July 6, 2024 00:45:49
post

Jasbeer Singh

(Chief Editor)

National

ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਸਾਹਿਤਕਾਰਾਂ ਦਾ ਸਨਮਾਨ

post-img

ਚੰਡੀਗੜ੍ਹ ਸਾਹਿਤ ਅਕਾਦਮੀ ਨੇ ਅੱਜ ਚੰਡੀਗੜ੍ਹ ਦੇ ਸੈਕਟਰ-16 ਸਥਿਤ ਪੰਜਾਬ ਕਲਾ ਭਵਨ ਵਿੱਚ ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਸਾਹਿਤ ਜਗਤ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ। ਪੰਜਾਬੀ ਸਾਹਿਤਕਾਰ ਡਾ. ਸਵਰਾਜਬੀਰ ਨਿੱਜੀ ਕਾਰਨਾਂ ਕਰ ਕੇ ਸਮਾਗਮ ਵਿੱਚ ਨਹੀਂ ਪੁੱਜ ਸਕੇ। ਇਸ ਮੌਕੇ ਰਾਜਪਾਲ ਨੇ ‘ਐਵਾਰਡ ਆਫ ਰਿਕੋਗਨਾਈਜ਼ੇਸ਼ਨ’ ਵਿੱਚ ਹਿੰਦੀ ਭਾਸ਼ਾ ਲਈ ਕੰਮ ਕਰਨ ਵਾਲੇ ਰਾਜਿੰਦਰ ਕੁਮਾਰ ਕਨੌਜੀਆ, ਅੰਗਰੇਜ਼ੀ ਲਈ ਸੁਮਿਤਾ ਮਿਸ਼ਰਾ ਅਤੇ ਸੰਸਕ੍ਰਿਤ ਲਈ ਪ੍ਰਾਣ ਨਾਥ ਪੰਕਜ ਅਤੇ ਉਰਦੂ ਭਾਸ਼ਾ ਲਈ ਕੰਮ ਕਰਨ ਵਾਲੀ ਜ਼ਰੀਨਾ ਨਾਗਮੀ ਨੂੰ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਰਾਜਪਾਲ ਨੇ ‘ਬੈਸਟ ਬੁੱਕ ਆਫ ਦਿ ਈਅਰ ਐਵਾਰਡ’ ਹਿੰਦੀ ਕਵਿਤਾ ਵਿੱਚ ਅਨੀਸ਼ ਗਰਗ, ਕਹਾਣੀ ਵਿੱਚ ਅਜੇ ਸਿੰਘ ਰਾਣਾ, ਨਾਵਲ ਵਿੱਚ ਓਮ ਪ੍ਰਕਾਸ਼, ਬਾਲ ਸਾਹਿਤ ਵਿੱਚ ਜਸਵਿੰਦਰ ਸ਼ਰਮਾ ਨੂੰ ਸਨਮਾਨਿਤ ਕੀਤਾ। ਇਸੇ ਤਰ੍ਹਾਂ ਪੰਜਾਬੀ ਕਵਿਤਾ ਵਿੱਚ ਸੁਭਾਸ਼ ਸ਼ਰਮਾ, ਕਹਾਣੀ ਵਿੱਚ ਪ੍ਰੀਤਮਾ ਅਤੇ ਟਰਾਂਸਲੇਸ਼ਨ ਵਿੱਚ ਬਲਵਿੰਦਰ ਚਾਹਲ, ਉਰਦੂ ਕਵਿਤਾ ਵਿੱਚ ਗੁਰਦੀਪ ਗੁਲ ਤੇ ਅਨੁਵਾਦ ਵਿੱਚ ਰੇਨੂ ਬਹਿਲ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਮਾਧਵ ਕੌਸ਼ਿਕ, ਵਾਈਸ ਚੇਅਰਮੈਨ ਮਨਮੋਹਨ ਅਤੇ ਸਕੱਤਰ ਸੁਭਾਸ਼ ਭਾਸਕਰ ਸਣੇ ਵੱਡੀ ਗਿਣਤੀ ਵਿੱਚ ਸਾਹਿਤ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ ਮੌਜੂਦ ਰਹੀਆਂ। ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਏ 77 ਵਰ੍ਹੇ ਹੋ ਚੁੱਕੇ ਹਨ, ਪਰ ਅਜੇ ਤੱਕ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਦਾ ਖਾਤਮਾ ਨਹੀਂ ਕੀਤਾ ਜਾ ਸਕਿਆ ਹੈ। ਇਸੇ ਕਰ ਕੇ ਅੱਜ ਭਾਰਤ ਦੇਸ਼ ਜਾਪਾਨ ਤੇ ਚੀਨ ਵਰਗੇ ਦੇਸ਼ਾਂ ਤੋਂ ਬਹੁਤ ਪਿੱਛੇ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਖਤਮ ਹੋ ਜਾਵੇਗਾ, ਉਸ ਦਿਨ ਭਾਰਤ ਵਿਸ਼ਵ ਗੁਰੂ ਬਣ ਜਾਵੇਗਾ। ਸ੍ਰੀ ਪੁਰੋਹਿਤ ਨੇ ਕਿਹਾ ਕਿ ਇਕ ਦੇਸ਼ ਸਿਰਫ਼ ਪੈਸੇ ਨਾਲ ਹੀ ਵਿਕਸਿਤ ਨਹੀਂ ਹੋ ਸਕਦਾ ਹੈ। ਵਿਕਸਿਤ ਦੇਸ਼ ਲਈ ਉੱਥੋਂ ਦੇ ਸਾਹਿਤ ਤੇ ਵਿਰਸੇ ਦਾ ਵਿਕਸਤ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਿਤਾਬਾਂ ਵਿੱਚ ਲਿਖਿਆ ਗਿਆ ਸਾਹਿਤ ਹਰ ਕਿਸੇ ਦੇ ਜੀਵਨ ’ਤੇ ਬਹੁਤ ਅਸਰ ਪਾਉਂਦਾ ਹੈ। ਇਸ ਲਈ ਹਰੇਕ ਵਿਅਕਤੀ ਨੂੰ ਰੋਜ਼ਾਨਾ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। ਸ੍ਰੀ ਪੁਰੋਹਿਤ ਨੇ ਨੌਜਵਾਨਾਂ ਨੂੰ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਪੜ੍ਹਨ ਅਤੇ ਲਿਖਣ ਦੀ ਅਪੀਲ ਕੀਤੀ।

Related Post