ਪਟਿਆਲਾ ਦੇ ਸਟੇਟ ਕਾਲਜ 'ਚ ਨਸ਼ਾ ਮੁਕਤੀ ਮੁਹਿੰਮ ਮਸ਼ਹੂਰ ਹਸਤੀਆਂ ਨੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ ਪਟਿਆਲਾ, 17 ਨਵੰਬਰ 2025 : "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਪਟਿਆਲਾ ਦੇ ਸਟੇਟ ਕਾਲਜ ਆਫ ਐਜੂਕੇਸ਼ਨ ਵਿੱਚ ਇੱਕ ਮਹੱਤਵਪੂਰਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਮਸ਼ਹੂਰ ਹਸਤੀਆਂ ਨੇ ਹਾਜ਼ਰੀ ਭਰ ਕੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਖਤਰਨਾਕ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ । ਇਸ ਮੁਹਿੰਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਸਿਹਤਮੰਦ ਜੀਵਨਸ਼ੈਲੀ ਵੱਲ ਮੋੜਨਾ ਸੀ । ਪ੍ਰੋਗਰਾਮ ਵਿੱਚ ਸਿਹਤ ਮੰਤਰੀ ਦੇ ਓ. ਐਸ. ਡੀ. ਸ਼ਾਲੀਨ ਮਿਤਰਾ, ਡੀ. ਐਸ. ਪੀ. ਮਨਦੀਪ ਕੌਰ, ਮਸ਼ਹੂਰ ਫਿੱਟਨੈੱਸ ਇੰਫਲੂਐਂਸਰ ਨਵਜੋਤ ਸਿੰਘ, ਐਂਬੈਸਡਰ ਆਫ ਰਿਕਵਰੀ ਮਨਪ੍ਰੀਤ ਸਿੰਘ, ਅਤੇ ਐਸਿਸਟੈਂਟ ਪ੍ਰੋਫੈਸਰ ਡਾ. ਸ਼ਿਖਾ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਕਾਲਜ ਦੇ ਪ੍ਰਿੰਸੀਪਲ ਡਾ. ਦੀਪਇੰਦਰ ਕੌਰ ਨੇ ਸਭ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦੇਣ ਲਈ ਮਹਿਮਾਨਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ । ਪ੍ਰੋਗਰਾਮ ਦੌਰਾਨ ਸ਼ਾਲੀਨ ਮਿਤਰਾ ਨੇ ਨਸ਼ਿਆਂ ਦੇ ਸਮਾਜਿਕ ਅਤੇ ਮਾਨਸਿਕ ਪ੍ਰਭਾਵਾਂ ਬਾਰੇ ਗਹਿਰਾਈ ਨਾਲ ਚਰਚਾ ਕੀਤੀ ਅਤੇ ਨੌਜਵਾਨਾਂ ਨੂੰ ਸਾਵਧਾਨ ਰਹਿਣ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਨਸ਼ਾ-ਮੁਕਤੀ ਵੱਲ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਮੁਹਿੰਮਾਂ ਦੀ ਵੀ ਜਾਣਕਾਰੀ ਦਿੱਤੀ । ਡੀ. ਐਸ. ਪੀ. ਮਨਦੀਪ ਕੌਰ ਨੇ ਆਪਣੇ ਸੰਬੋਧਨ ਵਿੱਚ ਨਸ਼ਿਆਂ ਨਾਲ ਜੁੜੇ ਕਾਨੂੰਨੀ ਪੱਖਾਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਹੀ ਜ਼ਿੰਦਗੀ ਦੀ ਉਦਾਹਰਣ ਦੇ ਕੇ ਖੇਡਾਂ ਪ੍ਰਤੀ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਖੇਡਾਂ ਨਾਲ ਜੁੜ ਕੇ ਨੌਜਵਾਨ ਨਸ਼ਿਆਂ ਤੋਂ ਆਸਾਨੀ ਨਾਲ ਦੂਰ ਰਹਿ ਸਕਦੇ ਹਨ। ਉਨ੍ਹਾਂ ਦੇ ਇਹ ਸ਼ਬਦ ਵਿਦਿਆਰਥੀਆਂ ਲਈ ਬਹੁਤ ਹੀ ਉਤਸ਼ਾਹਜਨਕ ਸਾਬਤ ਹੋਏ । ਫਿੱਟਨੈੱਸ ਇੰਫਲੂਐਂਸਰ ਨਵਜੋਤ ਸਿੰਘ ਨੇ ਸਿਹਤਮੰਦ ਜੀਵਨਸ਼ੈਲੀ, ਕਸਰਤ ਅਤੇ ਸੰਤੁਲਿਤ ਖੁਰਾਕ ਦੀ ਮਹੱਤਤਾ ਬਾਰੇ ਰੋਸ਼ਨੀ ਪਾਈ । ਉਨ੍ਹਾਂ ਨੇ ਦੱਸਿਆ ਕਿ ਜੇਕਰ ਨੌਜਵਾਨ ਆਪਣੇ ਸਰੀਰ ਅਤੇ ਮਨ ਨੂੰ ਤੰਦਰੁਸਤ ਰੱਖਣ ਤਾਂ ਉਹ ਨਸ਼ਿਆਂ ਵਰਗੀ ਬੁਰੀਆਂ ਆਦਤਾਂ ਤੋਂ ਬਚੇ ਰਹਿ ਸਕਦੇ ਹਨ । ਮਨਪ੍ਰੀਤ ਸਿੰਘ ਨੇ ਆਪਣੇ ਜੀਵਨ ਦੇ ਸੰਘਰਸ਼ਮਈ ਤਜਰਬੇ ਸਾਂਝੇ ਕਰਦੇ ਹੋਏ ਦੱਸਿਆ ਕਿ ਨਸ਼ਿਆਂ ਤੋਂ ਮੁਕਤੀ ਪਾਉਣਾ ਕਿੰਨਾ ਚੁਣੌਤੀਪੂਰਨ ਪਰ ਸੰਭਵ ਹੁੰਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਜ਼ਬੂਤ ਇਰਾਦੇ ਅਤੇ ਸਕਾਰਾਤਮਕ ਸੋਚ ਰੱਖਣ ਲਈ ਪ੍ਰੇਰਿਤ ਕੀਤਾ । ਡਾ. ਸ਼ਿਖਾ ਗੋਇਲ ਨੇ ਨਸ਼ਿਆਂ ਦੇ ਮਨੋਵਿਗਿਆਨਕ ਪ੍ਰਭਾਵਾਂ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਨਸ਼ਾ ਮਨੁੱਖ ਦੀ ਸੋਚਣ-ਸਮਝਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਹੀ ਸੰਗਤ ਚੁਣਨ, ਤਣਾਅ ਤੋਂ ਦੂਰ ਰਹਿਣ ਅਤੇ ਸਮੇਂ-ਸਮੇਂ 'ਤੇ ਮਾਨਸਿਕ ਸਹਾਇਤਾ ਪ੍ਰਾਪਤ ਕਰਨ ਦੀ ਲੋੜ ਬਾਰੇ ਜਾਗਰੂਕ ਕੀਤਾ । ਸਮਾਗਮ ਦੇ ਅੰਤ 'ਤੇ ਪ੍ਰਿੰਸੀਪਲ ਡਾ. ਦੀਪਇੰਦਰ ਕੌਰ ਨੇ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਾਲਜ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਸਮਾਜਿਕ ਜਾਗਰੂਕਤਾ ਮੁਹਿੰਮਾਂ ਨੂੰ ਜਾਰੀ ਰੱਖੇਗਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਾ-ਮੁਕਤ, ਸਿਹਤਮੰਦ ਅਤੇ ਜਿੰਮੇਵਾਰ ਜੀਵਨ ਜਿਉਣ ਦੀ ਪ੍ਰੇਰਣਾ ਦਿੱਤੀ । ਇਸ ਮੌਕੇ ਕਾਲਜ ਦੇ ਨੋਡਲ ਅਫ਼ਸਰ ਡਾ. ਮਨਪ੍ਰੀਤ ਕੌਰ ਤੋਂ ਇਲਾਵਾ ਕਾਲਜ ਦੇ ਪ੍ਰੋਫੈਸਰ ਅਤੇ ਵਿਦਿਆਰਥੀ ਹਾਜਰ ਸਨ ।
