post

Jasbeer Singh

(Chief Editor)

Business

IGI Airport: ਇੱਕ ਛੋਟੀ ਜਿਹੀ ਗਲਤੀ ਤੁਹਾਨੂੰ ਏਅਰਪੋਰਟ ਤੋਂ ਸਿੱਧਾ ਪਹੁੰਚਾ ਸਕਦੀ ਜੇਲ੍ਹ, 7 ਦਿਨਾਂ ਚ 3 ਔਰਤਾਂ ਸਣੇ

post-img

ਇਸ ਨੂੰ ਘਰ ਦੀ ਛੋਟੀ ਜਿਹੀ ਗਲਤੀ ਕਹੋ ਜਾਂ ਲਾਪਰਵਾਹੀ, ਪਰ ਜੇਕਰ ਤੁਸੀਂ ਇਸ ਗਲਤੀ ਨੂੰ ਲੈ ਕੇ ਸੁਚੇਤ ਨਹੀਂ ਹੋਏ ਤਾਂ ਤੁਹਾਨੂੰ ਏਅਰਪੋਰਟ ਤੇ ਇਸ ਦੀ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ। ਪਿਛਲੇ ਸੱਤ ਦਿਨਾਂ ਚ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 11 ਯਾਤਰੀਆਂ ਨੂੰ ਉਨ੍ਹਾਂ ਦੇ ਲਾਪਰਵਾਹੀ ਵਾਲੇ ਰਵੱਈਏ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ। ਆਈਜੀਆਈ ਹਵਾਈ ਅੱਡੇ ਦੀ ਸੁਰੱਖਿਆ ਨਾਲ ਜੁੜੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ 11 ਯਾਤਰੀਆਂ ਵਿੱਚ ਤਿੰਨ ਔਰਤਾਂ ਅਤੇ ਇੱਕ ਵਿਦੇਸ਼ੀ ਔਰਤ ਵੀ ਸ਼ਾਮਲ ਹੈ। ਗ੍ਰਿਫਤਾਰੀ ਦੇ ਅੰਕੜੇ ਦੱਸਦੇ ਹਨ ਕਿ ਗ੍ਰਿਫਤਾਰ ਕੀਤੇ ਗਏ ਯਾਤਰੀਆਂ ਦੀ ਸਭ ਤੋਂ ਵੱਧ ਗਿਣਤੀ ਪੰਜਾਬ ਤੋਂ 4, ਦਿੱਲੀ ਤੋਂ 3, ਹਰਿਆਣਾ ਤੋਂ 2 ਅਤੇ ਉੱਤਰ ਪ੍ਰਦੇਸ਼ ਤੋਂ ਇੱਕ ਯਾਤਰੀ ਸ਼ਾਮਲ ਹੈ। ਇਨ੍ਹਾਂ ਵਿੱਚ ਇੱਕ ਫਰਾਂਸੀਸੀ ਮੂਲ ਦੀ ਔਰਤ ਵੀ ਸ਼ਾਮਲ ਹੈ। ਆਖ਼ਰ ਕੀ ਸੀ ਇਹ ਗ਼ਲਤੀ ? ਆਈਜੀਆਈ ਏਅਰਪੋਰਟ ਦੇ ਸੀਨੀਅਰ ਸੁਰੱਖਿਆ ਅਧਿਕਾਰੀ ਅਨੁਸਾਰ, ਜਿਸ ਗਲਤੀ ਜਾਂ ਲਾਪਰਵਾਹੀ ਕਾਰਨ ਯਾਤਰੀਆਂ ਨੂੰ ਗ੍ਰਿਫਤਾਰੀ ਵਰਗੀ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ਏਅਰਪੋਰਟ ਲਈ ਘਰ ਤੋਂ ਰਵਾਨਾ ਹੋਣ ਤੋਂ ਪਹਿਲਾਂ ਆਪਣੇ ਬੈਗਾਂ ਦੀ ਸਹੀ ਤਰ੍ਹਾਂ ਜਾਂਚ ਨਾਂ ਕਰਨਾ ਹੈ। ਬੈਗ ਦੀ ਸਹੀ ਢੰਗ ਨਾਲ ਜਾਂਚ ਨਾਂ ਕਰਨ ਕਾਰਨ ਅਕਸਰ ਹੀ ਅਜਿਹੀਆਂ ਚੀਜਾਂ ਬੈਗ ਵਿੱਚ ਹੀ ਰਹਿ ਜਾਂਦੀਆਂ ਹਨ, ਜੋ ਮੁਸਾਫਰਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਜਾਂਦੀਆਂ ਹਨ। ਯਾਤਰੀਆਂ ਦੀ ਗ੍ਰਿਫਤਾਰੀ ਦਾ ਕੀ ਹੈ ਕਾਰਨ? ਉਨ੍ਹਾਂ ਕਿਹਾ ਕਿ ਪਿਛਲੇ ਸੱਤ ਦਿਨਾਂ ਵਿੱਚ ਹੋਈਆਂ 11 ਗ੍ਰਿਫ਼ਤਾਰੀਆਂ ਦਾ ਕਾਰਨ ਅਸਲਾ ਐਕਟ ਹੈ। ਦਰਅਸਲ ਏਅਰਪੋਰਟ ਤੇ ਸੁਰੱਖਿਆ ਜਾਂਚ ਦੌਰਾਨ ਇਨ੍ਹਾਂ ਸਾਰੇ 11 ਯਾਤਰੀਆਂ ਦੇ ਹੈਂਡ ਬੈਗ ਜਾਂ ਚੈੱਕ-ਇਨ ਬੈਗ ਚੋਂ ਜ਼ਿੰਦਾ ਕਾਰਤੂਸ ਬਰਾਮਦ ਹੋਏ ਸਨ। ਪੁੱਛਗਿੱਛ ਦੌਰਾਨ ਇਨ੍ਹਾਂ ਵਿੱਚੋਂ ਕੋਈ ਵੀ ਯਾਤਰੀ ਕਾਰਤੂਸ ਨਾਲ ਸਬੰਧਤ ਜਾਇਜ਼ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਜਿਸ ਤੋਂ ਬਾਅਦ ਇਨ੍ਹਾਂ ਯਾਤਰੀਆਂ ਨੂੰ ਬਿਊਰੋ ਆਫ ਸਿਵਲ ਏਵੀਏਸ਼ਨ ਸਕਿਓਰਿਟੀ (ਬੀ.ਸੀ.ਏ.ਐੱਸ.) ਵਲੋਂ ਗ੍ਰਿਫਤਾਰ ਕੀਤਾ ਗਿਆ ਸੀ। ਕਿਸ ਦੀ ਕਦੋਂ ਹੋਈ ਗ੍ਰਿਫਤਾਰੀ? 25 ਮਾਰਚ ਨੂੰ ਨੂੰ ਪੰਜਾਬ ਦੇ ਫ਼ਿਰੋਜ਼ਪੁਰ ਸ਼ਹਿਰ ਦਾ ਰਹਿਣ ਵਾਲਾ ਗੁਰਜੋਧ ਸਿੰਘ ਏਅਰ ਕੈਨੇਡਾ ਦੀ ਫਲਾਈਟ ਏ.ਸੀ.-043 ਰਾਹੀਂ ਟੋਰਾਂਟੋ ਲਈ ਰਵਾਨਾ ਹੋਣ ਵਾਲਾ ਸੀ। ਆਈਜੀਆਈ ਏਅਰਪੋਰਟ ਤੇ ਸੁਰੱਖਿਆ ਜਾਂਚ ਦੌਰਾਨ ਉਸ ਦੇ ਚੈੱਕ-ਇਨ ਬੈਗ ਚੋਂ 4 ਜਿੰਦਾ ਕਾਰਤੂਸ ਬਰਾਮਦ ਹੋਏ। 26 ਮਾਰਚ ਨੂੰ ਹਰਿਆਣਾ ਦੇ ਫਤਿਹਾਬਾਦ ਦੀ ਰਹਿਣ ਵਾਲੀ ਖੁਸ਼ੀ ਰਾਣੀ ਇੰਡੀਗੋ ਏਅਰਲਾਈਨਜ਼ ਦੀ ਫਲਾਈਟ 6E-2601 ਰਾਹੀਂ ਨਾਗਪੁਰ ਲਈ ਰਵਾਨਾ ਹੋਣ ਵਾਲੀ ਸੀ। ਉਸ ਦੇ ਸਾਮਾਨ ਦੀ ਸੁਰੱਖਿਆ ਜਾਂਚ ਦੌਰਾਨ ਦੋ ਜਿੰਦਾ ਕਾਰਤੂਸ ਬਰਾਮਦ ਹੋਏ। 26 ਮਾਰਚ ਨੂੰ ਫਰਾਂਸੀਸੀ ਮੂਲ ਦਾ ਜਸਟਿਨ ਭਾਰਤ ਦਾ ਦੌਰਾ ਕਰਨ ਆਇਆ। 26 ਮਾਰਚ ਨੂੰ ਨੂੰ ਉਸ ਨੇ ਏਅਰ ਫਰਾਂਸ ਦੀ ਫਲਾਈਟ AF-225 ਰਾਹੀਂ ਪੈਰਿਸ ਲਈ ਰਵਾਨਾ ਹੋਣਾ ਸੀ। ਆਈਜੀਆਈ ਏਅਰਪੋਰਟ ਤੇ ਸੁਰੱਖਿਆ ਜਾਂਚ ਦੌਰਾਨ ਉਸ ਦੇ ਬੈਗ ਚੋਂ ਜ਼ਿੰਦਾ ਕਾਰਤੂਸ ਬਰਾਮਦ ਹੋਏ। 26 ਮਾਰਚ ਨੂੰ ਪੰਜਾਬ ਦੇ ਮੋਗਾ ਸ਼ਹਿਰ ਦਾ ਰਹਿਣ ਵਾਲਾ ਸਾਧੂ ਸਿੰਘ ਕੇਐਲਐਮ ਰਾਇਲ ਡੱਚ ਏਅਰਲਾਈਨਜ਼ ਦੀ ਫਲਾਈਟ KL-872 ਰਾਹੀਂ ਐਮਸਟਰਡਮ ਲਈ ਰਵਾਨਾ ਹੋਣ ਵਾਲਾ ਸੀ। ਆਈਜੀਆਈ ਏਅਰਪੋਰਟ ਤੇ ਚੈੱਕ-ਇਨ ਸਾਮਾਨ ਦੀ ਚੈਕਿੰਗ ਦੌਰਾਨ ਇਕ ਜਿੰਦਾ ਕਾਰਤੂਸ ਬਰਾਮਦ ਕੀਤਾ ਗਿਆ। 27 ਮਾਰਚ ਨੂੰ ਦਿੱਲੀ ਦੇ ਜਾਮੀਆ ਨਗਰ ਦੇ ਰਹਿਣ ਵਾਲੇ ਮੁਸ਼ੱਰਫ ਅਲੀ ਖਾਨ ਨੇ ਫਲਾਈਟ ਨੰਬਰ I5-548 ਤੇ ਲਖਨਊ ਜਾਣਾ ਸੀ। ਯਾਤਰਾ ਤੋਂ ਪਹਿਲਾਂ ਆਈਜੀਆਈ ਹਵਾਈ ਅੱਡੇ ਤੇ ਸੁਰੱਖਿਆ ਜਾਂਚ ਦੌਰਾਨ ਉਸ ਦੇ ਹੈਂਡ ਬੈਗ ਵਿੱਚੋਂ ਸੱਤ ਜਿੰਦਾ ਕਾਰਤੂਸ ਅਤੇ ਇੱਕ ਮੈਗਜ਼ੀਨ ਬਰਾਮਦ ਹੋਇਆ। 28 ਮਾਰਚ ਨੂੰ ਪੰਜਾਬ ਦੇ ਗੁਰਦਾਸਪੁਰ ਦਾ ਰਹਿਣ ਵਾਲਾ ਜੰਗ ਬਹਾਦਰ ਸਿੰਘ ਇਥੋਪੀਅਨ ਏਅਰਲਾਈਨਜ਼ ਦੀ ਫਲਾਈਟ ET-689 ਰਾਹੀਂ ਅਦੀਸ ਅਬਾਬਾ ਲਈ ਰਵਾਨਾ ਹੋਣ ਵਾਲਾ ਸੀ। ਏਅਰਪੋਰਟ ਤੇ ਉਸ ਦੇ ਬੈਗ ਚੋਂ ਇਕ ਜਿੰਦਾ ਕਾਰਤੂਸ ਬਰਾਮਦ ਹੋਇਆ। 