post

Jasbeer Singh

(Chief Editor)

Patiala News

ਐਸ. ਡੀ. ਐਮ. ਵੱਲੋਂ ਆਰਮੀ ਭਰਤੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ

post-img

ਐਸ. ਡੀ. ਐਮ. ਵੱਲੋਂ ਆਰਮੀ ਭਰਤੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ -ਰਾਜਾ ਭਲਿੰਦਰ ਸਿੰਘ ਸਪੋਰਟਸ ਸਟੇਡੀਅਮ ਵਿਖੇ ਹੋਵੇਗਾ ਆਰਮੀ ਭਰਤੀ ਲਈ ਫਿਜ਼ੀਕਲ ਟੈਸਟ : ਹਰਜੋਤ ਕੌਰ -ਛੇ ਜ਼ਿਲ੍ਹਿਆਂ ਦੇ 7 ਹਜ਼ਾਰ ਲਿਖਤੀ ਪ੍ਰੀਖਿਆ ਪਾਸ ਨੌਜਵਾਨਾਂ ਦਾ4 ਤੋਂ 11 ਅਗਸਤ ਤੱਕ ਹੋਵੇਗਾ ਫਿਜ਼ੀਕਲ ਟੈਸਟ : ਭਰਤੀ ਡਾਇਰੈਕਟਰ ਪਟਿਆਲਾ, 25 ਜੁਲਾਈ 2025 : ਪਟਿਆਲਾ ਵਿਖੇ ਭਾਰਤੀ ਫ਼ੌਜ ਵੱਲੋਂ ਪੰਜਾਬ ਦੇ 6 ਜ਼ਿਲ੍ਹਿਆਂ, ਸੰਗਰੂਰ, ਮਾਨਸਾ, ਬਰਨਾਲਾ, ਪਟਿਆਲਾ, ਮਾਲੇਰਕੋਟਲਾ ਅਤੇ ਫ਼ਤਿਹਗੜ੍ਹ ਸਾਹਿਬ ਦੇ 7 ਹਜ਼ਾਰ ਦੇ ਕਰੀਬ ਲਿਖਤੀ ਪ੍ਰੀਖਿਆ ਪਾਸ ਨੌਜਵਾਨਾਂ ਦਾ 4 ਤੋਂ 11 ਅਗਸਤ ਤੱਕ ਫਿਜ਼ੀਕਲ ਟੈਸਟ ਰਾਜਾ ਭਲਿੰਦਰ ਸਿੰਘ ਸਪੋਰਟਸ ਸਟੇਡੀਅਮ ਪੋਲੋ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਐਸ. ਡੀ. ਐਮ. ਪਟਿਆਲਾ ਹਰਜੋਤ ਕੌਰ ਨੇ ਫ਼ੌਜੀ ਭਰਤੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਫ਼ੌਜ, ਸਿਵਲ ਤੇ ਪੁਲਿਸ ਦੇ ਅਧਿਕਾਰੀਆਂ ਨਾਲ ਕੀਤੀ ਉੱਚ ਪੱਧਰੀ ਮੀਟਿੰਗ ਦੌਰਾਨ ਕੀਤਾ । ਐਸ. ਡੀ. ਐਮ. ਪਟਿਆਲਾ ਨੇ ਦੱਸਿਆ ਕਿ 4 ਤੋਂ 11 ਅਗਸਤ ਤੱਕ ਚੱਲਣ ਵਾਲੀ ਇਸ ਆਰਮੀ ਭਰਤੀ ਰੈਲੀ ਦੀਆਂ ਤਿਆਰੀ ਸਬੰਧਤ ਵਿਭਾਗਾਂ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ । ਉਨ੍ਹਾਂ ਦੱਸਿਆ ਕਿ ਇਸ ਭਰਤੀ ਰੈਲੀ ਵਿੱਚ ਪਟਿਆਲਾ ਸਮੇਤ ਸੰਗਰੂਰ, ਫ਼ਤਿਹਗੜ੍ਹ ਸਾਹਿਬ, ਬਰਨਾਲਾ, ਮਾਲੇਰਕੋਟਲਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਲਿਖਤੀ ਪ੍ਰੀਖਿਆ ਪਾਸ ਉਮੀਦਵਾਰ ਹਿੱਸਾ ਲੈਣਗੇ। ਮੀਟਿੰਗ ਦੌਰਾਨ ਭਰਤੀ ਡਾਇਰੈਕਟਰ ਕਰਨਲ ਜੀ. ਆਰ. ਐਸ. ਰਾਜਾ ਨੇ ਦੱਸਿਆ ਕਿ ਭਰਤੀ ਰੈਲੀ ਵਿੱਚ ਛੇ ਜ਼ਿਲ੍ਹਿਆਂ ਦੇ 7 ਹਜ਼ਾਰ ਕਰੀਬ ਨੌਜਵਾਨ ਉਮੀਦਵਾਰ ਸ਼ਾਮਲ ਹੋ ਰਹੇ ਹਨ, ਜਿਨ੍ਹਾਂ ਦੀ ਭਰਤੀ ਲਈ ਜ਼ਿਲ੍ਹਾ ਵਾਰ ਰੋਸਟਰ ਬਣਾਇਆ ਗਿਆ ਹੈ । ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਸਹਿਯੋਗ ਲਈ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਰਤੀ ਨੂੰ ਫ਼ੌਜ ਵੱਲੋਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਫਲ ਬਣਾਇਆ ਜਾਵੇਗਾ । ਐਸ. ਡੀ. ਐਮ. ਨੇ ਭਰਤੀ ਰੈਲੀ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਟਰੈਫ਼ਿਕ ਡਾਇਰਵਰਸ਼ਨ, ਮੈਡੀਕਲ ਐਮਰਜੈਂਸੀ ਸਹੂਲਤ, ਮੋਬਾਇਲ ਟੁਆਲਿਟਸ, ਪੀਣ ਵਾਲੇ ਪਾਣੀ ਦੇ ਟੈਂਕਰ, ਮੀਂਹ ਤੋਂ ਬਚਣ ਲਈ ਆਰਜ਼ੀ ਤਰਪਾਲ ਸ਼ੈਲਟਰ, ਲਾਈਟਾਂ, ਟਰੈਫ਼ਿਕ ਪ੍ਰਬੰਧਨ ਲਈ ਬੈਰੀਗੇਟਿੰਗ, ਪੁਲਸ ਵੱਲੋਂ ਸੁਰੱਖਿਆ ਪ੍ਰਬੰਧ, ਨਗਰ ਨਿਗਮ ਵੱਲੋਂ ਘਾਹ ਦੀ ਕਟਾਈ ਤੇ ਸਾਫ਼-ਸਫ਼ਾਈ ਆਦਿ ਦੇ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ । ਇਸ ਮੌਕੇ ਰੋਜ਼ਗਾਰ ਬਿਊਰੋ, ਖੇਡ ਵਿਭਾਗ, ਲੋਕ ਨਿਰਮਾਣ ਵਿਭਾਗ, ਨਗਰ ਨਿਗਮ, ਜਲ ਸਪਲਾਈ ਤੇ ਸੈਨੀਟੇਸ਼ਨ, ਮੰਡੀ ਬੋਰਡ, ਬਿਜਲੀ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

Related Post