
ਸੰਵਿਧਾਨ ਬਚਾਉਣ ਲਈ ਰਾਖਵੇਂਕਰਨ ਤੋਂ 50 ਫ਼ੀਸਦੀ ਹੱਦ ਹਟਾਉਣੀ ਜ਼ਰੂਰੀ : ਰਾਹੁਲ ਗਾਂਧੀ
- by Jasbeer Singh
- October 5, 2024

ਸੰਵਿਧਾਨ ਬਚਾਉਣ ਲਈ ਰਾਖਵੇਂਕਰਨ ਤੋਂ 50 ਫ਼ੀਸਦੀ ਹੱਦ ਹਟਾਉਣੀ ਜ਼ਰੂਰੀ : ਰਾਹੁਲ ਗਾਂਧੀ ਕੋਹਲਾਪੁਰ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ਨਿੱਚਰਵਾਰ ਨੂੰ ਇਥੇ ਆਖਿਆ ਕਿ ਦੇਸ਼ ਵਿਚ ਰਾਖਵੇਂਕਰਨ ਉਤੇ ਲੱਗੀ ਹੋਈ ਮੌਜੂਦਾ 50 ਫ਼ੀਸਦੀ ਦੀ ਹੱਦ ਨੂੰ ਹਟਾਉਣਾ, ਸੰਵਿਧਾਨ ਨੂੰ ਬਚਾਉਣ ਵਾਸਤੇ ਬਹੁਤ ਜ਼ਰੂਰੀ ਹੈ। ਉਹ ਇਥੇ ਕਰਵਾਏ ਗਏ ‘ਸੰਵਿਧਾਨ ਸਨਮਾਨ ਸੰਮੇਲਨ’ ਨੂੰ ਸੰਬੋਧਨ ਕਰ ਰਹੇ ਸਨ।ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਵੱਲੋਂ 50 ਫ਼ੀਸਦੀ ਦੀ ਹੱਦਬੰਦੀ ਨੂੰ ਹਟਾਉਣ ਲਈ ਕਾਨੂੰਨ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਜਾਤ ਆਧਾਰਤ ਮਰਦਮਸ਼ੁਮਾਰੀ ਵਾਸਤੇ ਲੋਕ ਸਭਾ ਅਤੇ ਰਾਜ ਸਭਾ ਵਿਚ ਕਾਨੂੰਨ ਪਾਸ ਕਰਾਂਗੇ ਅਤੇ ਕੋਈ ਤਾਕਤ ਸਾਨੂੰ ਇਸ ਤੋਂ ਰੋਕ ਨਹੀਂ ਸਕੇਗੀ। ਉਨ੍ਹਾਂ ਕਿਹਾ ਕਿ ਇਤਿਹਾਸਕ ਤੌਰ ’ਤੇ ਦਲਿਤਾਂ ਤੇ ਪਛੜੇ ਵਰਗਾਂ ਨੂੰ ਸਕੂਲਾਂ ਵਿਚ ਪੜ੍ਹਨ ਦੀ ਇਜਾਜ਼ਤ ਨਹੀਂ ਸੀ ਪਰ ਹੁਣ ਇਸ ਇਤਿਹਾਸ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।