 
                                              
                              ਬੌਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਆਪਣੀ ਆਉਣ ਵਾਲੀ ਰੋਮਾਂਟਿਕ ਸਪੋਰਟਸ ਡਰਾਮਾ ਫਿਲਮ ‘ਮਿਸਟਰ ਐਂਡ ਮਿਸਿਜ਼ ਮਾਹੀ’ ਦੀ ਰਿਲੀਜ਼ ਨੂੰ ਲੈ ਕੇ ਪੂਰੀ ਤਰ੍ਹਾਂ ਤਿਆਰ ਹੈ। ਇਸ ਮੌਕੇ ਜਾਹਨਵੀ ਨੇ ਆਪਣੀ ਜਰਸੀ ’ਤੇ ਛਾਪੇ ਗਏ ਨੰਬਰ ਛੇ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਇਸ ਦਾ ਸਬੰਧ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨਾਲ ਹੈ। ਇਸ ਫਿਲਮ ਵਿੱਚ ਜਾਹਨਵੀ ਤੇ ਰਾਜ ਕੁਮਾਰ ਰਾਓ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਜਾਹਨਵੀ ਨੇ ਬੀਤੇ ਦਿਨੀਂ ਆਪਣੇ ਪਾਲਤੂ ਕੁੱਤੇ ਨਾਲ ਤਸਵੀਰਾਂ ਖਿਚਵਾਈਆਂ ਸਨ ਜਿਸ ਵਿੱਚ ਉਸ ਨੇ ਬਾਰਬੀ ਗੁਲਾਬੀ ਸਲੀਵਲੈੱਸ ਕ੍ਰੌਪ ਟੌਪ ਪਹਿਨਿਆ ਹੋਇਆ ਸੀ। ਉਸ ’ਤੇ ਨੰਬਰ ਛੇ ਲਿਖਿਆ ਹੋਇਆ ਸੀ। ਇਸ ਤੋਂ ਪਹਿਲਾਂ ਉਸ ਨੇ 3 ਮਈ ਨੂੰ ਨੀਲੇ ਰੰਗ ਦਾ ਹਾਫ-ਸਲੀਵ ਕ੍ਰੌਪ ਟੌਪ ਪਹਿਨਿਆ ਹੋਇਆ ਸੀ, ਜਿਸ ਦੇ ਅੱਗੇ ‘ਮਾਹੀ 6’ ਲਿਖਿਆ ਹੋਇਆ ਸੀ ਅਤੇ ਪਿਛਲੇ ਪਾਸੇ ‘ਕ੍ਰਿਕਟ ਇਜ਼ ਲਾਈਫ ਔਰ ਲਾਈਫ ਇਜ਼ ਕ੍ਰਿਕਟ’ ਲਿਖਿਆ ਹੋਇਆ ਸੀ। ਜਾਹਨਵੀ ਨੂੰ ਉਸ ਦੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ’ਤੇ ਉਸ ਦੇ ਨੰਬਰ ਛੇ ਬਾਰੇ ਸਵਾਲ ਕੀਤੇ ਤਾਂ ਉਸ ਨੇ ਦੱਸਿਆ, ‘ਬਾਕੀਆਂ ਵਾਂਗ ਮੈਂ ਵੀ ਐੱਮ.ਐੱਸ. ਧੋਨੀ ਦੀ ਵੱਡੀ ਪ੍ਰਸ਼ੰਸਕ ਹਾਂ ਤੇ ਧੋਨੀ ਜੀ ਦਾ ਜਰਸੀ ਨੰਬਰ 7 ਹੈ ਅਤੇ ਹਮੇਸ਼ਾ ਹੀ ਨੰਬਰ 7 ਰਿਹਾ ਹੈ। ਜਦੋਂ ਅਸੀਂ ਫਿਲਮ ਵਿੱਚ ਜਰਸੀ ਦੇ ਨੰਬਰ ਬਾਰੇ ਗੱਲ ਕੀਤੀ ਤਾਂ ਸਾਨੂੰ ਅਹਿਸਾਸ ਹੋਇਆ ਕਿ ‘7’ ਸਿਰਫ ਧੋਨੀ ਸਰ ਦਾ ਨੰਬਰ ਹੋਣਾ ਚਾਹੀਦਾ ਹੈ ਤੇ ਮੈਂ ਆਪਣੀ ਜਰਸੀ ਦਾ ਨੰਬਰ ਛੇ ਚੁਣਿਆ ਕਿਉਂਕਿ ਇਹ ਮੇਰਾ ਲੱਕੀ ਨੰਬਰ ਹੈ।’ ਜ਼ਿਕਰਯੋਗ ਹੈ ਕਿ ‘ਮਿਸਟਰ ਐਂਡ ਮਿਸਿਜ਼ ਮਾਹੀ’ 31 ਮਈ ਨੂੰ ਰਿਲੀਜ਼ ਹੋਵੇਗੀ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     