
ਪਟਿਆਲਾ ਦਾ ਫ਼ਰੀਦਪੁਰ ਪਿੰਡ ਡੇਂਗੂ ਮੁਕਤ, ਮਿਰਜ਼ਾਪੁਰ ‘ਚ ਲਾਰਵਾ ਮੌਕੇ ‘ ਤੇ ਨਸ਼ਟ : ਸਿਹਤ ਮੰਤਰੀ
- by Jasbeer Singh
- July 18, 2025

ਪਟਿਆਲਾ ਦਾ ਫ਼ਰੀਦਪੁਰ ਪਿੰਡ ਡੇਂਗੂ ਮੁਕਤ, ਮਿਰਜ਼ਾਪੁਰ ‘ਚ ਲਾਰਵਾ ਮੌਕੇ ‘ ਤੇ ਨਸ਼ਟ : ਸਿਹਤ ਮੰਤਰੀ ਡੇਂਗੂ ਦੀ ਰੋਕਥਾਮ ਲਈ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਜਾਰੀ ਪਟਿਆਲਾ 18 ਜੁਲਾਈ 2025 : ਡੇਂਗੂ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਹਰ ਸ਼ੁੱਕਰਵਾਰ ਡੇੱਗੂ ਤੇ ਵਾਰ ਮੁਹਿੰਮ ਤਹਿਤ ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਪਿੰਡਾਂ ਫ਼ਰੀਦਪੁਰ ਅਤੇ ਮਿਰਜ਼ਾਪੁਰ ਵਿਖੇ ਸਿਹਤ ਵਿਭਾਗ ਦੀ ਟੀਮ ਨਾਲ ਲੋਕਾਂ ਦੇ ਘਰਾਂ ਵਿੱਚ ਮੱਛਰ ਦਾ ਲਾਰਵਾ ਚੈਕ ਕਰਨ ਪਹੁੰਚੇ । ਇਸ ਮੌਕੇ ਸਿਹਤ ਮੰਤਰੀ ਨੇ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਟੀਮਾਂ ਸਮੇਤ ਸਰਕਾਰੀ ਅਤੇ ਪ੍ਰਾਈਵੇਟ ਨਰਸਿੰਗ ਸਕੂਲਾਂ/ਕਾਲਜਾਂ ਦੇ ਨਰਸਿੰਗ ਵਿਦਿਆਰਥੀਆਂ ਅਤੇ ਆਸ਼ਾ ਵਰਕਰਾਂ ਦੇ ਸਹਿਯੋਗ ਨਾਲ ਡੇਂਗੂ ਦੇ ਹਾਟ-ਸਪਾਟ ਇਲਾਕਿਆਂ ਦੀ ਚੈਕਿੰਗ ਕੀਤੀ ਅਤੇ ਮੌਕੇ ‘ ਤੇ ਲਾਰਵੇ ਨੂੰ ਨਸ਼ਟ ਕਰਵਾਇਆ । ਸਿਹਤ ਮੰਤਰੀ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਪਿੰਡ ਫ਼ਰੀਦਪੁਰ ਵਿਖੇ ਕਿਸੇ ਵੀ ਘਰ ਵਿੱਚ ਲਾਰਵਾ ਨਹੀ ਮਿਲਿਆ ਅਤੇ ਮਿਰਜ਼ਾਪੁਰ ਇਲਾਕੇ ਵਿੱਚ ਪੱਛੀਆਂ ਦੇ ਕਟੋਰੇ , ਟਾਇਰ , ਕੂਲਰ ਅਤੇ ਫਰਿਜ ਦੀਆਂ ਟਰੇਆਂ ਵਿੱਚ ਲਾਰਵਾ ਮਿਲਿਆ ਜਿਸ ਨੂੰ ਮੌਕੇ ‘ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਉਹਨਾਂ ਕਿਹਾ ਕਿ ਇਹ ਪਿੰਡ ਨਾ ਸਿਰਫ਼੍ਰ ਨਸ਼ਾ ਮੁਕਤ ਹਨ , ਹੁਣ ਇਹਨਾਂ ਨੂੰ ਡੇਂਗੁ ਮੁਕਤ ਵੀ ਕੀਤਾ ਜਾਵੇਗਾ । ਸਿਹਤ ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਘਰ-ਘਰ ਜਾ ਕੇ ਲੋਕ ਸੇਵਾ ਅਤੇ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਜਾਰੀ ਹੈ । ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਰੰਗਲਾ ਪੰਜਾਬ ਬਨਾਉਣ ਦਾ ਸੁਪਨਾ ਸਾਕਾਰ ਕਰਦੇ ਹੋਏ ਪੰਜਾਬ ਨੂੰ ਨਸ਼ਾ ਮੁਕਤ, ਡੇਂਗੂ ਮੁਕਤ ਅਤੇ ਹੋਰ ਬਿਮਾਰੀਆਂ ਤੋਂ ਮੁਕਤ ਕਰਕੇ ਤੰਦਰੁਸਤ ਤੇ ਖੁਸ਼ਹਾਲ ਪੰਜਾਬ ਬਣਾਇਆ ਜਾਵੇਗਾ । ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਅਤੇ ਲੱਛਣਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਅਤੇ ਪਾਣੀ ਦੇ ਖੜ੍ਹੇ ਸਰੋਤਾਂ ਦੀ ਚੈਕਿੰਗ ਕੀਤੀ, ਜਿਹਨਾਂ ਘਰਾਂ ਅਤੇ ਥਾਵਾਂ ਵਿੱਚ ਡੇਂਗੂ ਦਾ ਲਾਰਵਾ ਮਿਲਿਆ ਉਸ ਨੂੰ ਮੌਕੇ ‘ ਤੇ ਹੀ ਨਸ਼ਟ ਕਰਵਾਇਆ ਗਿਆ। ਉਹਨਾਂ ਲੋਕਾਂ ਨੂੰ ਮੱਛਰਾਂ ਦੀ ਪੈਦਾਇਸ਼ ਰੋਕਣ ਲਈ ਆਪਣੇ ਘਰਾਂ ਦੀਆਂ ਛੱਤਾਂ ਜਾਂ ਵਿਹੜੇ ਵਿੱਚ ਪਏ ਕਬਾੜ ਆਦਿ ਸਮਾਨ ਵਿੱਚ ਪਾਣੀ ਜਮਾਂ ਨਾ ਹੋਣ ਦੇਣ ਬਾਰੇ ਜਾਗਰੂਕ ਕੀਤਾ। ਉਹਨਾਂ ਕਿਹਾ ਕਿ ਸਿਹਤ ਵਿਭਾਗ ਡੇਂਗੂ ਦੇ ਪਸਾਰ ਨੂੰ ਰੋਕਣ ਲਈ ਪੂਰੀ ਤਰ੍ਹਾਂ ਚੌਕਸ ਹੈ । ਇਸ ਮੁਹਿੰਮ ਦਾ ਮੰਤਵ ਇਸ ਭਿਆਨਕ ਬਿਮਾਰੀ ਤੋਂ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣਾ ਹੈ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਆਲੇ ਦੁਆਲੇ ਦੀ ਸਫ਼ਾਈ ਰੱਖਣ ਅਤੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ਅਤੇ ਪਾਣੀ ਦੀ ਨਿਕਾਸੀ ਕੀਤੀ ਜਾਵੇ । ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਕ ਹਫ਼ਤੇ ਦੌਰਾਨ 41,376 ਘਰਾਂ ਦੀ ਚੈਕਿੰਗ ਕੀਤੀ ਗਈ ਅਤੇ 416 ਘਰਾਂ ਵਿੱਚ ਲਾਰਵਾ ਪਾਇਆ ਗਿਆ ਜਿਸ ਨੂੰ ਮੌਕੇ ‘ ਤੇ ਹੀ ਸਿਹਤ ਵਿਭਾਗ ਦੀ ਟੀਮ ਵੱਲੋਂ ਨਸ਼ਟ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਅੱਜ 53 ਪੁਲਸ ਥਾਣਿਆਂ ਦਾ ਅਤੇ 103 ਖਾਲੀ ਪਲਾਟਾਂ ਦਾ ਵੀ ਨਿਰੀਖਣ ਕੀਤਾ ਗਿਆ। ਅੱਜ ਸਿਹਤ ਵਿਭਾਗ ਦੀਆਂ ਕੁੱਲ 187 ਟੀਮਾਂ ਨੇ ਜ਼ਿਲ੍ਹੇ ਵਿੱਚ ਚੈਕਿੰਗ ਕੀਤੀ। ਉਹਨਾਂ ਦੱਸਿਆ ਕਿ ਫ਼ਰੀਦਪੁਰ ਅਤੇ ਮਿਰਜ਼ਾਪੁਰ ਪਿੰਡਾਂ ਦੇ ਵਿਲੇਜ਼ ਹੈਲਥ ਐਂਡ ਸੈਨੀਟੇਸ਼ਨ ਕਮੇਟੀ ਦੇ ਮੈਂਬਰਾਂ ਨੂੰ ਕਿਹਾ ਗਿਆ ਕਿ ਉਹ ਪਿੰਡ ਦੀ ਸਾਫ਼ ਸਫਾਈ ਰੱਖਣ ਲਈ ਜੁੰਮੇਵਾਰ ਹੋਣਗੇ ਅਤੇ ਡੇਂਗੂ ਦੇ ਕੇਸ ਆਉਣ ਦੀ ਸਥਿਤੀ ਵਿੱਚ ਤੁਰੰਤ ਇਲਾਕੇ ਕੇ ਬੀ. ਡੀ. ਪੀ. ਓ. ਨਾਲ ਸੰਪਰਕ ਕਰਨਗੇ । ਸਿਹਤ ਮੰਤਰੀ ਵੱਲੋਂ ਇਸ ਮੁਹਿੰਮ ਦੌਰਾਨ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਅਤੇ ਲੱਛਣਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ ਅਤੇ ਪਾਣੀ ਦੇ ਖੜ੍ਹੇ ਸਰੋਤਾਂ ਦੀ ਚੈਕਿੰਗ ਵੀ ਕੀਤੀ ਗਈ । ਉਹਨਾਂ ਲੋਕਾਂ ਨੂੰ ਜਾਗਰੂਕ ਕੀਤਾ ਕਿ ਡੇਂਗੂ ਦੀ ਰੋਕਥਾਮ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਹੈ। ਸਿਹਤ ਮੰਤਰੀ ਨੇ ਮਿਰਜ਼ਾਪੁਰ ਅਤੇ ਕਾਲਵਾ ਪਿੰਡ ਦੀ ਡਰੇਨ ਦਾ ਜਾਇਜ਼ਾ ਲੈਂਦਿਆਂ ਡਰੇਨ ਵਿਭਾਗ ਦੇ ਅਧਿਕਾਰੀਆਂ ਨੂੰ ਬੂਟੀ ਦੀ ਸਫ਼ਾਈ ਕਰਨ ਦੀ ਹਦਾਇਤ ਕੀਤੀ ਤਾਂ ਜੋ ਹੜ੍ਹਾਂ ਦੀ ਮਾਰ ਤੋਂ ਬਚਿਆ ਜਾ ਸਕੇ ।