29 ਮਾਰਚ ਨੂੰ ਨੂੰ ਹਰਿਆਣਾ ਦੇ ਯਮੁਨਾ ਨਗਰ ਦਾ ਰਹਿਣ ਵਾਲਾ ਅਰਜੁਨ ਸਿੰਘ ਦਿੱਲੀ ਏਅਰਪੋਰਟ ਤੋਂ ਕੋਇੰਬਟੂਰ ਲਈ ਰਵਾਨਾ ਹੋਣ ਵਾਲਾ ਸੀ। ਉਸ ਨੇ IGI ਹਵਾਈ ਅੱਡੇ ਤੋਂ ਇੰਡੀਗੋ ਦੀ ਫਲਾਈਟ 6E-2275 ਫੜਨੀ ਸੀ। ਹਵਾਈ ਅੱਡੇ ਤੇ ਸੁਰੱਖਿਆ ਜਾਂਚ ਦੌਰਾਨ ਉਸ ਦੇ ਬੈਗ ਚੋਂ 17 ਜਿੰਦਾ ਕਾਰਤੂਸ ਅਤੇ ਇਕ ਮੈਗਜ਼ੀਨ ਬਰਾਮਦ ਹੋਇਆ। ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। 29 ਮਾਰਚ ਨੂੰ ਨੂੰ ਦਿੱਲੀ ਦੇ ਰੋਹਿਣੀ ਇਲਾਕੇ ਦੇ ਰਹਿਣ ਵਾਲੇ ਕੁਸ਼ਮੀਤ ਦੇ ਬੈਗ ਵਿੱਚੋਂ ਸੱਤ ਜਿੰਦਾ ਕਾਰਤੂਸ ਬਰਾਮਦ ਹੋਏ। ਕੁਸ਼ਮੀਤ ਨੇ IGI ਹਵਾਈ ਅੱਡੇ ਤੋਂ ਇੰਡੀਗੋ ਦੀ ਫਲਾਈਟ 6E-2485 ਰਾਹੀਂ ਰਵਾਨਾ ਹੋਣਾ ਸੀ। 1 ਅਪ੍ਰੈਲ ਨੂੰ ਏਅਰ ਇੰਡੀਆ ਦੀ ਫਲਾਈਟ AI-161 ਤੇ ਲੰਦਨ ਜਾ ਰਹੇ ਫਤਿਹਗੜ੍ਹ ਸਾਹਿਬ, ਪੰਜਾਬ ਦੇ ਜਗਨ ਦੇ ਕਬਜ਼ੇ ਚੋਂ ਇਕ ਜ਼ਿੰਦਾ ਕਾਰਤੂਸ ਬਰਾਮਦ ਹੋਇਆ। 1 ਅਪ੍ਰੈਲ ਨੂੰ ਉੱਤਰ ਪ੍ਰਦੇਸ਼ ਦੇ ਲਖਨਊ ਸ਼ਹਿਰ ਦੇ ਰਹਿਣ ਵਾਲੇ ਧਰਮਿੰਦਰ ਕੁਮਾਰ ਨੇ ਆਈਜੀਆਈ ਏਅਰਪੋਰਟ ਤੋਂ ਬਾਗਡੋਗਰਾ ਲਈ ਰਵਾਨਾ ਹੋਣਾ ਸੀ। ਏਅਰਪੋਰਟ ਤੇ ਸੁਰੱਖਿਆ ਜਾਂਚ ਦੌਰਾਨ ਉਸ ਦੇ ਬੈਗ ਚੋਂ ਜ਼ਿੰਦਾ ਕਾਰਤੂਸ ਬਰਾਮਦ ਹੋਇਆ। 2 ਅਪ੍ਰੈਲ ਨੂੰ ਦਿੱਲੀ ਦੇ ਨਿਊ ਅਸ਼ੋਕ ਨਗਰ ਇਲਾਕੇ ਦੇ ਰਹਿਣ ਵਾਲੇ ਬਿਬੇਕ ਸਿੰਘ ਨੇ ਪਟਨਾ ਤੋਂ ਦਿੱਲੀ ਲਈ ਰਵਾਨਾ ਹੋਣਾ ਸੀ। ਹਵਾਈ ਅੱਡੇ ਤੇ ਸੁਰੱਖਿਆ ਜਾਂਚ ਦੌਰਾਨ ਉਸ ਦੇ ਬੈਗ ਚੋਂ ਜ਼ਿੰਦਾ ਕਾਰਤੂਸ ਬਰਾਮਦ ਹੋਇਆ। ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ।

Related Post