![post](https://aakshnews.com/storage_path/whatsapp image 2024-02-08 at 11-1707392653.jpg)
ਜਮਹੂਰੀ ਲਹਿਰ ਨੂੰ ਬਚਾਉਣ ਲਈ ਸੰਘਰਸ਼ ਸਮੇਂ ਦੀ ਲੋੜ: ਜਗਮੋਹਨ ਸਿੰਘ
- by Aaksh News
- June 16, 2024
![post-img]( https://aakshnews.com/storage_path/11506638cd-_15balli3-1718511941.jpg)
ਇੱਥੇ ਤਰਕਸ਼ੀਲ ਭਵਨ ਵਿੱਚ ਜਮਹੂਰੀ ਅਧਿਕਾਰ ਸਭਾ ਪੰਜਾਬ ਦਾ 17ਵਾਂ ਸੂਬਾ ਡੈਲੀਗੇਟ ਇਜਲਾਸ ਅੱਜ ਆਰੰਭ ਹੋਇਆ। ਇਸ ਮੌਕੇ ਸਭ ਤੋਂ ਪਹਿਲਾਂ ਹਰੀ ਸਿੰਘ ਤਰਕ, ਪ੍ਰੋ. ਅਜਮੇਰ ਸਿੰਘ ਔਲਖ, ਨਾਮਦੇਵ ਭੁਟਾਲ, ਸੁਰਜੀਤ ਪਾਤਰ, ਐਡਮਿਰਲ ਰਾਮਦੌਸ ਤੇ ਸ਼ੁਭਕਰਨ ਸਿੰਘ ਆਦਿ ਵਿਛੜੇ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀਆਂ ਗਈਆਂ। ਇਸ ਇਜਲਾਸ ਵਿੱਚ ਪੰਜਾਬ ਦੇ 13 ਜ਼ਿਲ੍ਹਿਆਂ ਤੋਂ ਡੈਲੀਗੇਟਾਂ ਅਤੇ ਦਰਸ਼ਕਾਂ ਨੇ ਭਾਗ ਲਿਆ। ਜਮਹੂਰੀ ਅਧਿਕਾਰ ਸਭਾ ਹਰਿਆਣਾ ਦੇ ਜਰਨਲ ਸਕੱਤਰ ਦਵਿੰਦਰ ਰਣੀਆਂ, ਪ੍ਰੋ. ਏ.ਕੇ. ਮਲੇਰੀ, ਤਰਕਸ਼ੀਲ ਸੁਸਾਇਟੀ ਦੇ ਸੂਬਾ ਆਗੂ ਰਜਿੰਦਰ ਸਿੰਘ ਭਦੌੜ, ਜਗਜੀਤ ਸਿੰਘ ਢਿੱਲੋਂ ਅਤੇ ਡਾ. ਜਸਬੀਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਏ ਖੁੱਲ੍ਹੇ ਸੈਸ਼ਨ ਮੌਕੇ ਸੰਬੋਧਨ ਕਰਦਿਆਂ ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰੋ. ਜਗਮੋਹਨ ਸਿੰਘ ਨੇ ‘ਫਾਸ਼ੀਵਾਦੀ ਦੌਰ ਵਿੱਚ ਜਮਹੂਰੀ ਹੱਕ’ ਵਿਸ਼ੇ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜਮਹੂਰੀ ਲਹਿਰ ਅੱਗੇ ਭਵਿੱਖ ਵਿੱਚ ਹੋਰ ਵੀ ਗੰਭੀਰ ਚੁਣੌਤੀਆਂ ਦਰਪੇਸ਼ ਹਨ। ਜਮਹੂਰੀ ਲਹਿਰ ਅੱਗੇ ਮੁੱਖ ਕਾਰਜ ਫਾਸ਼ੀਵਾਦ ਦਾ ਸਾਹਮਣਾ ਕਰਨਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਨਵੀਂ ਬਣੀ ਮੋਦੀ ਸਰਕਾਰ ਫਾਸ਼ੀਵਾਦੀ ਕਦਮਾਂ ਨੂੰ ਹੋਰ ਵੀ ਤੇਜ਼ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਇੱਕਸਾਰ ਸਿਵਲ ਕੋਡ ਨੂੰ ਹੋਰ ਵੀ ਤੇਜ਼ੀ ਨਾਲ ਲਿਆਉਣਾ, ਨਵੇਂ ਅਪਰਾਧਿਕ ਕਾਨੂੰਨਾਂ ਨੂੰ ਜੁਲਾਈ ਵਿੱਚ ਲਾਗੂ ਕਰਨ ਦਾ ਐਲਾਨ ਕਰਨਾ, ਲੇਖਕਾ ਅਰੁੰਧਿਤੀ ਰਾਏ ਵਿਰੁੱਧ 14 ਸਾਲ ਪੁਰਾਣੇ ਇੱਕ ਮਾਮਲੇ ਵਿੱਚ ਯੂਏਪੀਏ ਤਹਿਤ ਮੁਕੱਦਮਾ ਚਲਾਉਣ ਲਈ ਮਨਜ਼ੂਰੀ ਦੇਣਾ ਸਰਕਾਰ ਦੇ ਭਵਿੱਖੀ ਫਾਸ਼ੀਵਾਦੀ ਮਨਸੂਬਿਆਂ ਨੂੰ ਦਰਸਾਉਂਦਾ ਹੈ। ਇਸ ਮੌਕੇ ਮਨੁੱਖੀ ਅਧਿਕਾਰਾਂ ਦੇ ਘੁਲਾਟੀਏ ਤੇ ਚਰਚਿਤ ਸ਼ਖਸੀਅਤ ਰਜਨੀ ਐਕਸ ਡੇਸਾਈ ਵੱਲੋਂ ਭੇਜਿਆ ਗਿਆ ਲਿਖਤੀ ਸੰਦੇਸ਼ ਨਰਭਿੰਦਰ ਨੇ ਪੜ੍ਹਿਆ। ਇਸ ਮਗਰੋਂ ਕੋ-ਆਰਡੀਨੇਸ਼ਨ ਡੈਮੋਕ੍ਰੇਟਿਕ ਰਾਈਟਸ ਆਰਗੇਨਾਈਜੇਸ਼ਨ ਤੀਸਰੀ ਦੁਨੀਆ ਦੇ ਸੰਪਾਦਕ ਆਨੰਦ ਸਰੂਪ ਵਰਮਾ ਦੇ ਆਏ ਭਰਾਤਰੀ ਸੰਦੇਸ਼ ਪੜ੍ਹ ਕੇ ਸੁਣਾਏ ਗਏ। ਇਜਲਾਸ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਡਾ. ਅਜੀਤ ਪਾਲ, ਤਰਸੇਮ ਧੂਰੀ ਅਤੇ ਜਸਬੀਰ ਸਿੰਘ ਨਵਾਂ ਸ਼ਹਿਰ ਨੇ ਕੀਤੀ। ਸੂਬਾ ਸਕੱਤਰ ਪ੍ਰਿਤਪਾਲ ਸਿੰਘ ਨੇ ਅੱਜ ਦੇ ਹਾਲਾਤ ’ਤੇ ਵਿਚਾਰ ਚਰਚਾ ਦੀ ਰਿਪੋਰਟ ਪੇਸ਼ ਕੀਤੀ। ਜਮਹੂਰੀ ਅਧਿਕਾਰ ਸਭਾ ਪੰਜਾਬ ਬਰਨਾਲਾ ਦੇ ਪ੍ਰਧਾਨ ਸੋਹਣ ਸਿੰਘ ਮਾਝੀ ਨੇ ਵੱਖ ਵੱਖ ਜ਼ਿਲ੍ਹਿਆਂ ਦੇ ਡੈਲੀਗੇਟਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.