post

Jasbeer Singh

(Chief Editor)

National

ਕਈ ਸੂਬਿਆਂ ’ਚ ਭਾਰੀ ਮੀਂਹ; ਜਨ-ਜੀਵਨ ਲੀਹੋਂ ਲੱਥਾ

post-img

ਕਈ ਸੂਬਿਆਂ ’ਚ ਭਾਰੀ ਮੀਂਹ; ਜਨ-ਜੀਵਨ ਲੀਹੋਂ ਲੱਥਾ ਨਵੀਂ ਦਿੱਲੀ, 9 ਜੁਲਾਈ : ਮੁਲਕ ਦੇ ਕਈ ਹਿੱਸਿਆਂ ਵਿੱਚ ਅੱਜ ਭਾਰੀ ਮੀਂਹ ਪੈਣ ਕਾਰਨ ਜੀਵਨ ਲੀਹੋਂ ਲੱਥ ਗਿਆ। ਖ਼ਾਸ ਤੌਰ ’ਤੇ ਮੁੰਬਈ ਵਿੱਚ ਸਥਾਨਕ ਰੇਲ ਅਤੇ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਜਦਕਿ ਅਸਾਮ ਵਿੱਚ ਵੀ ਮੁੜ ਹੜ੍ਹ ਆਉਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸਥਿਤੀ ਦਾ ਜਾਇਜ਼ਾ ਲਿਆ, ਉੱਥੇ ਕਾਂਗਰਸੀ ਆਗੂ ਰਾਹੁਲ ਗਾਂਧੀ ਵੀ ਹੜ੍ਹਾਂ ਦੀ ਮਾਰ ਝੱਲ ਰਹੇ ਅਸਾਮ ਦੇ ਕਚਾਰ ਜ਼ਿਲ੍ਹੇ ਦੇ ਇੱਕ ਰਾਹਤ ਕੈਂਪ ਵਿੱਚ ਪੁੱਜੇ। ਉਨ੍ਹਾਂ ਕੇਂਦਰ ਸਰਕਾਰ ਨੂੰ ਸੂਬੇ ਨੂੰ ਤੁਰੰਤ ਹਰ ਸੰਭਵ ਸਹਾਇਤਾ ਦੇਣ ਦੀ ਮੰਗ ਕੀਤੀ । ਦੂਜੇ ਪਾਸੇ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਵਿੱਚ ਵੀ ਭਾਰੀ ਮੀਂਹ ਪੈਣ ਦੀਆਂ ਖ਼ਬਰਾਂ ਹਨ। ਇਸ ਦੌਰਾਨ ਕੁਰਲਾ ਤੇ ਘਾਟਕੋਪਰ ਇਲਾਕਿਆਂ ਵਿੱਚ ਐੱਨਡੀਆਰਐੱਫ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਦੂਜੇ ਪਾਸੇ, ਗੋਆ ਵਿੱਚ ਅੱਜ ਤੀਜੇ ਦਿਨ ਵੀ ਮੀਂਹ ਪੈਣ ਕਾਰਨ ਹੇਠਲੇ ਇਲਾਕਿਆਂ ਵਿੱਚ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ । ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ ਹੁਣ ਤੱਕ 131 ਜੰਗਲੀ ਜਾਨਵਰ ਮਾਰੇ ਜਾ ਚੁੱਕੇ ਹਨ ਜਦਕਿ 96 ਨੂੰ ਅਧਿਕਾਰੀਆਂ ਨੇ ਬਚਾ ਲਿਆ ਹੈ। ਗੁਆਂਢੀ ਅਰੁਣਾਚਲ ਪ੍ਰਦੇਸ਼ ਵਿੱਚ ਮੀਂਹ ਕਾਰਨ ਢਿੱਗਾਂ ਡਿੱਗੀਆਂ ਜਿਸ ਕਾਰਨ ਕਈ ਜ਼ਿਲ੍ਹਿਆਂ ਵਿੱਚ ਆਵਾਜਾਈ ਪ੍ਰਭਾਵਿਤ ਹੋਈ। ਉੱਤਰਾਖੰਡ ਵਿੱਚ ਭਾਰੀ ਮੀਂਹ ਕਾਰਨ ਕੁਮਾਊਂ ਖਿੱਤੇ ਦੀਆਂ ਨਦੀਆਂ ਹੜ੍ਹਾਂ ਦੀ ਮਾਰ ਹੇਠ ਹਨ ਜਦਕਿ ਚੰਪਾਵਤ ਤੇ ਸ਼ਹੀਦ ਊਧਮ ਸਿੰਘ ਨਗਰ ਜ਼ਿਲ੍ਹਿਆਂ ਵਿੱਚ ਕਾਫ਼ੀ ਜ਼ਿਆਦਾ ਪਾਣੀ ਭਰ ਗਿਆ ਹੈ। ਹਾਲਾਂਕਿ ਗੜ੍ਹਵਾਲ ਖਿੱਤੇ ਵਿੱਚ ਮੌਸਮ ’ਚ ਸੁਧਾਰ ਮਗਰੋਂ ਚਾਰ ਧਾਮ ਯਾਤਰਾ ਅੱਜ ਮੁੜ ਸ਼ੁਰੂ ਹੋ ਗਈ। ਉੱਤਰਾਖੰਡ ਦੇ ਡੈਮਾਂ ’ਚ ਪਾਣੀ ਛੱਡਣ ਤੇ ਭਾਰੀ ਮੀਂਹ ਕਾਰਨ ਯੂਪੀ ਦੇ ਕਈ ਹਿੱਸਿਆਂ ਵਿੱਚ ਸਥਿਤੀ ਮਾੜੀ ਹੈ, ਜਿੱਥੇ 32 ਕਿਸ਼ਤੀਆਂ ਰਾਹੀਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਇਸ ਦੌਰਾਨ ਮੁੰਬਈ ਵਿੱਚ ਖਰਾਬ ਮੌਸਮ ਕਾਰਨ 50 ਫਲਾਈਟਾਂ ਰੱਦ ਹੋਈਆਂ ਹਨ। -ਪੀਟੀਆਈ

Related Post