ਪੁਲਸ ਮੁਲਾਜ਼ਮ ਨੂੰ ਧੱਕਾ ਦੇ ਕੇ ਹੱਥਕੜੀ ਸਮੇਤ ਹਵਾਲਾਤੀ ਫਰਾਰ ਲੁਧਿਆਣਾ, 6 ਦਸੰਬਰ 2025 : ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਉਣ ਲਈ ਲਿਜਾਇਆ ਜਾ ਰਿਹਾ ਹਵਾਲਾਤੀ ਪਿਸ਼ਾਬ ਕਰਨ ਦੇ ਬਹਾਨੇ ਪੁਲਸ ਮੁਲਾਜ਼ਮ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਨੂੰ ਪੁਲਸ ਨੇ ਹੱਥਕੜੀ ਪਾਈ ਹੋਈ ਸੀ। ਮੁਲਜ਼ਮ ਹਥਕੜੀ ਸਮੇਤ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਭੱਜਣ ਵਾਲੇ ਵਿਅਕਤੀ ਵਿਰੁੱਧ ਕਰ ਲਿਆ ਗਿਆ ਹੈ ਕੇਸ ਦਰਜ ਥਾਣਾ ਟਿੱਬਾ ਦੀ ਪੁਲਸ ਨੇ ਏ. ਐੱਸ. ਆਈ. ਕਸ਼ਮੀਰ ਸਿੰਘ ਦੀ ਸਿ਼ਕਾਇਤ `ਤੇ ਟਿੱਬਾ ਰੋਡ, ਮਨਜੀਤ ਨਗਰ ਦੇ ਰਹਿਣ ਵਾਲੇ ਮਨਦੀਪ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ । ਕਿਵੇਂ ਹੋਇਆ ਸਭ ਕੁੱਝ ਜਾਣਕਾਰੀ ਮੁਤਾਬਕ ਮੁਲਜ਼ਮ ਮਨਦੀਪ ਸਿੰਘ ਖਿਲਾਫ ਥਾਣਾ ਟਿੱਬਾ ਵਿਚ 109 ਦਾ ਕਲੰਦਰਾ ਦਰਜ ਕੀਤਾ ਸੀ, ਜਿਸ ਤੋਂ ਬਾਅਦ ਹੋਮਗਾਰਡ ਦਾ ਜਵਾਨ ਨਿਰਮਲ ਸਿੰਘ ਹਵਾਲਾਤੀ ਮਨਦੀਪ ਸਿੰਘ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਲਿਜਾ ਰਿਹਾ ਸੀ ਕਿ ਰਸਤੇ ਵਿਚ ਪੁਰਾਣੀ ਗਊਸ਼ਾਲਾ ਕੋਲ ਮਨਦੀਪ ਨੇ ਪਿਸ਼ਾਬ ਜਾਣ ਦਾ ਬਹਾਨਾ ਬਣਾਇਆ । ਜਿਵੇਂ ਹੀ` ਨਿਰਮਲ ਨੇ ਉਸ ਨੂੰ ਥੋੜ੍ਹੀ ਢਿੱਲ ਦਿੱਤੀ ਤਾਂ ਮੁਲਜ਼ਮ ਨੇ ਅਚਾਨਕ ਜ਼ੋਰਦਾਰ ਧੱਕਾ ਦਿੱਤਾ ਅਤੇ ਭੀੜ ਦਾ ਸਹਾਰਾ ਲੈ ਕੇ ਗਲੀਆਂ ਵਿਚ ਦਾਖਲ ਹੋ ਕੇ ਭੱਜ ਗਿਆ । ਨਿਰਮਲ ਸਿੰਘ ਨੇ ਉਸ ਦਾ ਪਿੱਛਾ ਕਰਨ ਦਾ ਯਤਨ ਵੀ ਕੀਤਾ ਪਰ ਮਨਦੀਪ ਦੇਖਦੇ ਹੀ ਦੇਖਦੇ ਹਥਕੜੀ ਸਮੇਤ ਅੱਖਾਂ ਤੋਂ ਓਹਲੇ ਹੋ ਗਿਆ। ਇਸ ਤੋਂ ਬਾਅਦ ਤੁਰੰਤ ਥਾਣਾ ਟਿੱਬਾ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ। ਸੇਫ ਸਿਟੀ ਕੈਮਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਤਾਂ ਕਿ ਫਰਾਰ ਮਨਦੀਪ ਦੀ ਲੋਕੇਸ਼ਨ ਦਾ ਪਤਾ ਲਗ ਸਕੇ। ਥਾਣਾ ਪੁਲਸ ਹੁਣ ਵੱਖ-ਵੱਖ ਇਲਾਕਿਆਂ ਵਿਚ ਛਾਪੇਮਾਰੀ ਕਰ ਕੇ ਉਸ ਦੀ ਭਾਲ ਵਿਚ ਲੱਗੀ ਹੋਈ ਹੈ।
