ਚਚੇਰੀ ਭੈਣ ਦੇ ਵਿਆਹ ਵਿਚ ਪਹੁੰਚੀ ਲੜਕੀ ਦਾ ਹੋਇਆ ਕਤਲ ਗੋਰਖਪੁਰ, 24 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ ਦੇ ਗੋਰਖਪੁਰ ਵਿਖੇ ਰਿਸ਼ਤੇਦਾਰੀ ਵਿਚ ਇਕ ਵਿਆਹ ਸਮਾਗਮ ਵਿਚ ਪਹੁੰਚੀ 20 ਸਾਲਾ ਸਿ਼ਵਾਨੀ ਨਿਸ਼ਾਦ ਨਾਮੀ ਲੜਕੀ ਦਾ ਕਿਸੇ ਵਲੋਂ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਹੈ।ਦੱਸਣਯੋਗ ਹੈ ਕਿ ਐਤਵਾਰ ਦੇਰ ਰਾਤ ਵਿਆਹ ਦੀਆਂ ਰਸਮਾਂ ਦੌਰਾਨ ਉਹ ਅਚਾਨਕ ਗਾਇਬ ਹੋ ਗਈ ਤਾਂ ਕੁੱਝ ਦੇਰ ਬਾਅਦ ਜਦੋਂ ਮਾਂ ਉਸ ਨੂੰ ਲੱਭਦੀ ਹੋਈ ਪੁਰਾਣੇ ਘਰ ਦੇ ਬਾਥਰੂਮ ਵੱਲ ਪਹੁੰਚੀ ਤਾਂ ਫਰਸ਼ `ਤੇ ਸਿਵਾਨੀ ਦੀ ਲਾਸ਼ ਪਈ ਸੀ । ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਦਰਜ ਕਰ ਲਿਆ ਹੈ ਕੇਸ ਵਿਆਹ ਵਾਲੇ ਘਰ ਵਿਚ ਵਾਪਰੇ ਇਸ ਘਟਨਾਕ੍ਰਮ ਨਾਲ ਖੁਸ਼ੀਆਂ ਗਮ ਵਿਚ ਬਦਲ ਗਈਆਂ।ਪੁਲਸ ਨੇ ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ਤੇ ਪਹੁੰਚ ਕੇ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀ ਵਿਰੁਧ ਮਾਮਲਾ ਦਰਜ ਕਰਕੇ ਸ਼ੱਕ ਦੇ ਆਧਾਰ `ਤੇ ਕਈ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ । ਕੀ ਸੀ ਮਾਮਲਾ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲਾ ਝੰਗਹਾ ਥਾਣਾ ਖੇਤਰ ਦੇ ਰਸੂਲਪੁਰ ਨੰਬਰ-ਦੋ ਪਿੰਡ ਦਾ ਹੈ ਜਿਸ ਲੜਕੀ ਦਾ ਕਤਲ ਹੋਇਆ ਹੈ ਉਹ ਸਿਵਾਨੀ ਹੈ ਤੇ ਉਹ ਸ਼ੁਕਰਵਾਰ ਨੂੰ ਆਪਣੀ ਚਚੇਰੀ ਭੈਣ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਆਪਣੇ ਪੇਕੇ ਘਰ ਆਈ ਸੀ । ਸਿ਼ਵਾਨੀ ਦਾ ਅੱਠ ਮਹੀਨੇ ਪਹਿਲਾਂ ਵਿਆਹ ਦੇਵਰੀਆ ਜਿ਼ਲ੍ਹੇ ਦੇ ਅਵਸਥੀ ਪਿੰਡ ਦੇ ਭੀਮ ਨਿਸ਼ਾਦ ਨਾਲ ਹੋਇਆ ਸੀ । ਦੇਰ ਰਾਤ ਕਰੀਬ ਦੋ ਵਜੇ ਉਹ ਅਚਾਨਕ ਗਾਇਬ ਹੋ ਗਈ। ਪਰਿਵਾਰ ਵਾਲੇ ਪਹਿਲਾਂ ਵਿਆਹ ਵਾਲੇ ਘਰ ਫਿਰ ਆਸ-ਪਾਸ ਲੱਭਦੇ ਰਹੇ। ਜਦੋਂ ਮਾਂ ਨੋਹਰੀ ਦੇਵੀ ਪੁਰਾਣੇ ਘਰ ਦੇ ਬਾਥਰੂਮ ਤੱਕ ਪਹੁੰਚੀ ਤਾਂ ਦਰਵਾਜ਼ਾ ਖੁੱਲ੍ਹਦੇ ਹੀ ਉਸ ਦੇ ਹੋਸ਼ ਉੱਡ ਗਏ। ਫਰਸ਼ `ਤੇ ਖ਼ੂਨ ਫੈਲਿਆ ਹੋਇਆ ਸੀ ਅਤੇ ਸ਼ਿਵਾਨੀ ਮ੍ਰਿਤਕ ਪਈ ਸੀ। ਮਾਂ ਦੀ ਚੀਕ ਸੁਣਦੇ ਹੀ ਪੂਰਾ ਪਰਿਵਾਰ ਉੱਥੇ ਪਹੁੰਚ ਗਿਆ। ਗੀਤ-ਸੰਗੀਤ ਦੀਆਂ ਆਵਾਜ਼ਾਂ ਬੰਦ ਹੋ ਗਈਆਂ ਅਤੇ ਵਿਆਹ ਦੀਆਂ ਖ਼ੁਸ਼ੀਆਂ ਮਾਤਮ ਵਿੱਚ ਬਦਲ ਗਈਆਂ। ਘਟਨਾ ਵਾਲੀ ਥਾਂ ਦੀ ਕੀਤੀ ਜਾ ਰਹੀ ਹੈ ਜਾਂਚ ਸੂਚਨਾ ਮਿਲਣ `ਤੇ ਝੰਗਹਾ ਪੁਲਿਸ, ਡੌਗ ਸਕੁਐਡ ਅਤੇ ਫ਼ੋਰੈਂਸਿਕ ਟੀਮ ਦੇ ਨਾਲ ਮੌਕੇ `ਤੇ ਪਹੁੰਚੀ । ਘਟਨਾ ਸਥਾਨ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਵਿਆਹ ਵਿੱਚ ਮੌਜੂਦ ਕਈ ਲੋਕਾਂ, ਰਿਸ਼ਤੇਦਾਰਾਂ ਅਤੇ ਪਰਿਵਾਰ ਦੇ ਮੈਂਬਰਾਂ ਤੋਂ ਲੰਬੀ ਪੁੱਛਗਿੱਛ ਚੱਲ ਰਹੀ ਹੈ। ਸ਼ਿਵਾਨੀ ਦੇ ਪਿਤਾ ਦੀ 10 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਸਿ਼ਵਾਨੀ ਚਾਰ ਭੈਣ-ਭਰਾਵਾਂ ਵਿੱਚ ਦੂਜੇ ਨੰਬਰ `ਤੇ ਸੀ। ਪੁਲਿਸ ਕਤਲ ਦੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ। ਕਾਲ ਡਿਟੇਲ, ਮੋਬਾਈਲ ਲੋਕੇਸ਼ਨ ਅਤੇ ਫਿੰਗਰਪ੍ਰਿੰਟ ਰਿਪੋਰਟ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸਹੁਰੇ ਪੱਖ ਦੇ ਲੋਕ ਵੀ ਸਵੇਰੇ-ਸਵੇਰੇ ਮੌਕੇ `ਤੇ ਪਹੁੰਚੇ। ਕੀ ਆਖਦੇ ਹਨ ਐਸ. ਪੀ. ਐਸ. ਪੀ. ਉੱਤਰੀ ਗਿਆਨੇਂਦਰ ਨੇ ਕਿਹਾ ਕਿ ਕੁੜੀ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਹੈ। ਕਈ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਚੱਲ ਰਹੀ ਹੈ। ਮਾਂ ਦੀ ਸਿ਼ਕਾਇਤ `ਤੇ ਅਣਪਛਾਤੇ ਵਿਰੁਧ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਜਲਦੀ ਹੀ ਗੁੱਥੀ ਸੁਲਝਾ ਲਈ ਜਾਵੇਗੀ।
