ਹੁਣ ਜਦੋਂ ਲੋਕ ਸਭਾ ਚੋਣਾਂ ਦੇ ਸੱਤਵੇਂ ਤੇ ਆਖਰੀ ਗੇੜ ਦੀਆਂ ਵੋਟਾਂ ਪੈਣ ਵਿੱਚ ਮਹਿਜ਼ ਚਾਰ ਦਿਨ ਬਚੇ ਹਨ ਤਾਂ ਸਾਰੀਆਂ ਹੀ ਸਿਆਸੀ ਧਿਰਾਂ ਦੇ ਆਗੂਆਂ ਵੱਲੋਂ ਪੰਜਾਬ ਵਿੱਚ ਆਪੋ-ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਰੈਲੀਆਂ ਅਤੇ ਰੋਡ ਸ਼ੋਅ ਕਰ ਕੇ ਆਖਰੀ ਹੰਭਲਾ ਮਾਰਿਆ ਜਾ ਰਿਹਾ ਹੈ। ਇਕ ਤੋਂ ਬਾਅਦ ਇਕ ਸਿਆਸੀ ਪਾਰਟੀ ਦਾ ਲੀਡਰ ਮਾਝੇ ਦੀ ਧਰਤੀ ’ਤੇ ਆ ਕੇ ਲੋਕਾਂ ਨੂੰ ਉਨ੍ਹਾਂ ਦਾ ਸਭ ਤੋਂ ਵੱਡਾ ਹਿਤੈਸ਼ੀ ਹੋਣ ਦਾ ਭਰੋਸਾ ਦੇ ਰਿਹਾ ਹੈ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਵਿੱਚ ਕਈ ਰੈਲੀਆਂ ਕਰ ਕੇ, ਪੰਜਾਬੀਆਂ ਨਾਲ ਖੂਨ ਦਾ ਰਿਸ਼ਤਾ ਹੋਣ ਦਾ ਹੋਕਾ ਦੇ ਕੇ ਪੰਜਾਬੀ ਹੋਣ ਦਾ ਦਾਅਵਾ ਕੀਤਾ ਗਿਆ। ਭਾਜਪਾ ਦੇ ਕਈ ਕੇਂਦਰੀ ਮੰਤਰੀ ਵੀ ਪੰਜਾਬ ਦੇ ਚੋਣ ਮੈਦਾਨ ਵਿੱਚ ਉਤਰੇ ਹੋਏ ਹਨ। ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਵੱਲੋਂ ਵੀ ਅੰਮ੍ਰਿਤਸਰ ਵਿੱਚ ਰੈਲੀ ਕਰ ਕੇ ਵੋਟਰਾਂ ਨੂੰ ਪਾਰਟੀ ਦੇ ਹੱਕ ਵਿੱਚ ਤੋਰਨ ਦਾ ਉਪਰਾਲਾ ਕੀਤਾ ਗਿਆ। ਰਾਹੁਲ ਗਾਂਧੀ ਵੱਲੋਂ ਆਪਣੇ ਭਾਸ਼ਣ ਵਿੱਚ ਮੁੱਖ ਰੂਪ ਵਿੱਚ ਸ੍ਰੀ ਦਰਬਾਰ ਸਾਹਿਬ ਅਤੇ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਕੀਤਾ ਗਿਆ। ਰਾਹੁਲ ਗਾਂਧੀ ਦੇ ਨਾਲ-ਨਾਲ ਕਾਂਗਰਸ ਦੇ ਕਈ ਸਾਬਕਾ ਮੰਤਰੀ ਅਤੇ ਸੀਨੀਅਰ ਆਗੂ ਮੈਦਾਨ ਵਿੱਚ ਉੱਤਰੇ ਹੋਏ ਹਨ। ਉਧਰ, ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੁੜ ਇੱਥੇ ਦੋ ਦਿਨਾਂ ਦੇ ਦੌਰੇ ’ਤੇ ਆਏ ਹਨ। ਉਹ ਕੱਲ੍ਹ ਅੰਮ੍ਰਿਤਸਰ ਵਿੱਚ ਵਪਾਰੀਆਂ ਨਾਲ ਮੀਟਿੰਗ ਕਰਨ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਦੋ ਦਿਨਾਂ ਤੋਂ ਮਾਝੇ ਵਿੱਚ ਰੋਡ ਸ਼ੋਅ ਅਤੇ ਰੈਲੀਆਂ ਕਰ ਰਹੇ ਹਨ। ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਮਾਝੇ ਦਾ ਗੇੜਾ ਕੱਢਿਆ ਗਿਆ ਹੈ। ਅਕਾਲੀ ਦਲ ਕੋਲ ਲੀਡਰਸ਼ਿਪ ਦੀ ਘਾਟ ਚੋਣਾਂ ਵਿੱਚ ਰੜਕ ਰਹੀ ਹੈ। ਸੁਖਬੀਰ ਬਾਦਲ ਤੋਂ ਇਲਾਵਾ ਬਹੁਤੇ ਥਾਵਾਂ ’ਤੇ ਉਮੀਦਵਾਰ ਹੀ ਆਪਣੀ ਲੜਾਈ ਲੜ ਰਹੇ ਹਨ। ਮਾਝੇ ਦੀਆਂ ਤਿੰਨ ਲੋਕ ਸਭਾ ਸੀਟਾਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਖਡੂਰ ਸਾਹਿਬ ’ਤੇ ਦਿਲਚਸਪ ਮੁਕਾਬਲਾ ਬਣਿਆ ਹੋਇਆ ਹੈ। ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੇ ਸਿਆਸੀ ਪਾਰਟੀਆਂ ਦਾ ਗਣਿਤ ਵਿਗਾੜਿਆ ਹੋਇਆ ਹੈ। ਉਧਰ, ਅਕਾਲੀ ਦਲ ਨੇ ਮਾਝੇ ਦੇ ਖਾਸ ਕਰਕੇ ਤਰਨ ਤਾਰਨ ਦੇ ਵੱਡੇ ਲੀਡਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿੱਚੋਂ ਕੱਢ ਕੇ ਇਕ ਨਵੀਂ ਸਿਰਦਰਦੀ ਸਹੇੜ ਲਈ ਹੈ। ਜਿਉਂ ਜਿਉਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਨੂੰ ਿਜਤਾਉਣ ਲਈ ਸਿਰ ਤੋੜ ਯਤਨ ਕਰ ਰਹੀਆਂ ਹਨ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.