ਅਮਰੀਕਾ ’ਚ ਦੋ ਭੈਣਾਂ ਨੂੰ ਗੋਲੀਆਂ ਮਾਰੀਆਂ, ਇਕ ਦੀ ਮੌਤ ਤੇ ਪੰਜਾਬੀ ਨੌਜਵਾਨ ਗ੍ਰਿਫ਼ਤਾਰ
- by Aaksh News
- June 15, 2024
ਅਮਰੀਕਾ ਦੇ ਨਿਊਜਰਸੀ ’ਚ ਜਲੰਧਰ ਦੀਆਂ ਰਹਿਣ ਵਾਲੀਆਂ ਦੋ ਭੈਣਾਂ ’ਤੇ ਨੌਜਵਾਨ ਨੇ ਗੋਲੀ ਚਲਾ ਦਿੱਤੀ, ਜਿਸ ਕਾਰਨ ਇਕ ਦੀ ਮੌਤ ਹੋ ਗਈ, ਜਦਕਿ ਦੂਜੀ ਦੀ ਹਾਲਤ ਨਾਜ਼ੁਕ ਹੈ। ਵਾਰਦਾਤ ਨੂੰ ਅੰਜ਼ਾਮ ਦੇਣ ਵਾਲਾ ਨੌਜਵਾਨ ਵੀ ਨਕੋਦਰ ਦਾ ਰਹਿਣ ਵਾਲਾ ਹੈ। ਮੁਲਜ਼ਮ ਦੀ ਪਛਾਣ ਗੌਰਵ ਗਿੱਲ ਵਾਸੀ ਪਿੰਡ ਹੁਸੈਨਪੁਰ ਵਜੋਂ ਹੋਈ ਹੈ। ਗੋਲੀਬਾਰੀ ’ਚ ਮਰਨ ਵਾਲੀ ਔਰਤ ਦੀ ਪਛਾਣ 29 ਸਾਲਾ ਜਸਵੀਰ ਕੌਰ ਵਾਸੀ ਨੂਰਮਹਿਲ ਵਜੋਂ ਹੋਈ ਹੈ। ਘਟਨਾ ਵਿਚ ਜਸਵੀਰ ਕੌਰ ਦੀ 20 ਸਾਲਾ ਭੈਣ ਗਗਨ ਜ਼ਖ਼ਮੀ ਹੋ ਗਈ, ਜਿਸ ਦੀ ਹਾਲਤ ਨਾਜ਼ੁਕ ਹੈ। ਉਨ੍ਹਾਂ ਦਾ ਅਮਰੀਕਾ ’ਚ ਇਲਾਜ ਚੱਲ ਰਿਹਾ ਹੈ। ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵੀਰ ਕੌਰ ਸ਼ਾਦੀਸ਼ੁਦਾ ਸੀ ਅਤੇ ਉਸ ਦਾ ਪਤੀ ਟਰੱਕ ਚਲਾਉਂਦਾ ਹੈ। ਗ੍ਰਿਫ਼ਤਾਰ ਮੁਲਜ਼ਮ ਗੌਰਵ ਅਤੇ 20 ਸਾਲਾ ਲੜਕੀ ਦੋਵੇਂ ਇਕ ਦੂਜੇ ਨੂੰ ਜਾਣਦੇ ਸਨ। ਦੋਵੇਂ ਅਮਰੀਕਾ ’ਚ ਸਨ, ਇਸ ਲਈ ਗੌਰਵ ਨੇ ਮੌਕਾ ਪਾ ਕੇ ਲੜਕੀ ’ਤੇ ਗੋਲੀਆਂ ਚਲਾ ਦਿੱਤੀਆਂ। ਜਾਣਕਾਰੀ ਅਨੁਸਾਰ ਹਮਲੇ ਤੋਂ ਬਾਅਦ ਮੁਲਜ਼ਮ ਨੂੰ ਪੁਲੀਸ ਨੇ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਸੀ।

