
ਲਾਲੜੂ 'ਚ ਇੱਟਾਂ ਦੇ ਭੱਠੇ ’ਤੇ ਟਰੈਕਟਰ-ਟਰਾਲੀ ਹੇਠ ਕੁਚਲਿਆ ਗਿਆ ਢਾਈ ਸਾਲਾ ਮਾਸੂਮ, ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰ
- by Aaksh News
- May 1, 2024

ਨਜ਼ਦੀਕੀ ਪਿੰਡ ਜੌਲਾਂ ਕਲਾਂ ’ਚ ਇੱਟਾਂ ਦੇ ਭੱਠੇ ’ਤੇ ਟਰੈਕਟਰ-ਟਰਾਲੀ ਹੇਠ ਆਉਣ ਕਾਰਨ ਢਾਈ ਸਾਲਾ ਬੱਚੇ ਦੀ ਮੌਤ ਹੋ ਗਈ। ਇਹ ਟਰੈਕਟਰ ਟਰਾਲੀ ਵੀ ਇੱਟਾਂ ਦੇ ਭੱਠੇ ਦੀ ਹੈ ਜਿਸ ’ਤੇ ਚੜ੍ਹ ਕੇ ਬੱਚਿਆਂ ਨੇ ਟਰੈਕਟਰ ਦੀ ਚਾਬੀ ਨੂੰ ਘੁੰਮਾ ਕੇ ਟਰੈਕਟਰ ਚੱਲਾ ਦਿੱਤਾ ਤੇ ਹਾਦਸਾ ਵਾਪਰ ਗਿਆ। ਹੰਡੇਸਰਾ ਪੁਲਿਸ ਨੇ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਜੌਲਾਂ ਕਲਾਂ ਦੇ ਡੀਬੀਡੀ ਇੱਟਾਂ ਦੇ ਭੱਠੇ ’ਚ ਪਰਵਾਸੀ ਮਜ਼ਦੂਰ ਰਹਿੰਦੇ ਹਨ। ਇਨ੍ਹਾਂ ਵਿੱਚੋਂ ਬਾਬੂਰਾਮ ਦਾ ਪੁੱਤਰ ਸੂਰਜ ਦੋ ਹੋਰ ਬੱਚਿਆਂ ਨਾਲ ਭੱਠੇ ਨੇੜੇ ਖੇਡ ਰਿਹਾ ਸੀ। ਬਾਬੂਰਾਮ ਨੇ ਦੱਸਿਆ ਕਿ ਭੱਠੇ ਦਾ ਮੁਨਸ਼ੀ ਰਾਮ ਨਿਵਾਸ ਟਰੈਕਟਰ ਟਰਾਲੀ ਖੜ੍ਹਾ ਕਰ ਕੇ ਚਾਬੀ ਵਿਚ ਹੀ ਛੱਡ ਕੇ ਕੰਮ ਲਈ ਅੰਦਰ ਚਲਾ ਗਿਆ ਸੀ। ਖੇਡਦੇ ਹੋਏ ਦੋ ਬੱਚੇ ਟਰੈਕਟਰ ’ਤੇ ਚੜ੍ਹ ਗਏ ਅਤੇ ਸੀਟ ’ਤੇ ਬੈਠ ਗਏ। ਉਨ੍ਹਾਂ ਵਿੱਚੋਂ ਇਕ ਨੇ ਚਾਬੀ ਘੁੰਮਾ ਦਿੱਤੀ ਅਤੇ ਟਰੈਕਟਰ ਸਟਾਰਟ ਹੋ ਗਿਆ। ਗੇਅਰ ਵਿੱਚ ਹੋਣ ਕਾਰਨ ਟਰੈਕਟਰ ਅੱਗੇ ਵਧਣ ਲੱਗਾ, ਜਿਸ ਕਾਰਨ ਟਰਾਲੀ ਦਾ ਪਿਛਲਾ ਪਹੀਆ ਹੇਠਾਂ ਖੇਡ ਰਹੇ ਸੂਰਜ ਦੇ ਸਿਰ ਉੱਤੋਂ ਦੀ ਲੰਘ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬੱਚੇ ਦੀ ਲਾਸ਼ ਡੇਰਾਬੱਸੀ ਸਿਵਲ ਹਸਪਤਾਲ ’ਚ ਰਖਵਾਈ ਗਈ ਹੈ ਜਿਸ ਦਾ ਹਾਲੇ ਪੋਸਟਮਾਰਟਮ ਨਹੀਂ ਹੋ ਸਕਿਆ। ਬਾਬੂਰਾਮ ਨੇ ਰਾਮਨਿਵਾਸ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਨੇ ਟਰੈਕਟਰ ਦੀਆਂ ਚਾਬੀਆਂ ਟਰੈਕਟਰ ਵਿੱਚ ਹੀ ਛੱਡ ਦਿੱਤੀਆਂ ਸਨ। ਖ਼ਬਰ ਲਿਖੇ ਜਾਣ ਤੱਕ ਪੁਲਿਸ ਕਾਰਵਾਈ ਜਾਰੀ ਸੀ।