਸ਼੍ਰੀ ਨਮਨ ਮੜਕਣ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ ਤੇ ਮੁੜ ਦਫਤਰ ਨੂੰ ਮਿਨੀ ਸਕੱਤਰੇਤ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਇਸ ਮੌਕੇ ਆਰ.ਟੀ.ਓ. ਸ਼੍ਰੀ ਨਮਨ ਮੜਕਣ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਅਤੇ ਹਲਕਾ ਵਿਧਾਇਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਦਫ਼ਤਰ ਨੂੰ ਮੁੜ ਮਿਨੀ ਸਕੱਤਰੇਤ ਵਿਖੇ ਤਬਦੀਲ ਕੀਤਾ ਗਿਆ ਹੈ। ਉਹਨਾਂ ਦੀ ਇਹ ਕੋਸ਼ਿਸ਼ ਹੈ ਕਿ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਘੱਟ ਤੋਂ ਘੱਟ ਸਮੇਂ ਵਿੱਚ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਦਿੱਤਾ ਜਾਵੇ। ਇਸ ਮੌਕੇ ਆਪਣੇ ਕੰਮਾਂ ਲਈ ਦਫਤਰ ਪੁੱਜੇ ਲੋਕਾਂ ਵੱਲੋਂ ਹਲਕਾ ਵਿਧਾਇਕ ਸ਼੍ਰੀਮਤੀ ਭਰਾਜ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ, ਵੱਖੋ ਵੱਖ ਅਹੁਦੇਦਾਰ, ਪਤਵੰਤੇ ਅਤੇ ਆਮ ਲੋਕ ਹਾਜ਼ਰ ਸਨ।