July 6, 2024 00:56:04
post

Jasbeer Singh

(Chief Editor)

Latest update

ਕਾਂਗਰਸ ਨੇ ਚੋਣ ਪ੍ਰਚਾਰ ਵਿੱਚ ਤੇਜ਼ੀ ਲਿਆਂਦੀ

post-img

ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਕਾਂਗਰਸ ਦਾ ਚੋਣ ਪ੍ਰਚਾਰ ਉਦੋਂ ਸਿਖਰਾਂ ’ਤੇ ਪੁੱਜ ਗਿਆ, ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਨਵੇਂ ਬਣੇ ਐੱਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਜਲੰਧਰ ਤੋਂ ਕਾਂਗਰਸ ਦੇ ਐੱਮਪੀ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਅਨੇਕਾਂ ਹੋਰ ਕਾਂਗਰਸੀ ਆਗੂਆਂ ਨੇ ਚੋਣ ਰੈਲੀ ’ਚ ਹਾਜ਼ਰੀ ਲਵਾਈ। ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਕੀਤੇ ਇੱਕਠ ਦੌਰਾਨ ਕਾਂਗਰਸ ਨੇ ਜਿਹੜੇ ਪੈਲੇਸ ’ਚ ਸਮਾਗਮ ਕੀਤਾ ਸੀ, ਉਸ ’ਚ ਵੀ ਥਾਂ ਥੋੜ੍ਹੀ ਪੈ ਗਈ। ਇਸ ਸਮਾਗਮ ’ਚ ਵੱਡੀ ਗਿਣਤੀ ਔਰਤਾਂ ਨੇ ਆਪਣੀ ਹਾਜ਼ਰੀ ਲਵਾਈ। ਏਨੇ ਵੱਡੇ ਇੱਕਠ ਨੂੰ ਦੇਖ ਕੇ ਕਾਂਗਰਸ ਦੇ ਤਿੰਨੋਂ ਆਗੂ ਰਾਜਾ ਵੜਿੰਗ, ਬਾਜਵਾ ਅਤੇ ਚੰਨੀ ਬਾਗੋਬਾਗ ਹੋ ਗਏ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਇੱਕਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਜਲੰਧਰ ਪੱਛਮੀ ਸੀਟ ਕਾਂਗਰਸ ਨੇ ਜਿੱਤ ਲਈ ਹੈ ਹੁਣ ਸਿਰਫ 13 ਜੁਲਾਈ ਨੂੰ ਐਲਾਨ ਹੋਣਾ ਬਾਕੀ ਹੈ। ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਪਾਰਟੀ ਦੀ ਉਮੀਦਵਾਰ ਸੁਰਿੰਦਰ ਕੌਰ ਦੇ ਹੱਕ ਵਿੱਚ ਕੀਤੀ ਇਸ ਚੋਣ ਰੈਲੀ ਦੌਰਾਨ ਭਾਜਪਾ ਤੇ ‘ਆਪ’ ਨੂੰ ਬੁਰੀ ਤਰ੍ਹਾਂ ਨਾਲ ਹਰਾਉਣ ਦਾ ਸੱਦਾ ਦਿੱਤਾ। ਰਾਜਾ ਵੜਿੰਗ ਨੇ ‘ਆਪ’ ਅਤੇ ਭਾਜਪਾ ’ਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ‘ਆਪ’ ਦੀ ਢਾਈ ਸਾਲ ਦੀ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ। ਸਾਬਕਾ ਮੁੱਖ ਮੰਤਰੀ ਤੇ ਨਵੇਂ ਬਣੇ ਐੱਮਪੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬੀਬੀ ਸੁਰਿੰਦਰ ਕੌਰ ਦੀ ਜਿੱਤ ਇੱਕ ਨਵਾਂ ਰਿਕਾਰਡ ਸਥਾਪਿਤ ਕਰੇਗੀ। ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਆਪੋ-ਆਪਣਾ ਬੂਥ ਸੰਭਾਲਣ। ਕਾਂਗਰਸ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਵਰਕਰਾਂ ਤੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਇਸ ਜ਼ਿਮਨੀ ਚੋਣ ਲਈ ਆਪੋ-ਆਪਣੇ ਵਾਰਡਾਂ ਵਿੱਚ ਪ੍ਰਚਾਰ ਕਰਨ ਅਤੇ ਲੋਕਾਂ ਨੂੰ ਕਾਂਗਰਸ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ। ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਬਾਰੇ ਟਿੱਪਣੀ ਕਰਦਿਆ ਸ੍ਰੀ ਬਾਜਵਾ ਨੇ ਕਿਹਾ ਕਿ ਭਾਜਪਾ ਨੂੰ ਉਮੀਦਵਾਰ ਨਹੀਂ ਲੱਭਿਆ ਤਾਂ ਉਨ੍ਹਾਂ ਨੇ ‘ਆਪ’ ਦਾ ਵਿਧਾਇਕ ਪਾਰਟੀ ’ਚ ਸ਼ਾਮਲ ਕਰਵਾ ਲਿਆ। ਉਧਰ ‘ਆਪ’ ਨੂੰ ਉਮੀਦਵਾਰ ਨਹੀਂ ਲੱਭਿਆ ਤੇ ਉਨ੍ਹਾਂ ਨੇ ਭਾਜਪਾ ਆਗੂ ਮਹਿੰਦਰ ਭਗਤ ਨੂੰ ਨਾਲ ਰਲਾ ਲਿਆ। ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਹੀ ਛੱਡ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ।

Related Post