
ਘਰ ਵੇਚ ਕੇ 45 ਲੱਖ ਲਗਾਇਆ ਅਮਰੀਕਾ ਗਿਆ ਪੁੱਤਰ ਚਾਰ ਮਹੀਨਿਆਂ ਵਿਚ ਹੀ ਘਰ ਵਾਪਸ ਆਇਆ
- by Jasbeer Singh
- February 17, 2025

ਘਰ ਵੇਚ ਕੇ 45 ਲੱਖ ਲਗਾਇਆ ਅਮਰੀਕਾ ਗਿਆ ਪੁੱਤਰ ਚਾਰ ਮਹੀਨਿਆਂ ਵਿਚ ਹੀ ਘਰ ਵਾਪਸ ਆਇਆ ਹਰਿਆਣਾ : ਹਰਿਆਣਾ ਦੇ ਸ਼ਹਿਰ ਕਰਨਾਲ ਦੇ ਪਿੰਡ ਜੁੰਡਲਾ ਦਾ ਵਸਨੀਕ ਅਨੁਜ ਜੋ ਕਿ ਆਪਣੇ ਪਿਤਾ ਵਲੋਂ ਘੇਰ ਵੇਚ ਕੇ 45 ਲੱਖ ਰੁਪਏ ਲਗਾ ਕੇ ਹਾਲੇ ਚਾਰ ਕੁ ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ ਬੀਤੇ ਦਿਨੀਂ ਅਮਰੀਕਾ ਵਲੋ਼ ਡਿਪੋਰਟ ਕੀਤੇ ਜਾਣ ਤੋਂ ਬਾਅਦ ਵਾਪਸ ਆ ਗਿਆ । ਦੱਸਣਯੋਗ ਹੈ ਕਿ ਜੋ ਜਹਾਜ਼ ਅਮਰੀਕਾ ਤੋਂ ਅੰਮ੍ਰਿਤਸਰ ਹਵਾਈ ਅੱਡੇ ਤੇ ਬੀਤੇ ਦਿਨੀਂ ਫਿਰ ਪਹੁੰਚਿਜਆ ਵਿਚ ਕੱਢੇ ਗਏ ਭਾਰਤੀ ਪ੍ਰਵਾਸੀਆਂ ਵਿੱਚ 33 ਲੋਕ ਹਰਿਆਣਾ ਦੇ ਵੀ ਸਨ।ਘਰ ਪਹੁੰਚ ਅਨੁਜ ਦੇ ਪਿਤਾ ਨੇ ਦੱਸਿਆ ਕਿ ਚਾਰ ਮਹੀਨੇ ਪਹਿਲਾਂ ਉਸ ਨੇ ਘਰ ਵੇਚ ਕੇ ਆਪਣੇ ਪੁੱਤਰ ਨੂੰ ਅਮਰੀਕਾ ਭੇਜਿਆ ਸੀ ਤੇ ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਡੌਂਕੀ ਰਾਹੀਂ ਲੋਕਾਂ ਨੂੰ ਅਮਰੀਕਾ ਭੇਜਣ ਵਾਲੇ ਏਜੰਟਾਂ ਖਿ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ । ਅਨੁਜ ਦੇ ਪਿਤਾ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਸ ਨੇ ਏਜੰਟ ਤੋਂ ਧੋਖਾ ਖਾ ਕੇ ਆਪਣੇ ਲੜਕੇ ਨੂੰ ਅਮਰੀਕਾ ਭੇਜ ਦਿੱਤਾ ਸੀ । ਹੁਣ ਅਮਰੀਕੀ ਸਰਕਾਰ ਨੇ ਪੁੱਤਰ ਨੂੰ ਵਾਪਸ ਭੇਜ ਦਿੱਤਾ ਹੈ । ਉਸ ਨੇ ਦੱਸਿਆ ਕਿ ਅਨੁਜ ਨੂੰ ਅਮਰੀਕਾ ਭੇਜਣ ਲਈ ਏਜੰਟ ਨੂੰ 45 ਲੱਖ ਰੁਪਏ ਦਿੱਤੇ ਗਏ ਸਨ । ਪਿਤਾ ਨੇ ਦੱਸਿਆ ਕਿ ਏਜੰਟ ਨੇ ਅਨੁਜ ਨੂੰ ਅਮਰੀਕਾ ਭੇਜਣ ਲਈ ਡੇਢ ਮਹੀਨੇ ਦੀ ਬਜਾਏ ਚਾਰ ਮਹੀਨੇ ਦਾ ਸਮਾਂ ਲਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪੀੜਤ ਪਰਿਵਾਰਾਂ ਦੀ ਮਦਦ ਕਰਨੀ ਚਾਹੀਦੀ ਹੈ । ਪਰਿਵਾਰਾਂ ਨੇ ਆਪਣੇ ਪੁੱਤਰਾਂ ਨੂੰ ਅਮਰੀਕਾ ਭੇਜਣ ਲਈ ਜ਼ਮੀਨ ਅਤੇ ਘਰ ਵੀ ਵੇਚ ਦਿੱਤੇ । ਹੁਣ ਸੱਤਾ ਸੰਭਾਲਣ ਤੋਂ ਬਾਅਦ ਟਰੰਪ ਨੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ । ਅਸ਼ੋਕ ਕੁਮਾਰ ਨੇ ਦੱਸਿਆ ਕਿ ਬੱਚੇ ਪੈਸੇ ਕਮਾਉਣ ਲਈ ਵਿਦੇਸ਼ ਜਾਣ ਦੀ ਜ਼ਿੱਦ ਕਰਦੇ ਹਨ। ਪੁੱਤਰ ਦੀ ਜ਼ਿੱਦ ਪੂਰੀ ਕਰਨ ਲਈ ਉਸ ਨੇ ਘਰ 45 ਲੱਖ ਰੁਪਏ ਵਿੱਚ ਵੇਚ ਕੇ ਪੁੱਤ ਨੂੰ ਅਮਰੀਕਾ ਭੇਜ ਦਿੱਤਾ । ਉਨ੍ਹਾਂ ਦੱਸਿਆ ਕਿ ਅਮਰੀਕਾ ਤੋਂ ਪਰਤਿਆ ਪੁੱਤਰ ਬਿਲਕੁਲ ਠੀਕ ਹੈ। ਦੱਸਣਯੋਗ ਕਿ ਕਬੂਤਰ ਗੈਂਗ ਬੇਰੁਜ਼ਗਾਰ ਨੌਜਵਾਨਾਂ ਨੂੰ ਸੋਹਣੇ ਸੁਪਨੇ ਦਿਖਾ ਕੇ ਲੁਭਾਉਂਦਾ ਹੈ । ਵਿਦੇਸ਼ ਭੇਜਣ ਦੇ ਨਾਂ `ਤੇ ਕਬੂਤਰਬਾਜ਼ ਮੋਟੀ ਕਮਾਈ ਕਰਦੇ ਹਨ। ਬੇਰੁਜ਼ਗਾਰ ਨੌਜਵਾਨਾਂ ਨੂੰ ਲੁਭਾਉਣ ਤੋਂ ਬਾਅਦ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਭੇਜ ਦਿੱਤਾ ਜਾਂਦਾ ਹੈ ।