post

Jasbeer Singh

(Chief Editor)

National

ਦਿੱਲੀ ਵਿਖੇ ਹਵਾਈ ਅੱਡੇ ਤੇ ਇਕ ਵਿਅਕਤੀ ਕਿਸੇ ਦੇ ਪਾਸਪੋਰਟ ਤੇ ਕੈਨੇਡਾ ਜਾਣ ਵੇਲੇ ਗ੍ਰਿਫ਼ਤਾਰ

post-img

ਦਿੱਲੀ ਵਿਖੇ ਹਵਾਈ ਅੱਡੇ ਤੇ ਇਕ ਵਿਅਕਤੀ ਕਿਸੇ ਦੇ ਪਾਸਪੋਰਟ ਤੇ ਕੈਨੇਡਾ ਜਾਣ ਵੇਲੇ ਗ੍ਰਿਫ਼ਤਾਰ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਕ ਵਿਅਕਤੀ ਨੂੰ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਉਹ ਕਿਸੇ ਦੇ ਪਾਸਪੋਰਟ ਤੇ ਕੈਨੇਡਾ ਜਾਣ ਲਈ ਹਾਲੇ ਇਮੀਗ੍ਰੇ਼ਸ਼ਨ ਜਾਂਚ ਵਿਚੋਂ ਗੁਜ਼ਰ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਹਵਾਈ ਅੱਡਾ ਪੁਲਸ ਨੇ ਉਪਰੋਕਤ ਧੋਖਾਧੜੀ ਕਰਨ ਲਈ ਸ਼ਾਮਲ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਦਿੱਲੀ ਆਈ. ਜੀ. ਆਈ. ਹਵਾਈ ਅੱਡੇ ਦੀ ਵਧੀਕ ਪੁਲਸ ਕਮਿਸ਼ਨਰ ਊਸ਼ਾ ਰੰਗਨਾਨੀ ਨੇ ਦਸਿਆ ਕਿ 9 ਤੋਂ 10 ਅਪ੍ਰੈਲ 2025 ਦੀ ਰਾਤ ਨੂੰ ਇਕ ਯਾਤਰੀ ਜਿਸ ਕੋਲ ਕਮਲਜੀਤ ਸਿੰਘ ਦੇ ਨਾਮ ਦਾ ਪਾਸਪੋਰਟ ਸੀ, ਟੋਰਾਂਟੋ (ਕੈਨੇਡਾ) ਜਾਣ ਲਈ ਆਈ. ਜੀ. ਆਈ. ਹਵਾਈ ਅੱਡੇ `ਤੇ ਪਹੁੰਚਿਆ ਤੇ ਜਦੋਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਉਸ ਦੇ ਪਾਸਪੋਰਟ `ਤੇ ਫ਼ੋਟੋ ਉਸ ਆਦਮੀ ਨਾਲ ਮੇਲ ਨਹੀਂ ਖਾਂਦੀ ਸੀ। ਜਦੋਂ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਸ ਦਾ ਅਸਲੀ ਨਾਮ ਮਨਪ੍ਰੀਤ ਸਿੰਘ ਸੀ। ਉਹ 40 ਸਾਲਾਂ ਦਾ ਹੈ ਅਤੇ ਮੋਹਾਲੀ ਦਾ ਰਹਿਣ ਵਾਲਾ ਹੈ। ਸੱਚਾਈ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਇਮੀਗ੍ਰੇਸ਼ਨ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਧੋਖਾਧੜੀ ਅਤੇ ਕਈ ਹੋਰ ਮਾਮਲਿਆਂ ਲਈ ਐਫ਼ਆਈਆਰ ਦਰਜ ਕੀਤੀ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਰੁੱਝੀ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਮਨਪ੍ਰੀਤ ਸਿੰਘ ਨੇ ਦਿੱਲੀ ਪੁਲਿਸ ਦੀ ਜਾਂਚ ਟੀਮ ਵੱਲੋਂ ਪੁੱਛਗਿੱਛ ਦੌਰਾਨ ਹੈਰਾਨ ਕਰਨ ਵਾਲੇ ਖ਼ੁਲਾਸੇ ਕੀਤੇ। ਉਸ ਨੇ ਦਸਿਆ ਕਿ ਕੈਨੇਡਾ ਜਾਣ ਲਈ, ਉਹ ਮੋਹਾਲੀ ਨਿਵਾਸੀ ਏਜੰਟ ਰੁਪਿੰਦਰ ਸਿੰਘ ਦੇ ਸੰਪਰਕ ਵਿਚ ਆਇਆ। ਰੁਪਿੰਦਰ ਨੇ ਮਨਪ੍ਰੀਤ ਨੂੰ 32 ਲੱਖ ਰੁਪਏ ਵਿਚ ਕੈਨੇਡਾ ਭੇਜਣ ਦਾ ਵਾਅਦਾ ਕੀਤਾ ਸੀ ਤੇ ਕਿਸੇ ਹੋਰ ਦੇ ਪਾਸਪੋਰਟ `ਤੇ ਉਸ ਦੀ ਯਾਤਰਾ ਦਾ ਪ੍ਰਬੰਧ ਕੀਤਾ ਸੀ । ਮਨਪ੍ਰੀਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਰੁਪਿੰਦਰ ਨੂੰ 20 ਲੱਖ ਰੁਪਏ ਪਹਿਲਾਂ ਹੀ ਦੇ ਦਿਤੇ ਸਨ ਅਤੇ ਬਾਕੀ ਰਕਮ ਕੈਨੇਡਾ ਪਹੁੰਚਣ ਤੋਂ ਬਾਅਦ ਦੇਣੀ ਸੀ। 9 ਅਪ੍ਰੈਲ ਨੂੰ ਰੁਪਿੰਦਰ ਦੇ ਕਹਿਣ `ਤੇ ਉਹ ਦਿੱਲੀ ਆਇਆ ਅਤੇ ਮਹੀਪਾਲਪੁਰ ਦੇ ਇਕ ਹੋਟਲ ਵਿਚ ਠਹਿਰਿਆ, ਉੱਥੇ ਰੁਪਿੰਦਰ ਦੇ ਦੋ ਸਾਥੀਆਂ, ਵਿਸ਼ਾਲ ਧੀਮਾਨ ਤੇ ਹਰੀਸ਼ ਚੌਧਰੀ ਨੇ ਉਸ ਨੂੰ ਕਮਲਜੀਤ ਸਿੰਘ ਦੇ ਨਾਮ `ਤੇ ਇਕ ਜਾਅਲੀ ਪਾਸਪੋਰਟ ਦਿਤਾ ਪਰ ਉਹ ਪਾਸਪੋਰਟ ਦੀ ਜਾਂਚ ਦੌਰਾਨ ਫੜਿਆ ਗਿਆ । ਦਸਣਯੋਗ ਹੈ ਕਿ ਦੋਸ਼ੀ ਮਨਪ੍ਰੀਤ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਨੇ ਆਪਣੀ ਸਥਾਨਕ ਖੁਫੀਆ ਜਾਣਕਾਰੀ ਅਤੇ ਤਕਨੀਕੀ ਨਿਗਰਾਨੀ ਰਾਹੀਂ ਰੁਪਿੰਦਰ ਸਿੰਘ ਨੂੰ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕਰ ਲਿਆ, ਜਿੱਥੇ ਉਹ ਲੁਕਿਆ ਹੋਇਆ ਸੀ । ਮੁਲਜ਼ਮ ਰੁਪਿੰਦਰ ਵਲੋਂ ਦਿਤੀ ਗਈ ਜਾਣਕਾਰੀ ਦੇ ਆਧਾਰ `ਤੇ, ਪੁਲਿਸ ਨੇ ਹਿਮਾਚਲ ਪ੍ਰਦੇਸ਼ ਤੋਂ ਹਰੀਸ਼ ਅਤੇ ਵਿਸ਼ਾਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ ।

Related Post