post

Jasbeer Singh

(Chief Editor)

Punjab

ਪੀ. ਏ. ਯੂ.-ਕੇ. ਵੀ. ਕੇ. ਸੰਗਰੂਰ ਵੱਲੋਂ ਪਿੰਡ ਕੈਂਪਰ ਵਿੱਚ ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ

post-img

ਪੀ. ਏ. ਯੂ.-ਕੇ. ਵੀ. ਕੇ. ਸੰਗਰੂਰ ਵੱਲੋਂ ਪਿੰਡ ਕੈਂਪਰ ਵਿੱਚ ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ - ਝੋਨੇ ਦੀ ਕਟਾਈ ਲਈ ਐਸ. ਐਮ. ਐਸ. ਵਾਲੀ ਕੰਬਾਈਨ ਦੀ ਵਰਤੋਂ ਕਰੋ - ਡਾ ਮਨਦੀਪ ਸਿੰਘ ਦਿੜ੍ਹਬਾ/ਸੰਗਰੂਰ, 17 ਅਕਤੂਬਰ 2025 : ਡਾ. ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਦੀ ਯੋਗ ਅਗਵਾਈ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਸੀ. ਆਰ. ਐਮ. ਸਕੀਮ 2025-26 ਤਹਿਤ ਬਲਾਕ ਦਿੜ੍ਹਬਾ ਦੇ ਪਿੰਡ ਕੈਂਪਰ ਵਿੱਚ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਅਤੇ ਹਾੜ੍ਹੀ ਦੀਆਂ ਫਸਲਾਂ ਦੀਆਂ ਸੁਧਰੀਆਂ ਕਾਸ਼ਤਕਾਰੀ ਤਕਨੀਕਾਂ ਸਬੰਧੀ ਇੱਕ ਪਿੰਡ ਪੱਧਰੀ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਲਗਭਗ 60 ਕਿਸਾਨਾਂ ਨੇ ਭਾਗ ਲਿਆ ।  ਇਸ ਕੈਂਪ ਦੌਰਾਨ ਡਾ. ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਕਿਸਾਨਾਂ ਨੂੰ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਲਗਾਏ ਬਗੈਰ ਕਣਕ ਅਤੇ ਹਾੜ੍ਹੀ ਦੀਆਂ ਹੋਰ ਫ਼ਸਲਾਂ ਬੀਜਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਕਿਸਾਨਾਂ ਨੂੰ ਪਰਾਲੀ ਨੂੰ ਖੇਤ ਵਿਚ ਸਾਂਭਣ ਦੇ ਫਾਇਦਿਆਂ ਬਾਰੇ ਵੀ ਵਿਸਥਾਰ ਵਿੱਚ ਦੱਸਿਆ । ਉਹਨਾਂ ਦੱਸਿਆ ਕਿ ਇੱਕ ਟਨ ਪਰਾਲੀ ਨੂੰ ਅੱਗ ਲਾਉਣ ਨਾਲ 400 ਕਿਲੋ ਜੈਵਿਕ ਮਾਦਾ, 5.5 ਕਿਲੋ ਨਾਈਟ੍ਰੋਜਨ, 2.5 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼ ਅਤੇ 1.2 ਕਿਲੋ ਸਲਫ਼ਰ ਤੱਤ ਨਸ਼ਟ ਹੋ ਜਾਂਦੇ ਹਨ। ਇਸ ਤੋਂ ਇਲਾਵਾ ਪਰਾਲੀ ਨੂੰ ਅੱਗ ਲਾਉਣ ਨਾਲ ਜ਼ਹਿਰੀਲਾ ਧੂੰਆਂ ਪੈਦਾ ਹੁੰਦਾ ਹੈ ਜੋ ਹਵਾ ਪ੍ਰਦੂਸ਼ਣ ਨੇ ਨਾਲ- ਨਾਲ ਮਨੁੱਖਾਂ ਅਤੇ ਪਸ਼ੂਆਂ ਲਈ ਕਈ ਬਿਮਾਰੀਆਂ ਦਾ ਕਾਰਣ ਵੀ ਬਣਦਾ ਹੈ । ਇਸ ਤੋਂ ਇਲਾਵਾ ਉਨ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਅਤੇ ਕਣਕ ਦੀਆਂ ਵੱਧ ਉਪਜ ਅਤੇ ਵੱਧ ਗੁਣਵੱਤਾ ਵਾਲੀਆਂ ਕਿਸਮਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਹਨਾਂ ਸਰੋਂ, ਦੇਸੀ ਛੋਲਿਆਂ ਅਤੇ ਮਟਰਾਂ ਦੀਆਂ ਸੁਧਰੀਆਂ ਕਿਸਮਾਂ ਬਾਰੇ ਵੀ ਜਾਣਕਾਰੀ ਦਿੱਤੀ । ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਫਾਰਮ ਮਸ਼ੀਨਰੀ) ਨੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਉਪਲਬਧ ਖੇਤੀ ਮਸ਼ੀਨਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਉਨ੍ਹਾਂ ਨੇ ਮਸ਼ੀਨਾਂ ਦੀ ਵਰਤੋਂ ਸਮੇਂ ਆਉਣ ਵਾਲੀਆਂ ਮੁਸ਼ਕਲਾਂ ਅਤੇ ਉਨ੍ਹਾਂ ਦੇ ਵਿਗਿਆਨਕ ਹੱਲ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ । ਡਾ. ਰੁਕਿੰਦਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਨੇ ਕਿਸਾਨਾਂ ਨੂੰ ਕਣਕ, ਸਰੋਂ ਅਤੇ ਛੋਲਿਆਂ ਵਿੱਚ ਸੁਚੱਜੇ ਨਦੀਨ ਅਤੇ ਖਾਦ ਪ੍ਰਬੰਧ ਬਾਰੇ ਜਾਣਕਾਰੀ ਦਿੱਤੀ । ਉਹਨਾਂ ਕਿਸਾਨਾਂ ਨੂੰ ਕਣਕ ਵਿੱਚ ਗੁੱਲੀ-ਡੰਡੇ ਦੀ ਰੋਕਥਾਮ ਲਈ ਕਣਕ ਦੀ ਬਿਜਾਈ ਸਮੇਂ ਵਰਤੇ ਜਾਣ ਵਾਲੇ ਨਦੀਨਨਾਸ਼ਕਾਂ ਬਾਰੇ ਵੀ ਸੁਚੇਤ ਕੀਤਾ । ਡਾ. ਗੁਰਬੀਰ ਕੌਰ, ਸਹਾਇਕ ਪ੍ਰੋਫੈਸਰ (ਪੌਦਾ ਰੋਗ ਵਿਗਿਆਨ) ਨੇ ਕਿਸਾਨਾਂ ਨੂੰ ਕਣਕ ਵਿੱਚ ਬੀਜ ਦੀ ਸੋਧ ਦੁਆਰਾ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਗੁਲਾਬੀ ਸੁੰਡੀ ਦੀ ਸਮੱਸਿਆ ਤੋਂ ਬਚਾਅ ਲਈ ਪੀਏਯੂ ਦੀਆਂ ਸਿਫ਼ਾਰਸ਼ਾਂ ‘ਤੇ ਵੀ ਚਾਨਣਾ ਪਾਇਆ । ਇਸ ਤੋਂ ਇਲਾਵਾ ਉਹਨਾਂ ਕਿਸਾਨਾਂ ਨੂੰ ਝੋਨੇ ਵਿੱਚ ਬੂਟਿਆਂ ਦੇ ਮਧਰੇਪਣ ਦੇ ਕਾਰਣਾਂ ਅਤੇ ਇਸ ਦੀ ਰੋਕਥਾਮ ਬਾਰੇ ਵੀ ਦੱਸਿਆ । ਪ੍ਰੋਗਰਾਮ ਦੇ ਅੰਤ ਵਿੱਚ ਕਿਸਾਨਾਂ ਨੂੰ ਪੀਏਯੂ ਵੱਲੋਂ ਤਿਆਰ ਕੀਤੀਆਂ ਸਰਦੀ ਰੁੱਤ ਦੀਆਂ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ, ਸਰ੍ਹੋਂ ਦੇ ਬੀਜਾਂ ਦੀਆਂ ਕਿੱਟਾਂ ਅਤੇ ਖੇਤੀਬਾੜੀ ਸਾਹਿਤ ਵੰਡਿਆ ਗਿਆ । ਫੀਲਡ ਵਿਜਿਟ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਵੱਲੋਂ ਅਗਾਂਹਵਧੂ ਕਿਸਾਨ ਸ ਮੱਖਣ ਸਿੰਘ ਦੇ ਫਾਰਮ ਉੱਤੇ ਸਿੱਧੀ ਬਿਜਾਈ ਵਾਲੇ ਝੋਨੇ ਦੀ ਪ੍ਰਦਰਸ਼ਨੀ ਦਾ ਮੁਆਇਨਾ ਕੀਤਾ ਗਿਆ ਅਤੇ ਕਿਸਾਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਇਸ ਜਾਗਰੂਕਤਾ ਕੈਂਪ ਦੌਰਾਨ ਸਰਪੰਚ ਸ. ਗੁਰਸੇਵਕ ਸਿੰਘ, ਸ. ਗੁਰਚਰਨ ਸਿੰਘ, ਸ ਕੁਲਦੀਪ ਸਿੰਘ ਅਤੇ ਸ ਗੁਰਪ੍ਰੀਤ ਸਿੰਘ ਵਿਸ਼ੇਸ਼ ਤੌਰ ਉੱਤੇ ਹਾਜ਼ਰ ਰਹੇ ।

Related Post