

ਪੰਜਾਬ ਵਿੱਚ ਪਹਿਲੀ ਜੂਨ ਨੂੰ ਆਖਰੀ ਗੇੜ ਦੀਆਂ ਲੋਕ ਸਭਾ ਚੋਣਾਂ ਹੋ ਰਹੀਆਂ ਹਨ। ਪਹਿਲੀ ਵਾਰ ਸੂਬੇ ਵਿੱਚ ਆਖਰੀ ਗੇੜ ਵਿੱਚ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਪਹਿਲੀ ਜੂਨ ਦੀ ਵੋਟਿੰਗ ਨੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਲਈ ਨਵੀਂ ਪ੍ਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ। ਪਹਿਲੀ ਜੂਨ 2015 ਨੂੰ ਹੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਬੀ ਕਾਂਡ ਵਾਪਰਿਆ ਸੀ ਅਤੇ ਇਸ ਕਾਂਡ ਤੋਂ ਬਾਅਦ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਵਾਪਰੇ ਅਤੇ 9 ਸਾਲ ਬਾਅਦ ਵੀ ਇਹ ਕਾਂਡ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰ ਰਿਹਾ ਹੈ। ਪਹਿਲੀ ਜੂਨ 1984 ਨੂੰ ਹੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਘੱਲੂਘਾਰਾ ਸ਼ੁਰੂ ਹੋਇਆ ਸੀ। ਫਰੀਦਕੋਟ ਲੋਕ ਸਭਾ ਹਲਕੇ ਵਿੱਚ 26 ਦੇ ਕਰੀਬ ਉਮੀਦਵਾਰ ਚੋਣ ਲੜ ਰਹੇ ਹਨ ਪਰ ਮੁੱਖ ਮੁਕਾਬਲਾ ‘ਆਪ’, ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਸ਼ਹੀਦ ਬੇਅੰਤ ਸਿੰਘ ਦੇ ਪੁੱਤਰ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਦਰਮਿਆਨ ਹੈ। ਸਰਬਜੀਤ ਸਿੰਘ ਖਾਲਸਾ ਨੇ ਫਰੀਦਕੋਟ ਲੋਕ ਸਭਾ ਹਲਕੇ ਵਿੱਚ ਦੇਰੀ ਨਾਲ ਚੋਰ ਪ੍ਰਚਾਰ ਸ਼ੁਰੂ ਕੀਤਾ ਸੀ ਪਰ ਹੁਣ ਉਸ ਦਾ ਪ੍ਰਚਾਰ ਬਾਕੀ ਪ੍ਰਮੁੱਖ ਪਾਰਟੀਆਂ ਦੇ ਬਰਾਬਰ ਚੱਲ ਰਿਹਾ ਹੈ। ਉਸ ਨੂੰ ਹਲਕੇ ਵਿੱਚ ਚੰਗਾ ਹੁੰਗਾਰਾ ਮਿਲ ਰਿਹਾ ਹੈ ਅਤੇ ਜਿਵੇਂ ਜਿਵੇਂ ਪਹਿਲੀ ਜੂਨ ਨੇੜੇ ਆ ਰਹੀ ਹੈ, ਉਸ ਦਾ ਚੋਣ ਪ੍ਰਚਾਰ ਤੇਜ਼ ਹੋ ਰਿਹਾ ਹੈ। ਘੱਲੂਘਾਰਾ ਦਿਵਸ ਅਤੇ ਬੇਅਦਬੀ ਕਾਂਡ ਦਾ ਫਰੀਦਕੋਟ ਲੋਕ ਸਭਾ ਹਲਕੇ ਨਾਲ ਨੇੜਲਾ ਸਬੰਧ ਹੈ। ਜਦੋਂ ਪਹਿਲੀ ਜੂਨ 1984 ਨੂੰ ਘੱਲੂਘਾਰਾ ਸ਼ੁਰੂ ਹੋਇਆ, ਉਸ ਵੇਲੇ ਦਰਬਾਰ ਸਾਹਿਬ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮੌਜੂਦ ਸਨ, ਜੋ ਫਰੀਦਕੋਟ ਲੋਕ ਸਭਾ ਹਲਕੇ ਦੇ ਹੀ ਵਾਸੀ ਸਨ। ਦਰਬਾਰ ਸਾਹਿਬ ਕੰਪਲੈਕਸ ਫੌਜ ਹਵਾਲੇ ਨਾ ਕਰਨ ਦਾ ਫੈਸਲਾ ਕਰਨ ਵਾਲੇ ਆਈਏਐੱਸ ਅਧਿਕਾਰੀ ਗੁਰਦੇਵ ਸਿੰਘ ਵੀ ਫਰੀਦਕੋਟ ਦੇ ਸਨ। ਦਰਬਾਰ ਸਾਹਿਬ ’ਤੇ ਫੌਜੀ ਹਮਲਾ ਕਰਨ ਵਾਲੇ ਫੌਜੀ ਜਰਨੈਲ ਐੱਸਐੱਸ ਬਰਾੜ ਅਤੇ ਉਸ ਵੇਲੇ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਇੱਥੋਂ ਦੇ ਹੀ ਸਨ। ਇੱਥੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਨੂੰ ਮਿਲ ਰਹੇ ਸਮਰਥਨ ਕਾਰਨ ਹਾਲ ਦੀ ਘੜੀ ਉਸ ਦਾ ਪੱਲੜਾ ਭਾਰੀ ਜਾਪਦਾ ਹੈ।