post

Jasbeer Singh

(Chief Editor)

Patiala News

ਅਲੀਪੁਰ ਅਰਾਈਆਂ 'ਚ ਦੋ ਦਿਨ ਪਹਿਲਾਂ ਲਏ ਪਾਣੀ ਦੇ ਸੈਂਪਲ ਠੀਕ ਆਏ, ਘਰ-ਘਰ ਸਰਵੇ ਦੌਰਾਨ ਨਵੇਂ ਮਰੀਜਾਂ 'ਚ ਵੀ ਹਲਕੇ ਲੱਛਣ

post-img

ਅਲੀਪੁਰ ਅਰਾਈਆਂ 'ਚ ਦੋ ਦਿਨ ਪਹਿਲਾਂ ਲਏ ਪਾਣੀ ਦੇ ਸੈਂਪਲ ਠੀਕ ਆਏ, ਘਰ-ਘਰ ਸਰਵੇ ਦੌਰਾਨ ਨਵੇਂ ਮਰੀਜਾਂ 'ਚ ਵੀ ਹਲਕੇ ਲੱਛਣ-ਡਾ. ਪ੍ਰੀਤੀ ਯਾਦਵ -ਸਥਿਤੀ ਦੇ ਮੁਲੰਕਣ ਲਈ ਡਿਪਟੀ ਕਮਿਸ਼ਨਰ ਵੱਲੋਂ ਨਗਰ ਨਿਗਮ ਕਮਿਸ਼ਨਰ, ਏ.ਡੀ.ਸੀਜ, ਸਿਵਲ ਸਰਜਨ ਤੇ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਬੈਠਕ -ਕਿਹਾ, ਜ਼ਿਲ੍ਹੇ ਭਰ 'ਚ ਪਾਣੀ ਦੀ ਸੈਂਪਲਿੰਗ, ਹੌਟ-ਸਪੌਟ ਇਲਾਕਿਆਂ 'ਚ ਮੋਨੀਟਰਿੰਗ ਦੀ ਹਦਾਇਤ -ਨਗਰ ਨਿਗਮ ਦੀਆਂ ਟੀਮਾਂ ਰਾਤ 1 ਤੋਂ 3 ਵਜੇ ਦੇ ਦਰਮਿਆਨ ਕਰ ਰਹੀਆਂ ਹਨ ਸੀਵਰੇਜ ਮੈਨਹੋਲਾਂ ਦੀ ਚੈਕਿੰਗ -ਸਿਹਤ ਵਿਭਾਗ ਦੀਆਂ ਟੀਮਾਂ ਵੀ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ 24 ਘੰਟੇ ਉਪਲਬੱਧ ਪਟਿਆਲਾ, 12 ਜੁਲਾਈ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਹੈ ਕਿ ਅਲੀਪੁਰ ਅਰਾਈਆਂ 'ਚ ਉਲਟੀਆਂ ਤੇ ਦਸਤ ਰੋਗ ਦੀ ਸਥਿਤੀ ਹੁਣ ਸੁਧਰ ਗਈ ਹੈ ਅਤੇ ਪਾਣੀ ਦੇ ਦੋ ਦਿਨ ਪਹਿਲਾਂ ਲਏ ਗਏ ਸੈਂਪਲਾਂ ਦੀ ਰਿਪੋਰਟ ਠੀਕ ਆਈ ਹੈ। ਉਹ ਸਥਿਤੀ ਦਾ ਮੁਲੰਕਣ ਕਰਨ ਲਈ ਕਮਿਸ਼ਨਰ ਨਗਰ ਨਿਗਮ ਪਰਮਵੀਰ ਸਿੰਘ, ਏ.ਡੀ.ਸੀ ਨਵਰੀਤ ਕੌਰ ਸੇਖੋਂ ਤੇ ਅਮਰਿੰਦਰ ਸਿੰਘ ਟਿਵਾਣਾ, ਐਸ.ਡੀ.ਐਮ ਤੇ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਬੈਠਕ ਰਹੇ ਸਨ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਲੀਪੁਰ ਅਰਾਈਆਂ ਇਲਾਕੇ ਵਿੱਚ ਸਿਹਤ ਟੀਮਾਂ ਵੱਲੋਂ ਘਰ-ਘਰ ਸਰਵੇ ਦੌਰਾਨ ਪਿਛਲੇ 24 ਘੰਟਿਆਂ 'ਚ ਹਲਕੇ ਲੱਛਣਾਂ ਵਾਲੇ ਕੇਵਲ 6 ਨਵੇਂ ਮਰੀਜ ਆਏ ਹਨ, ਜਿਨ੍ਹਾਂ ਨੂੰ ਵੀ ਦਾਖਲ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁਲ 137 ਕੇਸ ਅਲੀਪੁਰ ਅਰਾਈਆਂ ਵਿਖੇ ਆਏ ਸਨ, ਜਿਨ੍ਹਾਂ 'ਚੋਂ 16 ਨੂੰ ਦਾਖਲ ਕਰਨ ਦੀ ਲੋੜ ਪਈ ਸੀ ਅਤੇ ਹੁਣ ਕੇਵਲ ਦੋ ਮਰੀਜ ਹੀ ਦਾਖਲ ਹਨ, ਜਿਨ੍ਹਾਂ ਦੀ ਸਥਿਤੀ ਬਿਲਕੁਲ ਠੀਕ ਹੈ ਜਦਕਿ ਬਾਕੀਆਂ ਨੂੰ ਛੁੱਟੀ ਕਰ ਦਿੱਤੀ ਗਈ ਹੈ । ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਜ਼ਿਲ੍ਹੇ ਭਰ 'ਚ ਅਤੇ ਖਾਸ ਕਰਕੇ ਪਿਛਲੇ ਸਾਲਾਂ ਦੌਰਾਨ ਹੌਟ ਸਪੌਟ ਰਹੇ ਇਲਾਕਿਆਂ ਵਿੱਚ ਪਾਣੀ ਦੀ ਸੈਂਪਲਿੰਗ ਕਰਵਾਈ ਗਈ ਹੈ ਅਤੇ ਕਲੋਰੀਨੇਸ਼ਨ ਦੀ ਮਾਤਰਾ ਵੀ ਵਧਾਈ ਗਈ ਹੈ। ਉਨ੍ਹਾਂ ਕਿਹਾ ਕਿ ਅਲੀਪੁਰ ਵਿਖੇ 3 ਥਾਵਾਂ 'ਤੇ ਪਾਣੀ 'ਚ ਖਰਾਬੀ ਆਈ ਸੀ, ਜਿਸ ਨੂੰ ਤੁਰੰਤ ਠੀਕ ਕਰ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਏ. ਡੀ. ਸੀ. (ਦਿਹਾਤੀ) ਵਿਕਾਸ ਤੇ ਸ਼ਹਿਰੀ ਵਿਕਾਸ ਸਮੇਤ ਐਸ.ਡੀ.ਐਮਜ ਜ਼ਿਲ੍ਹੇ ਭਰ 'ਚ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ ਤੇ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਲੋਕਾਂ ਨੂੰ ਪੀਣ ਵਾਲਾ ਪਾਣੀ ਸਾਫ-ਸੁਥਰਾ ਸਪਲਾਈ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ। ਜਦਕਿ ਸ਼ਿਕਾਇਤ ਮਿਲਣ 'ਤੇ ਪੀਡੀਏ ਵੱਲੋਂ ਓਮੈਕਸ ਸਿਟੀ ਵਿਖੇ ਵੀ ਪਾਣੀ ਦੀ ਸੈਂਪਲਿੰਗ ਕਰਵਾਈ ਗਈ ਹੈ ਤੇ ਪਾਣੀ ਦੀ ਮੇਨ ਲਾਈਨ ਦੀ ਸਕਾਵਰਿੰਗ ਕਰਕੇ ਕਲੋਰੀਨੇਸ਼ਨ ਕਰਵਾ ਦਿੱਤੀ ਗਈ ਹੈ। ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਕਮਿਸ਼ਨਰ ਪਰਮਵੀਰ ਸਿੰਘ ਦੀ ਦੇਖ-ਰੇਖ ਹੇਠ ਰਾਤ ਨੂੰ 1 ਤੋਂ 3 ਵਜੇ ਤੱਕ ਅਲੀਪੁਰ ਦੇ ਸਾਰੀ ਸੀਵਰੇਜ ਲਾਈਨ ਦੇ ਮੈਨਹੋਲਾਂ ਦਾ ਨਿਰੀਖਣ ਕਰਕੇ ਪਾਣੀ ਦੀ ਪਾਈਪ ਲਾਈਨ ਦੀ ਚੈਕਿੰਗ ਕਰਕੇ ਨੁਕਸ ਲੱਭਕੇ ਉਨ੍ਹਾਂ ਨੂੰ ਠੀਕ ਕਰਨ ਦੀ ਪ੍ਰਕ੍ਰਿਆ ਕੀਤੀ ਗਈ ਹੈ। ਜਦੋਂਕਿ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਦੀ ਅਗਵਾਈ ਹੇਠਲੀਆਂ ਸਿਹਤ ਵਿਭਾਗ ਦੀਆਂ ਟੀਮਾਂ 24 ਘੰਟੇ ਲੋਕਾਂ ਨੂੰ ਬਿਹਤਰ ਮੈਡੀਕਲ ਸਹਾਇਤਾ ਦੇਣ ਲਈ ਉਪਲਬੱਧ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦਾ ਦੂਸ਼ਿਤ ਪਾਣੀ ਪੀਣ ਤੋਂ ਬਚਣ ਲਈ ਕਲੋਰੀਨ ਦੀਆਂ ਗੋਲੀਆਂ ਵਾਲਾ ਅਤੇ ਉਬਲਿਆ ਪਾਣੀ ਵਰਤਣ ਪਰੰਤੂ ਜੇਕਰ ਕਿਸੇ ਨੂੰ ਉਲਟੀਆਂ ਜਾਂ ਦਸਤ ਦੇ ਕੋਈ ਲੱਛਣ ਆਉਂਦੇ ਹਨ ਤਾਂ ਉਹ ਘਰੇਲੂ ਉਪਾਅ ਕਰਨ ਦੀ ਬਜਾਇ ਤੁਰੰਤ ਨੇੜਲੇ ਸਿਹਤ ਕੇਂਦਰ ਜਾਂ ਹਸਪਤਾਲ ਤੋਂ ਮੈਡੀਕਲ ਸਹਾਇਤਾ ਲੈਣ ।

Related Post