ਜ਼ਖ਼ਮੀ ਸਰੂਪ ਹਫ਼ਤਾ ਪਹਿਲਾਂ ਸੰਗਤ ਦੇ ਦਰਸ਼ਨਾਂ ਲਈ ਰੱਖਣ ਦਾ ਮਾਮਲਾ ਭਖ਼ਿਆ
- by Aaksh News
- May 29, 2024
ਸਾਕਾ ਨੀਲਾ ਤਾਰਾ ਫੌਜੀ ਹਮਲੇ ਸਮੇਂ ਜ਼ਖ਼ਮੀ ਹੋਏ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਸੰਗਤ ਦੇ ਦਰਸ਼ਨਾਂ ਲਈ ਰੱਖ ਕੇ ਅਤੇ ਇਸ ਲਈ ਪ੍ਰਚਾਰ ਸ਼ੁਰੂ ਕਰਕੇ ਸਿੱਖ ਵੋਟਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਭੁਗਤਾਉਣ ਦਾ ਯਤਨ ਕੀਤਾ ਗਿਆ ਹੈ। ਇਹ ਦੋਸ਼ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਲਾਏ ਗਏ ਹਨ। ਇਹ ਮਾਮਲਾ ਇਸ ਵਾਰ ਇਸ ਕਰਕੇ ਵੀ ਧਿਆਨ ਵਿੱਚ ਵਧੇਰੇ ਆਇਆ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਵੱਲੋਂ ਜ਼ਖ਼ਮੀ ਸਰੂਪ ਘੱਲੂਘਾਰਾ ਹਫ਼ਤੇ ਤੋਂ ਪਹਿਲਾਂ ਹੀ ਸੰਗਤ ਦਰਸ਼ਨ ਲਈ ਰੱਖਿਆ ਗਿਆ ਹੈ। ਪੰਜਾਬ ਵਿੱਚ ਲੋਕ ਸਭਾ ਚੋਣਾਂ ਪਹਿਲੀ ਜੂਨ ਨੂੰ ਹੋ ਰਹੀਆਂ ਹਨ। ਵੋਟਾਂ ਪੈਣ ਤੋਂ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਵੱਲੋਂ 26 ਮਈ ਨੂੰ ਜ਼ਖ਼ਮੀ ਸਰੂਪ ਸੰਗਤ ਦਰਸ਼ਨ ਲਈ ਰੱਖ ਦਿੱਤਾ ਗਿਆ। ਇਸ ਸਬੰਧੀ ਵੱਖ-ਵੱਖ ਸਿਆਸੀ ਧਿਰਾਂ ਦਾ ਦੋਸ਼ ਹੈ ਕਿ ਕਮੇਟੀ ਵੱਲੋਂ ਸਿੱਖ ਵੋਟਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਭੁਗਤਾਉਣ ਲਈ ਅਜਿਹਾ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ’ਤੇ ਸ਼੍ਰੋਮਣੀ ਅਕਾਲੀ ਦਲ ਕਾਬਜ਼ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਵੋਟ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ’ਚ ਪਾਉਣ ਦਾ ਵੀ ਫੈਸਲਾ ਕੀਤਾ ਗਿਆ ਸੀ। ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਦੋਸ਼ ਲਾਇਆ ਕਿ ਅਕਾਲੀ ਦਲ ਵੱਲੋਂ ਸਿੱਖ ਵੋਟਰਾਂ ਨੂੰ ਆਪਣੇ ਹੱਕ ’ਚ ਭੁਗਤਾਉਣ ਦੀ ਯੋਜਨਾ ਤਹਿਤ ਅਜਿਹਾ ਕੀਤਾ ਗਿਆ ਹੈ। ‘ਆਪ’ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਨੇ ਅਕਾਲੀ ਦਲ ਦੇ ਆਗੂਆਂ ਨੂੰ ਖੁਸ਼ ਕਰਨ ਦਾ ਯਤਨ ਕੀਤਾ। ਭਾਜਪਾ ਦੇ ਤਰਨਜੀਤ ਸਿੰਘ ਸੰਧੂ ਦੇ ਹਵਾਲੇ ਨਾਲ ਉਨ੍ਹਾਂ ਦੇ ਮੀਡੀਆ ਸਲਾਹਕਾਰ ਸਰਚਾਂਦ ਸਿੰਘ ਨੇ ਆਖਿਆ ਕਿ ਅਕਾਲੀ ਦਲ ਸਿੱਖ ਭਾਵਨਾਵਾਂ ਦਾ ਲਾਹਾ ਲੈਣਾ ਚਾਹੁੰਦਾ ਹੈ। ਸੰਗਤ ਦੀ ਮੰਗ ’ਤੇ ਦਰਸ਼ਨ ਲਈ ਰੱਖਿਆ ਸਰੂਪ: ਮਹਿਤਾ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਇਹ ਸਾਰੇ ਦੋਸ਼ ਬੇਬੁਨਿਆਦ ਹਨ ਅਤੇ ਇਨ੍ਹਾਂ ਵਿੱਚ ਕੋਈ ਸੱਚਾਈ ਨਹੀਂ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸੰਗਤ ਦੀ ਮੰਗ ’ਤੇ ਜ਼ਖ਼ਮੀ ਸਰੂਪ ਘੱਲੂਘਾਰਾ ਹਫਤੇ ਤੋਂ ਪਹਿਲਾਂ ਹੀ ਦਰਸ਼ਨ ਲਈ ਰੱਖਿਆ ਗਿਆ ਹੈ। ਸੰਗਤ ਵੱਲੋਂ ਇਸ ਸਬੰਧੀ ਸਮਾਂ ਵਧਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸੋਚ ਰਹੀ ਹੈ ਕਿ ਭਵਿੱਖ ਵਿੱਚ ਇਸ ਜ਼ਖ਼ਮੀ ਪਾਵਨ ਸਰੂਪ ਨੂੰ ਸਾਰਾ ਸਾਲ ਹੀ ਸੰਗਤ ਦਰਸ਼ਨ ਲਈ ਰੱਖਿਆ ਜਾਵੇ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.