
ਖੇੜੀ ਚੰਦਵਾਂ ਅਤੇ ਆਲੋਅਰਖ ਵਿਖੇ ਪੌਸ਼ਟਿਕ ਤੱਤਾਂ ਦੇ ਪ੍ਰਬੰਧਨ ਬਾਰੇ ਜਾਗਰੂਕਤਾ ਕੈਂਪ ਦਾ ਆਯੋਜਨ
- by Jasbeer Singh
- January 20, 2025

ਖੇੜੀ ਚੰਦਵਾਂ ਅਤੇ ਆਲੋਅਰਖ ਵਿਖੇ ਪੌਸ਼ਟਿਕ ਤੱਤਾਂ ਦੇ ਪ੍ਰਬੰਧਨ ਬਾਰੇ ਜਾਗਰੂਕਤਾ ਕੈਂਪ ਦਾ ਆਯੋਜਨ ਸੰਗਰੂਰ, 20 ਜਨਵਰੀ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਰਹਿਨੁਮਾਈ ਹੇਠ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵੱਲੋਂ ਅੱਜ ਖੇੜੀ ਚੰਦਵਾਂ ਅਤੇ ਆਲੋਅਰਖ ਵਿਖੇ ਕਿਸਾਨਾਂ ਨੂੰ ਕਣਕ ਦੀ ਫ਼ਸਲ ਵਿੱਚ ਕੀੜਿਆਂ, ਨਦੀਨਾਂ ਅਤੇ ਖੁਰਾਕੀ ਤੱਤਾਂ ਦੇ ਪ੍ਰਬੰਧਨ ਬਾਰੇ ਜਾਗਰੂਕ ਕਰਨ ਲਈ ਕੈਂਪ ਲਗਾਏ । ਇਹਨਾਂ ਕੈਂਪਾਂ ਦਾ ਉਦੇਸ਼ ਫਸਲ ਪ੍ਰਬੰਧਨ ਦੀਆਂ ਨਵੀਨਤਮ ਤਕਨੀਕਾਂ ਦਾ ਪ੍ਰਸਾਰ ਕਰਨਾ ਸੀ । ਇਸ ਮੌਕੇ ਡਾ. ਅਸ਼ੋਕ ਕੁਮਾਰ, ਜ਼ਿਲ੍ਹਾ ਪਸਾਰ ਵਿਗਿਆਨੀ ਨੇ ਖੁਰਾਕੀ ਤੱਤਾਂ ਜਿਵੇਂ ਕਿ ਮੈਂਗਨੀਜ਼ ਅਤੇ ਜ਼ਿੰਕ ਦੀ ਕਮੀ ਦੇ ਲੱਛਣਾਂ ਦੀ ਪਛਾਣ ਕਰਨ ਅਤੇ ਇਲਾਜ 'ਤੇ ਚਰਚਾ ਕੀਤੀ। ਉਹਨਾਂ ਨੇ ਪੋਟਾਸ਼ੀਅਮ ਨਾਈਟ੍ਰੇਟ ਦੀ ਵਰਤੋਂ ਬਾਰੇ ਵੀ ਵਿਸਥਾਰ ਨਾਲ ਦੱਸਿਆ ਅਤੇ ਮਿੱਟੀ ਦੇ ਨਮੂਨੇ ਲੈਣ, ਪ੍ਰਭਾਵਸ਼ਾਲੀ ਨਦੀਨਨਾਸ਼ਕਾਂ ਦੀ ਵਰਤੋਂ ਬਾਰੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ । ਪਿੰਡ ਖੇੜੀ ਚੰਦਵਾਂ ਦੇ ਸਾਬਕਾ ਸਰਪੰਚ ਨੇ ਸਰਫੇਸ ਸੀਡਰ ਮਸ਼ੀਨ ਨਾਲ ਅੱਧਾ ਏਕੜ ਕਣਕ ਦੀ ਬਿਜਾਈ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਉਹ ਤਕਨੀਕ ਤੋਂ ਸੰਤੁਸ਼ਟ ਹਨ । ਇਸੇ ਤਰ੍ਹਾਂ ਇੱਕ ਹੋਰ ਕਿਸਾਨ ਰਾਂਝਾ ਸਿੰਘ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਇਸ ਦਾ ਪ੍ਰਬੰਧਨ ਕਰਨ ਲਈ ਵੱਖ-ਵੱਖ ਤਰੀਕਿਆਂ ਦੀ ਵਰਤੋਂ ਕੀਤੀ । ਝੋਨੇ ਦੀ ਪਰਾਲੀ ਦੇ ਪ੍ਰਬੰਧਨ ਵਾਲੇ ਖੇਤਾਂ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਦੀ ਸੰਭਾਵਨਾ ਸਬੰਧੀ ਪੁੱਛੇ ਵੱਖ-ਵੱਖ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿੱਤੇ ਗਏ। ਕੈਂਪ ਵਿਚ ਪਿੰਡ ਆਲੋਅਰਖ ਦੇ ਦਰਸ਼ਨ ਸਿੰਘ, ਗੁਰਮੁੱਖ ਸਿੰਘ ਅਤੇ ਹੋਰ ਅਗਾਂਹਵਧੂ ਕਿਸਾਨ ਹਾਜ਼ਰ ਸਨ । ਕੈਂਪਾਂ ਦੌਰਾਨ ਧਾਤਾਂ ਦੇ ਚੂਰੇ, ਬਾਈਪਾਸ ਫੈਟ ਅਤੇ ਪਸ਼ੂ ਚਾਟ ਦੀ ਪ੍ਰਦਰਸ਼ਨੀ ਅਤੇ ਵਿਕਰੀ ਵੀ ਕੀਤੀ ਗਈ ।