ਰੂਪਨਗਰ: ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਦਾ 6 ਨੰਬਰ ਯੂਨਿਟ ਬੁਆਇਲਰ ਲੀਕ ਹੋਣ ਕਾਰਨ ਬੰਦ
- by Aaksh News
- June 15, 2024
ਇਥੋਂ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦਾ 6 ਨੰਬਰ ਯੂਨਿਟ ਅੱਜ ਅਚਾਨਕ ਬੁਆਇਲਰ ਲੀਕ ਹੋਣ ਕਾਰਨ ਬੰਦ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 6.35 ਵਜੇ ਅਚਾਨਕ ਯੂਨਿਟ ਦਾ ਬੁਆਇਲਰ ਲੀਕ ਹੋ ਗਿਆ, ਜਿਸ ਕਾਰਨ 210 ਮੈਗਾਵਾਟ ਪੈਦਾਵਾਰ ਸਮਰਥਾ ਵਾਲੇ ਯੂਨਿਟ ਦਾ ਬਿਜਲੀ ਉਤਪਾਦਨ ਬੰਦ ਹੋ ਗਿਆ। ਇਹ ਯੂਨਿਟ ਬੰਦ ਹੋਣ ਨਾਲ ਪੰਜਾਬ ਵਿੱਚ ਬਿਜਲੀ ਦਾ ਸੰਕਟ ਹੋਰ ਗੰਭੀਰ ਹੋ ਗਿਆ ਹੈ ਅਤੇ ਪਹਿਲਾਂ ਹੀ ਬਿਜਲੀ ਕੱਟਾਂ ਦੀ ਮਾਰ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਹੁਣ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਯੂਨਿਟ ਨੂੰ ਲਗਪਗ 2 ਦਿਨ ਠੰਢਾ ਹੋਣ ਲਈ ਲੱਗਣਗੇ, ਜਿਸ ਉਪਰੰਤ ਇਸ ਦੀ ਮੁਰੰਮਤ ਕਰਕੇ ਇਸ ਨੂੰ ਮੁੜ ਚਾਲੂ ਕੀਤਾ ਜਾਵੇਗਾ। ਇਸ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਪ੍ਰਾਜੈਕਟ-2 ਦਾ 33.5 ਮੈਗਾਵਾਟ ਸਮਰਥਾ ਵਾਲਾ ਯੂਨਿਟ 40 ਸਾਲਾਂ ਬਾਅਦ ਪਹਿਲੀ ਵਾਰ ਮੁਰੰਮਤ ਲਈ ਬੰਦ ਕੀਤਾ ਹੋਇਆ ਹੈ, ਜਿਸ ਦੀ ਮੁਰੰਮਤ ਅੱਜ ਦੇਰ ਸ਼ਾਮ ਤੱਕ ਕਰ ਦਿੱਤੀ ਜਾਵੇਗੀ ਅਤੇ ਇਹ ਯੂਨਿਟ ਐਤਵਾਰ ਨੂੰ ਕੰਮ ਕਰਨਾ ਸ਼ੁਰੂ ਦੇਵੇਗਾ।

