

ਰਾਸ਼ਟਰਪਤੀ ਪੂਤਿਨ ਨਾਲ ਭਾਰਤ-ਰੂਸ ਸਬੰਧਾਂ ਦੀ ਸਮੀਖਿਆ ਲਈ ਉਤਸ਼ਾਹਿਤ ਹਾਂ: ਮੋਦੀ ਨਵੀਂ ਦਿੱਲੀ, 8 ਜੁਲਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਦੁਵੱਲੇ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨ ਅਤੇ ਆਲਮੀ ਮੁੱਦਿਆਂ ’ਤੇ ਦ੍ਰਿਸ਼ਟੀਕੋਨ ਸਾਂਝਾ ਕਰਨ ਦੇ ਨਾਲ ਹੀ ਇਕ ਸ਼ਾਂਤੀਪੂਰਨ ਤੇ ਸਥਿਰ ਖੇਤਰ ਲਈ ਸਹਾਇਕ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਹਨ। ਰੂਸ ਅਤੇ ਆਸਟਰੀਆ ਦੇ ਦੋ ਦਿਨਾ ਦੌਰੇ ’ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਬਿਆਨ ਵਿੱਚ ਇਹ ਗੱਲ ਕਹੀ। ਮੋਦੀ ਤੇ ਪੂਤਿਨ ਮੰਗਲਵਾਰ ਨੂੰ 22ਵੇਂ ਭਾਰਤ-ਰੂਸ ਸਾਲਾਨਾ ਸਿਖਰ ਸੰਮੇਲਨ ਵਿੱਚ ਮਿਲਣਗੇ। ਇਸ ਦੌਰਾਨ ਉਹ ਵੱਖ-ਵੱਖ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਹੋਰ ਵਿਸਤਾਰ ਦੇਣ ਦੇ ਤਰੀਕੇ ਲੱਭਣ ਬਾਰੇ ਚਰਚਾ ਕਰਨਗੇ। ਰੂਸ ਵਿੱਚ ਆਪਣੀ ਯਾਤਰਾ ਪੂਰੀ ਕਰਨ ਤੋਂ ਬਾਅਦ ਮੋਦੀ ਆਸਟਰੀਆ ਲਈ ਰਵਾਨਾ ਹੋਣਗੇ। ਇਹ ਪਿਛਲੇ 40 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਉੱਥੋਂ ਦੀ ਪਹਿਲੀ ਯਾਤਰਾ ਹੋਵੇਗੀ। ਮੋਦੀ ਨੇ ਬਿਆਨ ਵਿੱਚ ਕਿਹਾ, ‘‘ਭਾਰਤ ਤੇ ਰੂਸ ਵਿਚਾਲੇ ਵਿਸ਼ੇਸ਼ ਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਸਾਂਝੇਦਾਰੀ ਪਿਛਲੇ 10 ਸਾਲਾਂ ਵਿੱਚ ਹੋਰ ਵਧੀ ਹੈ, ਜਿਸ ਵਿੱਚ ਊਰਜਾ, ਸੁਰੱਖਿਆ, ਵਪਾਰ, ਨਿਵੇਸ਼, ਸਿਹਤ, ਸਿੱਖਿਆ, ਸਭਿਆਚਾਰ, ਸੈਰ-ਸਪਾਟਾ ਅਤੇ ਲੋਕਾਂ ਨਾਲ ਲੋਕਾਂ ਦਾ ਸੰਪਰਕ ਆਦਿ ਖੇਤਰ ਸ਼ਾਮਲ ਹਨ। ਉਨ੍ਹਾਂ ਕਿਹਾ, ‘‘ਮੈਂ, ਮੇਰੇ ਦੋਸਤ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਦੁਵੱਲੇ ਸਹਿਯੋਗ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰਨ ਅਤੇ ਵੱਖ-ਵੱਖ ਖੇਤਰੀ ਤੇ ਆਲਮੀ ਮਾਮਲਿਆਂ ਬਾਰੇ ਦ੍ਰਿਸ਼ਟੀਕੋਨ ਸਾਂਝਾ ਕਰਨ ਨੂੰ ਲੈ ਕੇ ਆਸਵੰਦ ਹਾਂ।’’ ਉਨ੍ਹਾਂ ਕਿਹਾ, ‘‘ਅਸੀਂ ਸ਼ਾਂਤੀਪੂਰਨ ਤੇ ਸਥਿਰ ਖੇਤਰ ਵਾਸਤੇ ਸਹਾਇਕ ਭੂਮਿਕਾ ਨਿਭਾਉਣਾ ਚਾਹੁੰਦੇ ਹਾਂ। ਇਹ ਯਾਤਰਾ ਮੈਨੂੰ ਰੂਸ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਨੂੰ ਮਿਲਣ ਦਾ ਮੌਕਾ ਵੀ ਪ੍ਰਦਾਨ ਕਰੇਗੀ।