ਆਈਡੈਂਟੀਫਿਕੇਸ਼ਨ ਪ੍ਰੋਗਰਾਮ ਤਹਿਤ ਪੋਲੋ ਗਰਾਊਂਡ ਪਟਿਆਲਾ ਵਿਖੇ ਖੇਡ ਟਰਾਇਲ ਸੰਪੰਨ
- by Jasbeer Singh
- August 4, 2024
ਆਈਡੈਂਟੀਫਿਕੇਸ਼ਨ ਪ੍ਰੋਗਰਾਮ ਤਹਿਤ ਪੋਲੋ ਗਰਾਊਂਡ ਪਟਿਆਲਾ ਵਿਖੇ ਖੇਡ ਟਰਾਇਲ ਸੰਪੰਨ ਚੁਣੇ ਖਿਡਾਰੀਆਂ ਨੂੰ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੀਆਂ ਅਕੈਡਮੀਆਂ ਵਿੱਚ ਖੇਡਣ ਦਾ ਮਿਲੇਗਾ ਸੁਨਹਿਰੀ ਮੌਕਾ ਪਟਿਆਲਾ, ਫ਼ਤਹਿਗੜ੍ਹ ਸਾਹਿਬ, ਸੰਗਰੂਰ, ਮਾਲੇਰਕੋਟਲਾ ਤੇ ਐੱਸ.ਏ.ਐੱਸ. ਨਗਰ ਜ਼ਿਲ੍ਹੇ ਦੇ ਲੜਕੇ ਲੜਕੀਆਂ (12 ਤੋਂ 14 ਸਾਲ) ਨੇ ਲਿਆ ਹਿੱਸਾ ਟੈਲੈਂਟ ਆਈਡੈਂਟੀਫਿਕੇਸ਼ਨ ਪ੍ਰੋਗਰਾਮ ਦੇ ਕਨਵੀਨਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਪਟਿਆਲਾ, 04 ਅਗਸਤ : ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਜ਼ਮੀਨੀ ਪੱਧਰ ਉੱਤੇ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਟੈਲੈਂਟ ਆਈਡੈਂਟੀਫਿਕੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਜਿਸ ਤਹਿਤ ਪਟਿਆਲਾ ਜ਼ਿਲ੍ਹੇ ਦੇ ਟਰਾਇਲ ਪੋਲੋ ਗਰਾਊਂਡ, ਪਟਿਆਲਾ ਵਿਖੇ ਸਫ਼ਲਤਾ ਨਾਲ ਸੰਪੰਨ ਹੋਏ, ਜਿਨ੍ਹਾਂ ਵਿੱਚ ਜ਼ਿਲ੍ਹਾ ਪਟਿਆਲਾ, ਫ਼ਤਹਿਗੜ੍ਹ ਸਾਹਿਬ, ਸੰਗਰੂਰ, ਮਾਲੇਰਕੋਟਲਾ ਤੇ ਐੱਸ.ਏ.ਐੱਸ. ਨਗਰ ਜ਼ਿਲ੍ਹੇ ਦੇ ਲੜਕੇ ਲੜਕੀਆਂ (12 ਤੋਂ 14 ਸਾਲ) ਨੇ ਹਿੱਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟੈਲੈਂਟ ਆਈਡੈਂਟੀਫਿਕੇਸ਼ਨ ਪ੍ਰੋਗਰਾਮ ਦੇ ਕਨਵੀਨਰ ਤੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਜਗਦੀਪ ਸਿੰਘ ਕਾਹਲੋਂ ਨੇ ਇਸ ਪ੍ਰੋਗਰਾਮ ਦੀ ਸਫਲਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਖਾਸਕਰ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਸ. ਕਾਹਲੋਂ ਨੇ ਦੱਸਿਆ ਕਿ ਸ. ਓਂਕਾਰ ਸਿੰਘ, ਸਕੱਤਰ ਜਨਰਲ, ਏਸ਼ੀਅਨ ਸਾਈਕਲਿੰਗ ਕਨਫੈਡਰੇਸ਼ਨ ਅਤੇ ਸ. ਮਨਿੰਦਰਪਾਲ ਸਿੰਘ ਸਕੱਤਰ ਜਨਰਲ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਯੋਗ ਅਗਵਾਈ ਵਿੱਚ ਪੂਰੇ ਪੰਜਾਬ ਵਿੱਚ ਟੈਲੈਂਟ ਆਈਡੈਂਟੀਫਿਕੇਸ਼ਨ ਪ੍ਰੋਗਰਾਮ ਕਰਵਾਇਆ ਗਿਆ ਹੈ, ਜਿਸ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਅਤੇ ਵਿਸ਼ੇਸ਼ ਤੌਰ 'ਤੇ ਸਾਈਕਲਿੰਗ ਖੇਡ ਨਾਲ ਜੋੜਨਾ ਹੈ ਤਾਂ ਜੋ ਪੰਜਾਬ ਵਿੱਚ ਸਾਈਕਲਿੰਗ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ । ਇਸ ਤਹਿਤ ਖ਼ਿਡਾਰੀਆਂ ਦੀ ਚੋਣ ਕਰ ਕੇ ਉਹਨਾਂ ਨੂੰ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੀਆਂ ਅਕੈਡਮੀਆਂ ਵਿੱਚ ਭੇਜਿਆ ਜਾਵੇਗਾ, ਜਿਥੇ ਉਹਨਾਂ ਦਾ ਰਹਿਣਾ, ਖੁਰਾਕ, ਟਰੇਨਿੰਗ, ਖੇਡ ਦਾ ਸਾਜੋ ਸਮਾਨ ਮੁਫ਼ਤ ਦਿੱਤਾ ਜਾਵੇਗਾ । ਸ. ਕਾਹਲੋਂ ਨੇ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਨੌਜਵਾਨਾਂ ਦੀ ਟਰਾਇਲ ਰਾਹੀਂ ਚੋਣ ਕੀਤੀ ਗਈ ਹੈ ਤੇ ਚੁਣੇ ਹੋਏ ਖਿਡਾਰੀ ਦਿੱਲੀ ਵਿਖੇ ਫਈਨਲ ਟਰਾਇਲ ਲਈ ਭੇਜੇ ਜਾਣਗੇ। ਇਹਨਾਂ ਟਰਾਇਲਾਂ ਵਿੱਚ ਸਟੈਂਡਿੰਗ ਬਰੌਡ ਜੰਪ, ਹਾਈ ਜੰਪ (ਵਰਟੀਕਲ) ਅਤੇ ਲੜਕੇ 1600 ਮੀਟਰ ਅਤੇ ਲੜਕੀਆਂ 800 ਮੀਟਰ ਦੀ ਦੌੜ ਕਰਵਾਈ ਗਈ। ਇਸ ਮੌਕੇ ਡੀਐਸਪੀ (ਟਰੈਫਿਕ) ਕਰਨੈਲ ਸਿੰਘ, ਏਸ਼ੀਅਨ ਮੈਡਲਿਸਟ ਨਮਨ ਕਪਲ, ਕਨਵੀਨਰ ਬਖਸ਼ੀਸ਼ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਐੱਸ ਏ ਐੱਸ ਨਗਰ ਹਰਪਿੰਦਰ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਰੂਪੇਸ਼ ਕੁਮਾਰ, ਕੌਮਾਂਤਰੀ ਸਾਈਕਲਿਸਟ ਸੁਖਜਿੰਦਰ ਸਿੰਘ, ਏ.ਪੀ.ਆਰ.ਓ. ਸਤਿੰਦਰਪਾਲ ਸਿੰਘ, ਸਾਬਕਾ ਹੈਂਡਬਾਲ ਕੋਚ ਸੁਰਿੰਦਰ ਸਿੰਘ ਛਿੰਦਾ, ਹਾਈ ਪਰਫਾਰਮੈਂਸ ਮੈਨੇਜਰ ਮਨੀਸ਼ ਸਾਹਨੀ, ਚਰਨਜੀਤ ਸਿੰਘ, ਗੁਰਪਾਲ ਸਿੰਘ, ਮੋਹਿਤ ਸਿੰਘ ਸਾਈਕਲਿੰਗ ਕੋਚ, ਮੈਡਮ ਗੁਰਪ੍ਰੀਤ ਕੌਰ ਸਾਈਕਲਿੰਗ ਕੋਚ, ਰਾਣਾ ਕੌਲੀ, ਸਿਵਲ ਸਰਜਨ ਪਟਿਆਲਾ ਦੀ ਟੀਮ, ਜ਼ਿਲ੍ਹਾ ਖੇਡ ਵਿਭਾਗ ਪਟਿਆਲਾ ਦੇ ਕੋਚ ਸਾਹਿਬਾਨ, ਵੱਡੀ ਗਿਣਤੀ ਖਿਡਾਰੀ ਅਤੇ ਖੇਡ ਪ੍ਰੇਮੀ ਹਾਜ਼ਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.