
ਨੀਟ ’ਚ ਧਾਂਦਲੀ ਹੋਈ, ਸੁਪਰੀਮ ਕੋਰਟ ਦੀ ਨਿਗਰਾਨੀ ’ਚ ਜਾਂਚ ਹੋਵੇ: ਕਾਂਗਰਸ
- by Aaksh News
- June 7, 2024

ਕਾਂਗਰਸ ਨੇ ਮੈਡੀਕਲ ਦਾਖਲਾ ਪ੍ਰੀਖਿਆ ਨੀਟ (ਗ੍ਰੈਜੂਏਟ) ਵਿੱਚ ਧਾਂਦਲੀ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਸ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਨਿਆਂ ਮਿਲ ਸਕੇ। ਨੀਟ ਦਾ ਨਤੀਜਾ 4 ਜੂਨ ਨੂੰ ਐਲਾਨਿਆ ਗਿਆ ਸੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਕਸ ’ਤੇ ਪੋਸਟ ਕੀਤਾ, ‘ਪੇਪਰ ਲੀਕ, ਧਾਂਦਲੀ ਅਤੇ ਭ੍ਰਿਸ਼ਟਾਚਾਰ ਨੀਟ ਸਮੇਤ ਕਈ ਪ੍ਰੀਖਿਆਵਾਂ ਦਾ ਅਨਿੱਖੜਵਾਂ ਅੰਗ ਬਣ ਗਏ ਹਨ। ਇਸ ਲਈ ਮੋਦੀ ਸਰਕਾਰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ। ਨੀਟ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਵੇ ਤੇ ਪ੍ਰੀਖਿਆਰਥੀਆਂ ਨੂੰ ਇਨਸਾਫ਼ ਮਿਲੇ।’ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਨੀਟ ’ਤੇ ਗੰਭੀਰ ਦੋਸ਼ ਹਨ। ਇਕ ਸੈਂਟਰ ਦੇ 6 ਪ੍ਰੀਖਿਆਰਥੀਆਂ ਦੇ 720 ਵਿਚੋਂ 720 ਅੰਕ ਕਈ ਸੁਆਲ ਪੈਦਾ ਕਰਦਾ ਹੈ। ਨਤੀਜਾ ਆਉਣ ਬਾਅਦ ਦੇਸ਼ ਭਰ ਵਿੱਚ ਬੱਚਿਆਂ ਵੱਲੋਂ ਖੁਦਕੁਸ਼ੀ ਕਰਨ ਦੀਆਂ ਰਿਪੋਰਟਾਂ ਅੰਦਰੋ ਹਿਲਾ ਦੇਣ ਵਾਲੀਆਂ ਹਨ।’