post

Jasbeer Singh

(Chief Editor)

National

ਅਕਤੂਬਰ ਦੇ ਆਖ਼ਰੀ 10 ਦਿਨਾਂ ਦੌਰਾਨ ਖੇਤਾਂ ਵਿੱਚ ਪਰਾਲੀ ਸਾੜੇ ਜਾਣ ਦੀਆਂ ਘਟਨਾਵਾਂ ਵਿੱਚ ਵਾਧੇ ’ਤੇ ਹਰਿਆਣਾ ਤੇ ਪੰਜਾਬ

post-img

ਅਕਤੂਬਰ ਦੇ ਆਖ਼ਰੀ 10 ਦਿਨਾਂ ਦੌਰਾਨ ਖੇਤਾਂ ਵਿੱਚ ਪਰਾਲੀ ਸਾੜੇ ਜਾਣ ਦੀਆਂ ਘਟਨਾਵਾਂ ਵਿੱਚ ਵਾਧੇ ’ਤੇ ਹਰਿਆਣਾ ਤੇ ਪੰਜਾਬ ਜਵਾਬ ਦੇਣ : ਸੁਪਰੀਮ ਕੋਰਟ ਨਵੀਂ ਦਿੱਲੀ : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਵਿੱਚ ਅਕਤੂਬਰ ਦੇ ਆਖ਼ਰੀ 10 ਦਿਨਾਂ ਦੌਰਾਨ ਖੇਤਾਂ ਵਿੱਚ ਪਰਾਲੀ ਸਾੜੇ ਜਾਣ ਦੀਆਂ ਘਟਨਾਵਾਂ ਵਿੱਚ ਵਾਧੇ ’ਤੇ ਹਰਿਆਣਾ ਤੇ ਪੰਜਾਬ ਦੋਵੇਂ ਹੀ ਸੂਬਿਆਂ ਦੀਆਂ ਸਰਕਾਰਾਂ ਤੋਂ 14 ਨਵੰਬਰ ਤੱਕ ਜਵਾਬ ਮੰਗਿਆ ਹੈ। ਦਿੱਲੀ-ਐੱਨ ਸੀ ਆਰ ’ਚ ਹਵਾ ਪ੍ਰਦੂਸ਼ਣ ਦੇ ਮੁੱਦੇ ’ਤੇ ਸੁਣਵਾਈ ਦੌਰਾਨ ਜਸਟਿਸ ਅਭੈ ਐੱਸ. ਓਕਾ ਅਤੇ ਜਸਟਿਸ ਆਗਸਟੀਨ ਜੌਰਜ ਮਸੀਹ ਦੇ ਬੈਂਚ ਨੇ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ (ਸੀਐੱਸਈ) ਦੀ ਇਕ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੀਵਾਲੀ ਤੋਂ ਇਕ ਦਿਨ ਪਹਿਲਾਂ ਖੇਤਾਂ ’ਚ ਅੱਗ ਲਾਉਣ ਦੀਆਂ 160 ਘਟਨਾਵਾਂ ਵਾਪਰੀਆਂ ਸਨ ਜੋ ਦੀਵਾਲੀ ਵਾਲੇ ਦਿਨ ਵੱਧ ਕੇ 605 ਹੋ ਗਈਆਂ। ਉਨ੍ਹਾਂ ਸੀ ਐੱਸ ਈ ਦੀ ਰਿਪੋਰਟ ਦਾ ਵੀ ਨੋਟਿਸ ਲਿਆ ਜਿਸ ’ਚ ਕਿਹਾ ਗਿਆ ਕਿ 2022 ਅਤੇ 2023 ਦੇ ਮੁਕਾਬਲੇ ’ਚ ਐਤਕੀਂ ਦੀਵਾਲੀ ਵਧੇਰੇ ਪ੍ਰਦੂਸ਼ਿਤ ਅਤੇ ਗਰਮ ਸੀ । ਦੀਵਾਲੀ ਦੌਰਾਨ ਦਿੱਲੀ ਵਿਚ ਪ੍ਰਦੂਸ਼ਣ ਬਹੁਤ ਜ਼ਿਆਦਾ ਵਧਣ ਦਾ ਸਖ਼ਤ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਅਤੇ ਦਿੱਲੀ ਪੁਲੀਸ ਕਮਿਸ਼ਨਰ ਤੋਂ ਇਕ ਹਫ਼ਤੇ ਅੰਦਰ ਦੀਵਾਲੀ ਮੌਕੇ ਆਤਿਸ਼ਬਾਜ਼ੀ ’ਤੇ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਹੋਣ ਬਾਰੇ ਵੀ ਜਵਾਬ ਮੰਗਿਆ ਹੈ। ਬੈਂਚ ਨੇ ਅਖ਼ਬਾਰਾਂ ਦੀਆਂ ਉਨ੍ਹਾਂ ਰਿਪੋਰਟਾਂ ਦਾ ਹਵਾਲਾ ਦਿੱਤਾ ਜਿਨ੍ਹਾਂ ਵਿੱਚ ਅਦਾਲਤੀ ਆਦੇਸ਼ਾਂ ਦੀ ਵੱਡੇ ਪੱਧਰ ’ਤੇ ਉਲੰਘਣਾ ਹੋਣ ਦਾ ਜ਼ਿਕਰ ਕੀਤਾ ਗਿਆ ਸੀ। ਸੁਪਰੀਮ ਕੋਰਟ ਨੇ ਕੌਮੀ ਰਾਜਧਾਨੀ ’ਚ ਆਤਿਸ਼ਬਾਜ਼ੀ ’ਤੇ ਪਾਬੰਦੀ ਲਾਗੂ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਵੀ ਜਾਣਕਾਰੀ ਮੰਗੀ ਹੈ। ਬੈਂਚ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਦਿੱਲੀ ਵਿਚ ਪਟਾਕਿਆਂ ਦੀ ਵਿਕਰੀ, ਆਤਿਸ਼ਬਾਜ਼ੀ ਬਣਾਉਣ ਅਤੇ ਇਨ੍ਹਾਂ ਨੂੰ ਚਲਾਉਣ ’ਤੇ ਪਾਬੰਦੀ ਦੇ ਸਾਰੇ ਆਦੇਸ਼ ਰਿਕਾਰਡ ’ਤੇ ਰੱਖੇ ਜਾਣ। ਅਸੀਂ ਦਿੱਲੀ ਪੁਲਸ ਕਮਿਸ਼ਨਰ ਨੂੰ ਵੀ ਨੋਟਿਸ ਜਾਰੀ ਕਰ ਰਹੇ ਹਾਂ ਕਿ ਉਸ ਨੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਕੀ ਕਾਰਵਾਈ ਕੀਤੀ ਅਤੇ ਅਦਾਲਤ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਕਿਹੜੇ ਕਦਮ ਚੁੱਕੇ ਗਏ। ਉਨ੍ਹਾਂ ਦਿੱਲੀ ਸਰਕਾਰ ਅਤੇ ਪੁਲਸ ਕਮਿਸ਼ਨਰ ਨੂੰ ਇਕ ਹਫ਼ਤੇ ਦੇ ਅੰਦਰ ਜਵਾਬ ਦਾਖ਼ਲ ਕਰਨ ਲਈ ਆਖਿਆ। ਬੈਂਚ ਨੇ ਆਪਣੇ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸੁਣਵਾਈ 14 ਨਵੰਬਰ ਤੱਕ ਮੁਲਤਵੀ ਕਰ ਦਿੱਤੀ । ਇਸ ਮਾਮਲੇ ’ਚ ਸਹਿਯੋਗ ਲਈ ਅਦਾਲਤੀ ਮਿੱਤਰ ਵਜੋਂ ਨਿਯੁਕਤ ਸੀਨੀਅਰ ਵਕੀਲ ਅਪਰਾਜਿਤਾ ਸਿੰਘ ਨੇ ਕਿਹਾ ਕਿ ਅਦਾਲਤੀ ਹੁਕਮਾਂ ਦੀ ਉਲੰਘਣਾ ਹੋਈ ਹੈ । ਉਨ੍ਹਾਂ ਸੀ ਐੱਸ ਈ ਦੀ ਰਿਪੋਰਟ ਪੇਸ਼ ਕੀਤੀ ਜਿਸ ’ਚ ਦੱਸਿਆ ਗਿਆ ਹੈ ਕਿ ਦੀਵਾਲੀ ਵਾਲੇ ਦਿਨ ਪ੍ਰਦੂਸ਼ਣ ਦਾ ਪੱਧਰ ਕਰੀਬ 30 ਫ਼ੀਸਦੀ ਤੱਕ ਵੱਧ ਗਿਆ ਸੀ।

Related Post