ਪੰਜਾਬ ਦੇ ਇਤਿਹਾਸ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਖਾਲਸਾ ਰਾਜ ਕਿਹਾ ਜਾਂਦਾ ਹੈ। ਇਤਿਹਾਸਕਾਰਾਂ ਮੁਤਾਬਿਕ ਖਾਲਸਾ ਰਾਜ ਦੀਆਂ ਬਹੁਤ ਸਾਰੀਆਂ ਵਿਲੱਖਣਤਾਵਾਂ ਸਨ। ਸਿੱਖ ਇਤਿਹਾਸਕਾਰਾਂ ਵਿੱਚ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਪ੍ਰਸਿੱਧ ਅਤੇ ਸਨਮਾਨਿਤ ਨਾਮ ਹੈ। ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਨੇ ਸਿੱਖ ਵਾਰਤਕਕਾਰ ਭਾਈ ਵੀਰ ਸਿੰਘ ਦੀ ਪ੍ਰੇਰਨਾ ਅਤੇ ਉਤਸ਼ਾਹ ਨਾਲ ਲਿਖਣਾ ਸ਼ੁਰੂ ਕੀਤਾ ਸੀ। ਬਾਬਾ ਪ੍ਰੇਮ ਸਿੰਘ ਹੋਤੀ ਦਾ ਸਬੰਧ ਗੁਰਮਤਿ ਦੇ ਮਹਾਨ ਵਿਆਖਿਆਕਾਰ ਭਾਈ ਗੁਰਦਾਸ ਜੀ ਨਾਲ ਜੁੜਦਾ ਹੈ। ਹਥਲੀ ਪੁਸਤਕ ‘ਖਾਲਸਾ ਰਾਜ ਦੇ ਬਦੇਸੀ ਕਾਰਿੰਦੇ’ (ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ; ਕੀਮਤ: 200 ਰੁਪਏ; ਈਵਾਨ ਪਬਲੀਕੇਸ਼ਨ, ਬਰਨਾਲਾ; ਸੰਸਕਰਣ ਸੰਪਾਦਕ: ਜਗਤਾਰ ਸਿੰਘ ਭੰਗੂ) ਵਿੱਚ ਦੁਨੀਆ ਤੇ ਵੱਖ ਵੱਖ ਯੂਰਪੀਅਨ ਦੇਸ਼ਾਂ ਦੇ 75 ਕਾਰਿੰਦਿਆਂ ਦਾ ਜ਼ਿਕਰ ਹੈ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਰਬਾਰ ਦੀ ਉਸਤਤ ਸੁਣ ਕੇ ਨੌਕਰੀ ਕਰਨ ਲਈ ਆਏ ਸਨ। ਖੋਜੀ ਇਤਿਹਾਸਕਾਰ ਨੇ ਪੁਸਤਕ ਦਾ ਆਧਾਰ ਖਾਲਸਾ ਰਾਜ ਦੇ ਪੰਜ ਰੋਜ਼ਨਾਮਚੇ, 28 ਤਵਾਰੀਖ਼ਾਂ, 9 ਸਫ਼ਰਨਾਮੇ, 26 ਜੀਵਨੀਆਂ ਅਤੇ 19 ਹੋਰ ਸਬੰਧਿਤ ਪੁਸਤਕਾਂ ਨੂੰ ਬਣਾਇਆ ਹੈ। ਇਹ ਸੂਚੀ ਪੁਸਤਕ ਦੇ ਅੰਤ ਵਿੱਚ ਦਰਜ ਹੈ। ਇਸ ਤੋਂ ਇਲਾਵਾ ਪੁਸਤਕ ਦੇ ਵੱਖ ਵੱਖ ਪੰਨਿਆਂ ’ਤੇ ਵੀ ਕੁਝ ਵਿਦੇਸ਼ੀ ਇਤਿਹਾਸਕਾਰਾਂ ਦੇ ਹਵਾਲੇ ਹਨ। ਪੰਜਾਬ ਆਏ ਯਾਤਰੀਆਂ ਵੱਲੋਂ ਵੇਖੇ ਅਤੇ ਲਿਖੇ ਯਾਤਰਾ ਪ੍ਰਸੰਗਾਂ ਦਾ ਜ਼ਿਕਰ ਵੀ ਇਸ ਪੁਸਤਕ ਵਿੱਚ ਹੈ। ਪੁਸਤਕ ਦੇ ਸ਼ੁਰੂਆਤੀ ਪੰਨੇ ’ਤੇ ਲੇਖਕ ਵੱਲੋਂ 1944 ਵਿੱਚ ਲਿਖੀ ਭੂਮਿਕਾ ਹੈ। ਉਸ ਸਮੇਂ ਦਾ ਨਕਸ਼ਾ ਖਿੱਚਦਿਆਂ ਲੇਖਕ ਨੇ ਲਿਖਿਆ ਹੈ ਕਿ ਉਸ ਵੇਲੇ ਲਾਹੌਰ ਦੀਆਂ ਗਲੀਆਂ ਬਜ਼ਾਰਾਂ ਤੇ ਸੜਕਾਂ ਉੱਤੇ ਘੁੰਮਦੇ ਵਿਦੇਸ਼ੀ ਲੋਕ ਆਮ ਵੇਖੇ ਜਾ ਸਕਦੇ ਸਨ। ਕਿਤਾਬ ਦਾ ਮਨੋਰਥ ਹੈ ਕਿ ਇਹ ਭੁਲੇਖਾ ਦੂਰ ਕੀਤਾ ਜਾਵੇ ਕਿ ਖਾਲਸਾ ਰਾਜ ਦੀਆਂ ਕਾਮਯਾਬੀਆਂ ਦਾ ਕਾਰਨ ਵਿਦੇਸ਼ੀ ਕਾਰਿੰਦੇ ਸਨ। ਬਹੁਤ ਘੱਟ ਵਿਦੇਸ਼ੀ ਕਾਰਿੰਦੇ ਜੰਗ ਵਿੱਚ ਜਾਂਦੇ ਸਨ। ਉਨ੍ਹਾਂ ਵਿੱਚੋਂ ਬਹੁਤੇ ਅਸਲਾ ਬਾਰੂਦ ਦੇ ਕਾਰਖਾਨਿਆਂ ਵਿੱਚ ਇੰਜੀਨੀਅਰ, ਜਰਨੈਲ ਜਾਂ ਹੋਰ ਨੌਕਰੀਆਂ ’ਤੇ ਕਾਰਜਸ਼ੀਲ ਰਹੇ ਸਨ। ਇਟਲੀ ਤੋਂ ਆਏ 5 ਕਾਰਿੰਦੇ, 25 ਫਰਾਂਸੀਸੀ, 4 ਅਮਰੀਕੀ; ਇੱਕ ਇੱਕ ਹੰਗਰੀਅਨ, ਪਰਸ਼ੀਅਨ, ਆਸਟਰੀਅਨ, ਆਇਰਿਸ਼, ਪੁਰਤਗਾਲੀ, 2 ਜਰਮਨ; ਤਿੰਨ-ਤਿੰਨ ਸਕਾਟ ਤੇ ਸਪੈਨਿਸ਼; ਚਾਰ-ਚਾਰ ਰੂਸੀ ਤੇ ਯੂਨਾਨੀ ਅਤੇ 20 ਅੰਗਰੇਜ਼ ਸਨ। ਸਾਰੇ ਕਾਰਿੰਦਿਆਂ ਦੀ ਕੌਮੀਅਤ, ਨੌਕਰੀ, ਸਮਾਂ ਅਤੇ ਤਲਬ (ਤਨਖ਼ਾਹ) ਦਾ ਵੇਰਵਾ ਦਿੱਤਾ ਹੈ। ਪੁਸਤਕ ਵਿੱਚ ਜਰਨੈਲ ਵੈਂਤੂਰਾ, ਅਵਾਤੀਬਿਲ (ਇਤਾਲਵੀ); ਐਲਾਰਡ, ਕੋਰਟ (ਫਰਾਂਸੀਸੀ); ਗਾਰਡਨਰ (ਅਮਰੀਕੀ) ਦੀਆਂ ਕਾਲੀਆਂ ਚਿੱਟੀਆਂ ਤਸਵੀਰਾਂ ਅਤੇ ਦੋ ਤਸਵੀਰਾਂ ਅਨਾਰਕਲੀ ਤੇ ਕੁੜੀ ਬਾਗ ਦੀਆਂ ਹਨ। ਜਰਨੈਲ ਵੈਂਤੂਰਾ ਨੇ 1822-1844 ਤੱਕ 22 ਸਾਲ ਨੌਕਰੀ ਕੀਤੀ ਤੇ ਉਸ ਦੀ ਤਲਬ 3800 ਰੁਪਏ ਸੀ। ਇਹ ਇਤਾਲਵੀ ਜਰਨੈਲ, ਨੈਪੋਲੀਅਨ ਦੀ ਸੈਨਾ ਵਿੱਚ ਲੈਫਟੀਨੈਂਟ ਸੀ। ਨੈਪੋਲੀਅਨ ਹਕੂਮਤ ਦੇ ਖ਼ਾਤਮੇ ਪਿੱਛੋਂ ਉਹ ਲਾਹੌਰ ਆਇਆ। ਨੌਕਰੀ ਦੀ ਮੰਗ ਕੀਤੀ। ਮਹਾਰਾਜਾ ਰਣਜੀਤ ਸਿੰਘ ਨੇ ਉਸ ਦੀ ਪਰਖ ਕੀਤੀ। ਵੈਂਤੂਰਾ ਤੇ ਐਲਾਰਡ ਨੇ ਮਹਾਰਾਜੇ ਦੀ ਭਰਪੂਰ ਪ੍ਰਸੰਸਾ ਕੀਤੀ। ਮਹਾਰਾਜਾ ਰਣਜੀਤ ਸਿੰਘ ਨੇ ਵਿਦੇਸ਼ੀਆਂ ਲਈ ਕੁਝ ਸ਼ਰਤਾਂ ਰੱਖੀਆਂ। ਵੈਂਤੂਰਾ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ। ਇਸਾਈ ਔਰਤ ਨਾਲ ਕੈਥੋਲਿਕ ਰੀਤਾਂ ਅਨੁਸਾਰ ਵਿਆਹ ਕੀਤਾ। ਵੈਂਤੂਰਾ ਦੀ ਇੱਕ ਲੜਕੀ ਸੀ ਜਿਸ ਦਾ ਨਾਂ ਵਿਕਟੋਰੀਆ ਸੀ। ਮਹਾਰਾਜੇ ਨੇ ਵੈਂਤੂਰਾ ਦੀ ਲੜਕੀ ਲਈ 7000 ਰੁਪਏ ਸਾਲਾਨਾ ਜਾਗੀਰ ਲਾ ਦਿੱਤੀ। ਵੈਂਤੂਰਾ ਦਾ ਕੋਈ ਜੰਗੀ ਕਾਰਨਾਮਾ ਨਹੀਂ ਸੀ। ਇੱਕ ਆਸਟਰੀਅਨ ਯਾਤਰੀ ਬੈਰਨ ਰੂਗਲ ਦੇ ਸਫ਼ਰਨਾਮੇ ਵਿੱਚ ਵੈਂਤੂਰਾ ਸਬੰਧੀ ਕਈ ਸ਼ੱਕ ਦੂਰ ਕੀਤੇ ਹਨ। ਖੋਜ ਹੈ ਕਿ ਵੈਂਤੂਰਾ ਲਾਹੌਰ ਦਰਬਾਰ ਦੀਆਂ ਖ਼ੁਫ਼ੀਆ ਖ਼ਬਰਾਂ ਈਸਟ ਇੰਡੀਆ ਕੰਪਨੀ ਨੂੰ ਭੇਜਿਆ ਕਰਦਾ ਸੀ। ਇਖ਼ਲਾਕ ਵੀ ਮਾੜਾ ਸੀ। ਉਸ ਦੇ ਜ਼ਨਾਨਖਾਨੇ ਵਿੱਚ ਖਰੀਦੀਆਂ ਹੋਈਆਂ 40-50 ਪਹਾੜੀ ਔਰਤਾਂ ਸਨ। ਇਸੇ ਕਰਕੇ ਵੈਂਤੂਰਾ ਦੀ ਪਤਨੀ ਉਸ ਤੋਂ ਵੱਖ ਹੋ ਗਈ ਸੀ। ਫਿਰ ਬਿਮਾਰੀ ਨਾਲ ਉਸ ਦਾ ਅੰਤ ਹੋਇਆ। ਖੋਜੀ ਲੇਖਕ ਨੇ ਇਤਾਲਵੀ ਜਰਨੈਲ ਅਵਾਤੀਬਿਲ ਦਾ ਕਾਰਜ ਕਾਲ 1827-1843 ਤੇ ਤਲਬ 5000 ਰੁਪਏ ਦੱਸਿਆ ਹੈ। ਉਸ ਕੋਲ ਵਜ਼ੀਰਾਬਾਦ ਦੀ ਗਵਰਨਰੀ ਸੀ। ਉਹ ਗੁੱਸੇਖੋਰ ਬਹੁਤ ਸੀ। ਜਨਤਾ ’ਤੇ ਸਖ਼ਤੀ ਕਰਦਾ ਸੀ। ਮਹਾਰਾਜੇ ਨੇ ਉਸ ਨੂੰ ਸਖ਼ਤੀ ਤੋਂ ਰੋਕਿਆ। ਫ਼ੌਜ ਨੇ ਹੀ ਉਸ ’ਤੇ ਹਮਲਾ ਕਰਕੇ ਭਜਾ ਦਿੱਤਾ। ਖਾਲਸਾ ਫ਼ੌਜ ਕਿਸੇ ਵਿਦੇਸ਼ੀ ਅਫਸਰ ਦੀ ਈਨ ਨਹੀਂ ਸੀ ਮੰਨਦੀ। ਅਵਾਤੀਬਿਲ ਆਪਣੀ ਭਤੀਜੀ ਨਾਲ ਵਿਆਹ ਕਰਵਾ ਕੇ ਬਦਨਾਮ ਹੋਇਆ। ਜ਼ਹਿਰ ਨਾਲ ਉਸ ਦਾ ਅੰਤ ਹੋਇਆ। ਅਲਵਾਰੀਨ, ਬੈਟੀਕ ਤੇ ਬਿਆਨਸੀ ਹੋਰ ਇਤਾਲਵੀ ਸਨ। ਬਿਆਨਸੀ, ਵੈਂਤੂਰਾ ਦੇ ਨਾਲ ਹੀ ਇਟਲੀ ਤੋਂ ਆਇਆ ਸੀ। ਮਹਾਰਾਜਾ ਰਣਜੀਤ ਸਿੰਘ ਕੋਲ ਫਰਾਂਸੀਸੀ ਕਾਰਿੰਦੇ ਸਭ ਤੋਂ ਵਧੇਰੇ ਸਨ। ਐਲਾਰਡ 3500 ਰੁਪਏ ਤਲਬ ਲੈਂਦਾ ਸੀ। ਉਹ 1822-1839 ਤਕ ਨੌਕਰੀ ’ਤੇ ਰਿਹਾ। ਐਲਾਰਡ ਦੀਆਂ ਨੌਕਰੀ ਸਮੇਂ ਦੀਆਂ ਕਈ ਗ਼ਲਤ ਘਟਨਾਵਾਂ ਦਾ ਜ਼ਿਕਰ ਕਿਤਾਬ ਵਿੱਚ ਹੈ। ਇੱਕ ਕਵਿਤਾ ਲਿਖ ਕੇ ਐਲਾਰਡ ਨੇ ਮਹਾਰਾਜੇ ਨੂੰ ਸੁਣਾਈ। ਮਹਾਰਾਜਾ ਉਸ ਦੀ ਕਵਿਤਾ ਸੁਣ ਕੇ ਐਨਾ ਖ਼ੁਸ਼ ਹੋਇਆ ਕਿ ਐਲਾਰਡ ਨੂੰ 30000 ਰੁਪਏ ਇਨਾਮ ਦਿੱਤਾ। ਮਹਾਰਾਜਾ ਰਣਜੀਤ ਸਿੰਘ ਕਲਾ ਦਾ ਕਦਰਦਾਨ ਸੀ। ਐਲਾਰਡ ਦੀ ਮੌਤ ਪਿਸ਼ਾਵਰ ਵਿੱਚ ਹੋਈ ਸੀ। ਮ੍ਰਿਤਕ ਦੇਹ ਲਾਹੌਰ ਵਿੱਚ ਲਿਆਂਦੀ ਗਈ ਤੇ ਕਬਰ ਬਣਾਈ ਗਈ। ਹੋਰ ਫਰਾਂਸੀਸੀ ਜਰਨੈਲਾਂ ਵਿੱਚ ਮੂਸਾ, ਕੋਰਟ, ਡਾਕਟਰ ਬੈਂਟ, ਡੀਲਾਫੌਂਟ, ਮਾਊਂਟੇਨ, ਡਾਰੋਜ਼ੀ, ਅਰਗੌਂਡ, ਜਾਨ ਡੀਫਾਸਿਊ, ਹੈਨਰੀ ਡੀਫਾਸਿਊਂ, ਗਿਲੋਟ, ਗੇਰਵੈਸ਼, ਬਾਏਲ, ਜੈਰਵਸ, ਫਾਰਿਸ, ਅਲੈਗਜ਼ੈਂਡਰ, ਫੌਕੀਨੋਲ, ਜਾਨ, ਮੁਹੰਮਦ ਖਾਨ, ਗੈਰੋਨ। ਇਹ ਸਾਰੇ ਕਾਰਿੰਦੇ ਹੁਨਰੀ ਸਨ। ਅਸਲਾ ਬਾਰੂਦ ਤਿਆਰ ਕਰਦੇ ਸਨ। ਅਮਰੀਕੀ ਕਾਰਿੰਦਿਆਂ ਵਿੱਚ ਗਾਰਡਨਰ ਦਾ ਨਾਮ ਪ੍ਰਮੁੱਖ ਹੈ। ਗਾਰਡਨਰ ਨੇ 1831-1844 ਤੱਕ ਨੌਕਰੀ ਕੀਤੀ। ਉਸ ਨੇ ਇੱਕ ਦਾਸੀ ਨਾਲ ਵਿਆਹ ਕੀਤਾ। ਉਸ ਦਾ ਇੱਕ ਪੁੱਤਰ ਸੀ। ਇੱਕ ਵਾਰੀ ਨੌਕਰੀ ਸਮੇਂ ਡਾਕੂਆਂ ਦਾ ਪਿੱਛਾ ਕਰਨ ਗਿਆ। ਉਸ ਦੇ ਆਪਣੇ ਘਰ ਡਾਕੂ ਪੈ ਗਏ। ਇਹ ਬਿਰਤਾਂਤ ਕਿਤਾਬ ਦੇ ਪੰਨਾ 90 ’ਤੇ ਹੈ। ਇੱਕ ਵਾਰ ਉਹ ਕਸ਼ਮੀਰ ਕੰਧਾਰ ਵੱਲ ਜਾ ਨਿਕਲਿਆ। ਉੱਥੋਂ ਦੇ ਨਵਾਬ ਜਬਾਰ ਖਾਨ ਨੇ ਉਸ ਨੂੰ ਪਕੜ ਕੇ ਕੈਦ ਕਰ ਲਿਆ। ਅਖੀਰ ਨਵਾਬ ਨੇ ਦਸ ਹਜ਼ਾਰ ਰੁਪਏ ਦੀ ਮੰਗ ਕੀਤੀ, ਪਰ ਐਨੀ ਰਕਮ ਦੇਣ ਤੋਂ ਉਹ ਅਸਮਰੱਥ ਸੀ। ਉਸ ਦੇ ਬਦਲੇ 9 ਮਹੀਨੇ ਹੋਰ ਕੈਦ ਕੱਟੀ। ਕਿਤਾਬ ਵਿੱਚ ਵਿਦੇਸ਼ੀ ਕਾਰਿੰਦਿਆਂ ਦੀਆਂ ਹੋਰ ਕਈ ਆਪਬੀਤੀਆਂ ਹਨ। ਉਹ ਵਿਦੇਸ਼ੀ ਕਾਰਿੰਦਾ ਹੀ ਕਾਮਯਾਬ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੀਆਂ ਸ਼ਰਤਾਂ ਅਨੁਸਾਰ ਚਲਦਾ ਸੀ। ਨਹੀਂ ਤਾਂ ਖਾਲਸਾ ਫ਼ੌਜ ਉਸ ਨੂੰ ਜਾਂ ਤਾਂ ਕਤਲ ਕਰ ਦਿੰਦੀ ਜਾਂ ਮਹਾਰਾਜਾ ਨੌਕਰੀ ਤੋਂ ਕੱਢ ਦਿੰਦਾ ਕਿਉਂਕਿ ਸ਼ੇਰ-ਏ-ਪੰਜਾਬ ਅਨੁਸ਼ਾਸਨ ਦਾ ਪਾਬੰਦ ਸੀ। ਪੰਜਾਬ ਰਾਜ ਬਹੁਤ ਵਿਸ਼ਾਲ ਸੀ। ਗਾਰਡਨਰ ਧਿਆਨ ਸਿੰਘ ਡੋਗਰੇ ਨਾਲ ਵੀ ਨੇੜਤਾ ਰੱਖਦਾ ਸੀ। ਇਹ ਬੰਦਾ ਲਾਹੌਰ ਦਰਬਾਰ ਵਿਰੁੱਧ ਗੁੰਦੀਆਂ ਜਾਂਦੀਆਂ ਗੋਂਦਾਂ ਤੋਂ ਜਾਣੂੰ ਸੀ। ਮਹਾਰਾਜੇ ਦੀ ਮੌਤ ਪਿੱਛੋਂ ਵੀ ਉਹ ਲਾਹੌਰ ਦਰਬਾਰ ਵਿੱਚ ਨੌਕਰੀ ਕਰਦਾ ਰਿਹਾ। ਉਸ ਨੂੰ ਲਾਹੌਰ ਦਰਬਾਰ ਵਿੱਚ ਹੋਈ ਬੁਰਛਾਗਰਦੀ (ਕਤਲੋਗਾਰਤ) ਦਾ ਸਭ ਭੇਤ ਸੀ। ਰਾਜਾ ਧਿਆਨ ਸਿੰਘ, ਜਵਾਹਰ ਸਿੰਘ, ਸੰਧਾਵਾਲੀਏ ਸਰਦਾਰ, ਰਾਜਾ ਹੀਰਾ ਸਿੰਘ ਆਦਿ ਦੇ ਕਤਲ ਉਸ ਦੇ ਸਾਹਮਣੇ ਹੋਏ। ਗਾਰਡਨਰ ਨੇ ਇੱਕ ਵਿਅਕਤੀ ਨੂੰ ਨੱਕ ਤੇ ਕੰਨ ਵੱਢ ਕੇ ਸਜ਼ਾ ਦਿੱਤੀ। ਇਸੇ ਸਜ਼ਾ ਲਈ ਵਜ਼ੀਰ ਜਵਾਹਰ ਸਿੰਘ ਨੇ ਉਸ ਨੂੰ 500 ਰੁਪਏ ਦਿੱਤੇ। ਜਾਨ ਕਨਾਰਾ, ਡੀਕੋਰਕੀ, ਡਾਕਟਰ ਹਾਰਲਿਨ ਹੋਰ ਅਮਰੀਕੀ ਸਨ। ਮਹਾਰਾਜੇ ਕੋਲ 20 ਅੰਗਰੇਜ਼ ਕਾਰਿੰਦੇ ਸਨ। ਜੇਮਜ਼, ਪਰੀਸ਼, ਜੋਨਜ਼, ਜਾਨ ਗੋਲਡ, ਡਾਕਟਰ ਹਾਰਵੇ, ਕੋਰਟਲੈਂਡ ਫਕਸ, ਬਾਰਲੋ, ਰਾਟਰੀ, ਜੈਕਸਨ ਆਦਿ। ਜਾਨ ਹੋਲਮਜ਼ ਬਾਰੇ ਲਿਖਿਆ ਹੈ ਕਿ ਉਹ ਲਾਹੌਰ ਦਰਬਾਰ ਦੀਆਂ ਖ਼ੁਫ਼ੀਆਂ ਖ਼ਬਰਾਂ ਈਸਟ ਇੰਡੀਆ ਕੰਪਨੀ ਨੂੰ ਭੇਜਦਾ ਸੀ। ਅਖੀਰ ਵਿੱਚ ਇਸ ਦਾ ਕਤਲ ਹੋਇਆ ਸੀ। ਦਿਲਚਸਪ ਇਤਿਹਾਸਕ ਪੁਸਤਕ ਖਾਲਸਾ ਰਾਜ ਦੀਆਂ ਕਈ ਅੰਦਰਲੀਆਂ ਪਰਤਾਂ ਖੋਲ੍ਹਦੀ ਹੈ। ਪੰਜਾਬ ਦੇ ਇਤਿਹਾਸ ਨਾਲ ਸਰੋਕਾਰ ਰੱਖਣ ਵਾਲੇ ਪ੍ਰਬੁੱਧ ਪਾਠਕਾਂ, ਵਿਦਿਆਰਥੀਆਂ, ਖੋਜੀ ਵਿਦਵਾਨਾਂ, ਕਥਾਵਾਚਕਾਂ ਤੇ ਪ੍ਰਚਾਰਕਾਂ ਲਈ ਲਾਹੇਵੰਦ ਹੈ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.