post

Jasbeer Singh

(Chief Editor)

National

ਬਦਲਾਪੁਰ ਜਿਨਸੀ ਸ਼ੋਸ਼ਣ ਮਾਮਲਾ: ਮੁਲਜ਼ਮ ਦੀ ਮੌਤ ਸਬੰਧੀ ਜਾਂਚ ਕਰੇਗੀ ਸੀਆਈਡੀ

post-img

ਬਦਲਾਪੁਰ ਜਿਨਸੀ ਸ਼ੋਸ਼ਣ ਮਾਮਲਾ: ਮੁਲਜ਼ਮ ਦੀ ਮੌਤ ਸਬੰਧੀ ਜਾਂਚ ਕਰੇਗੀ ਸੀਆਈਡੀ ਮੁੰਬਈ : ਮਹਾਰਾਸ਼ਟਰ ਦੇ ਅਪਰਾਧ ਜਾਂਚ ਵਿਭਾਗ (ਸੀਆਈਡੀ) ਵੱਲੋਂ ਬਦਲਾਪੁਰ ਕਸਬੇ ਦੇ ਸਕੂਲ ਵਿੱਚ ਦੋ ਬੱਚੀਆਂ ਦੇ ਜਿਨਸੀ ਸ਼ੋਸ਼ਣ ਕੇਸ ਵਿੱਚ ਮੁਲਜ਼ਮ ਅਕਸ਼ੈ ਸ਼ਿੰਦੇ ਦੀ ਮੌਤ ਸਬੰਧੀ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਇਸੇ ਦੌਰਾਨ ਠਾਣੇ ਪੁਲੀਸ ਨੇ ਪੁਲੀਸ ਮੁਲਾਜ਼ਮਾਂ ’ਤੇ ਕਥਿਤ ਗੋਲੀਬਾਰੀ ਕਰਨ ਕਾਰਨ ਅਕਸ਼ੈ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਮੁਲਜ਼ਮ ਦੀ ਅਚਾਨਕ ਮੌਤ ਦਾ ਮਾਮਲਾ ਵੀ ਮੁੰਬਰਾ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਪੁਲੀਸ ਨੇ ਦੋਸ਼ ਲਾਇਆ ਕਿ ਸ਼ਿੰਦੇ ਨੇ ਪੁਲੀਸ ਮੁਲਾਜ਼ਮਾਂ ’ਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਨ੍ਹਾਂ ਦੋਵਾਂ ਮਾਮਲਿਆਂ ਦੀ ਜਾਂਚ ਵੀ ਠਾਣੇ ਪੁਲੀਸ ਹੀ ਕਰ ਰਹੀ ਹੈ।ਅਧਿਕਾਰੀਆਂ ਨੇ ਦੱਸਿਆ ਕਿ ਫੋਰੈਂਸਿਕ ਮਾਹਿਰਾਂ ਦੀ ਟੀਮ ਨੇ ਅੱਜ ਉਸ ਪੁਲੀਸ ਵਾਹਨ ਦੀ ਜਾਂਚ ਕੀਤੀ ਜਿਸ ਵਿੱਚ ਸੋਮਵਾਰ ਸ਼ਾਮ ਨੂੰ ਪੁਲੀਸ ਮੁਲਾਜ਼ਮ ਨੇ ਸ਼ਿੰਦੇ ਨੂੰ ਕਥਿਤ ਗੋਲੀ ਮਾਰੀ ਸੀ। ਸ਼ਿੰਦੇ (24) ’ਤੇ ਠਾਣਾ ਜ਼ਿਲ੍ਹੇ ਦੇ ਬਦਲਾਪੁਰ ਦੇ ਸਕੂਲ ਵਿੱਚ ਦੋ ਬੱਚੀਆਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ ਸੀ। ਇਸੇ ਸਕੂਲ ਦੇ ਸਫਾਈ ਕਰਮੀ ਸ਼ਿੰਦੇ ਨੂੰ ਇਸ ਘਟਨਾ ਦੇ ਪੰਜ ਦਿਨ ਮਗਰੋਂ 17 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਧਿਕਾਰੀਆਂ ਦਾ ਦਾਅਵਾ ਸੀ ਕਿ ਸ਼ਿੰਦੇ ਨੂੰ ਸੋਮਵਾਰ ਨੂੰ ਇਕ ਹੋਰ ਮਾਮਲੇ ਦੀ ਜਾਂਚ ਸਬੰਧੀ ਜਦੋਂ ਤਲੋਜਾ ਜੇਲ੍ਹ ਤੋਂ ਬਦਲਾਪੁਰ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੇ ਪੁਲੀਸ ਮੁਲਾਜ਼ਮਾਂ ’ਚੋਂ ਇਕ ਦੀ ਪਿਸਤੌਲ ਖੋਹ ਕੇ ਗੋਲੀ ਚਲਾ ਦਿੱਤੀ ਅਤੇ ਜਵਾਬੀ ਗੋਲੀਬਾਰੀ ’ਚ ਉਹ ਮਾਰਿਆ ਗਿਆ। ਹਾਲਾਂਕਿ, ਅਕਸ਼ੈ ਸ਼ਿੰਦੇ ਦੀ ਮਾਂ ਤੇ ਰਿਸ਼ਤੇਦਾਰਾਂ ਨੇ ਇਸ ਥਿਊਰੀ ਨੂੰ ਰੱਦ ਕਰਦਿਆਂ ਪੁਲੀਸ ’ਤੇ ਉਸ ਨੂੰ ਫ਼ਰਜ਼ੀ ਮੁਕਾਬਲੇ ਵਿੱਚ ਮਾਰਨ ਦੇ ਦੋਸ਼ ਲਗਾਏ ਹਨ। ਉਧਰ ਜੇਜੇ ਹਸਪਤਾਲ ਨੇ ਪੋਸਟਮਾਰਟਮ ਮਗਰੋਂ ਸ਼ਿੰਦੇ ਦੀ ਲਾਸ਼ ਪੁਲੀਸ ਹਵਾਲੇ ਕਰ ਦਿੱਤੀ ਹੈ। ਇਸੇ ਦੌਰਾਨ ਸ਼ਿਵ ਸੈਨਾ ਕਾਰਕੁਨਾਂ ਨੇ ਸ਼ਿੰਦੇ ਦੀ ਮੌਤ ਦੇ ਜਸ਼ਨ ਵਿੱਚ ਪਟਾਕੇ ਚਲਾਏ ਅਤੇ ਮਠਿਆਈਆਂ ਵੰਡੀਆਂ। ਉਧਰ, ਅਕਸ਼ੈ ਸ਼ਿੰਦੇ ਦੇ ਪਿਤਾ ਅੰਨਾ ਸ਼ਿੰਦੇ ਨੇ ਆਪਣੇ ਪੁੱਤਰ ਦੇ ਕਥਿਤ ਫਰਜ਼ੀ ਮੁਕਾਬਲੇ ਖ਼ਿਲਾਫ਼ ਬੰਬੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਅਤੇ ਮੌਤ ਦੀ ਜਾਂਚ ਵਿਸ਼ੇਸ਼ ਜਾਂਚ ਟੀਮ (ਸਿਟ) ਤੋਂ ਕਰਵਾਉਣ ਦੀ ਮੰਗ ਕੀਤੀ ਹੈ।

Related Post