post

Jasbeer Singh

(Chief Editor)

Latest update

ਮਾਂ ਬੋਲੀ ਦੇ ਸਪੂਤ ਜਨਮੇਜਾ ਸਿੰਘ ਜੌਹਲ ਨੇ ਪੰਜਾਬੀ ਸਿੱਖਣ ਵਾਲਿਆਂ ਲਈ ਕੀਤਾ ਅਨੋਖਾ ਯਤਨ, ਬਣਾਈ ਪੈਂਤੀ ਦੇ ਅੱਖਰ ਬੋਲਦ

post-img

ਮਾਂ ਬੋਲੀ ਪੰਜਾਬੀ ਦੀ ਬਿਹਤਰੀ ਤੇ ਇਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਪਿਛਲੇ ਕਈ ਦਹਾਕਿਆਂ ਤੋਂ ਯੋਗਦਾਨ ਪਾ ਰਹੇ ਪੰਜਾਬੀ ਲੇਖਕ ਤੇ ਫੋਟੋਗ੍ਰਾਫਰ ਜਨਮੇਜਾ ਸਿੰਘ ਜੌਹਲ ਨੇ ਪੰਜਾਬੀ ਭਾਸ਼ਾ ਸਿੱਖਣ ਵਾਲਿਆਂ ਲਈ ਨਿਵੇਕਲੀ ਪਹਿਲ ਕੀਤੀ ਹੈ। ਉਨ੍ਹਾਂ ਪੰਜਾਬੀ ਬੋਲਣ ਵਾਲੀ ਇਕ ਫੱਟੀ ਤਿਆਰ ਕੀਤੀ ਹੈ। ਇਸ ਫੱਟੀ ’ਤੇ ਲਿਖੇ ਗਏ ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਦੇ ਅੱਖਰਾਂ ਦਾ ਸਹੀ ਉਚਾਰਨ ਸਿਖਾਉਣ ਲਈ ਆਧੁਨਿਕ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਫੱਟੀ ਦੇ ਲਿਖੇ ਅੱਖਰਾਂ ਨੂੰ ਕਿਊਆਰ ਕੋਡ ਲਾਇਆ ਗਿਆ ਹੈ। ਇਸ ਕੋਡ ਨੂੰ ਸਕੈਨ ਕਰਨ ’ਤੇ ਫੱਟੀ ’ਚੋਂ ਹੀ ਉਸ ਦੇ ਸਹੀ ਉਚਾਰਨ ਦੀ ਆਵਾਜ਼ ਆਏਗੀ। 2003 ’ਚ ਉਨ੍ਹਾਂ ਪੰਜਾਬੀ ਭਾਸ਼ਾ ਸਿੱਖਣ ਵਾਲਿਆਂ ਲਈ ਰੰਗਦਾਰ ਸਲੇਟ ਤਿਆਰ ਕੀਤੀ ਸੀ, ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਲੋਕਾਂ ਵੱਲੋਂ ਮਿਲੇ ਪਿਆਰ ਸਦਕਾ ਉਹ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਲਗਾਤਾਰ ਯਤਨ ਕਰ ਰਹੇ ਹਨ। ਇਨ੍ਹਾਂ ਯਤਨਾਂ ਤਹਿਤ ਹੀ ਉਨ੍ਹਾਂ ਨੇ ਹੁਣ ਬੋਲਣ ਵਾਲੀ ਪੈਂਤੀ ਅੱਖਰੀ ਫੱਟੀ ਤਿਆਰ ਕੀਤੀ ਹੈ। ਇਸ ਫੱਟੀ ’ਤੇ ਕਿਉਆਰ ਕੋਡ ਲਾਇਆ ਗਿਆ ਹੈ, ਜਿਸ ਨੂੰ ਮੋਬਾਈਲ ਰਾਹੀਂ ਸਕੈਨ ਕਰਨ ’ਤੇ ਇਹ ਫੱਟੀ ਪੰਜ ਵੱਖ-ਵੱਖ ਆਵਾਜ਼ਾਂ ’ਚ ਪੰਜਾਬੀ ਦੇ ਪੈਂਤੀ ਅੱਖਰਾਂ ਦਾ ਉਚਾਰਨ ਕਰੇਗੀ। ਜਨਮੇਜਾ ਜੌਹਲ ਨੇ ਦੱਸਿਆ ਕਿ ਪੰਜ ਆਵਾਜ਼ਾਂ ਵੱਖ-ਵੱਖ ਉਮਰ ਵਰਗ ਦੇ ਲੋਕਾਂ ਲਈ ਪਾਈਆਂ ਗਈਆਂ ਹਨ ਤਾਂ ਜੋ ਉਹ ਉਮਰ ਵਰਗ ਦੇ ਹਿਸਾਬ ਨਾਲ ਪੰਜਾਬੀ ਅੱਖਰਾਂ ਦਾ ਸਹੀ ਉਚਾਰਨ ਸਿੱਖ ਸਕਣ। ਇਸ ਤੋਂ ਇਲਾਵਾ ਇਨ੍ਹਾਂ ਆਵਾਜ਼ਾਂ ਰਾਹੀਂ ਅੱਖਰਾਂ ਦੇ ਉਚਾਰਨ ’ਚ ਇਕਸਾਰਤਾ ਵੀ ਲਿਆਂਦੀ ਗਈ ਹੈ, ਕਿਉਂਕਿ ਪੰਜਾਬ ਦੇ 37 ਖਿੱਤੇ ਹਨ, ਜਿਨ੍ਹਾਂ ’ਚ ਭਾਸ਼ਾ ਦਾ ਉਚਾਰਨ ਵੱਖੋ-ਵੱਖਰਾ ਹੈ। ਫੱਟੀ ’ਚ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਗਿਆ ਹੈ। ਇਹ ਆਵਾਜ਼ਾਂ ਡਾ. ਜਗਪ੍ਰੀਤ ਕੌਰ, ਪ੍ਰਵੀਨ ਕੁਮਾਰ ਛਾਬੜਾ, ਅਮਨ ਕੰਗ, ਗੁਰਦੀਪ ਸਿੱਧੂ ਤੇ ਡਾ. ਬਲਵਿੰਦਰ ਕਾਲੀਆ ਨੇ ਦਿੱਤੀਆਂ ਹਨ। ਜਨਮੇਜਾ ਸਿੰਘ ਜੌਹਲ ਨੇ ਦੱਸਿਆ ਕਿ ਇਸ ਫੱਟੀ ਦਾ ਸਭ ਤੋਂ ਪਹਿਲਾ ਤਜਰਬਾ ਆਸਟੇ੍ਰਲੀਆ ’ਚ ਕੀਤਾ ਗਿਆ ਸੀ, ਜਿੱਥੇ ਹੁਣ ਤਕ ਹਜ਼ਾਰਾਂ ਦੀ ਗਿਣਤੀ ’ਚ ਫੱਟੀਆਂ ਪੰਜਾਬੀ ਸਿੱਖਣ ਵਾਲਿਆਂ ਦੇ ਘਰ ਦਾ ਸ਼ਿੰਗਾਰ ਬਣ ਚੁੱਕੀਆਂ ਹਨ। ਇਹ ਫੱਟੀ 80 ਦੇਸ਼ਾਂ ’ਚ ਲੋਕਾਂ ਤੱਕ ਪਹੁੰਚ ਚੁੱਕੀ ਹੈ ਤੇ ਲਗਾਤਾਰ ਇਸ ਦੀ ਮੰਗ ਕੀਤੀ ਜਾ ਰਹੀ ਹੈ। ਤਿੰਨ ਵੱਖ-ਵੱਖ ਆਕਾਰਾਂ ਦੀ ਇਸ ਫੱਟੀ ਦੀ ਕੀਮਤ ਵੀ ਸਾਧਾਰਨ ਰੱਖੀ ਗਈ ਹੈ। ਫੱਟੀ ’ਚ ਆਪਣੀ ਆਵਾਜ਼ ਦੇਣ ਵਾਲੀ ਡਾ. ਜਗਪ੍ਰੀਤ ਕੌਰ ਦਾ ਕਹਿਣਾ ਹੈ ਕਿ ਜਨਮੇਜਾ ਸਿੰਘ ਜੌਹਲ ਵੱਲੋਂ ਤਿਆਰ ਕੀਤੀ ਗਈ ਇਹ ਪੈਂਤੀ ਅੱਖਰੀ ਬੋਲਦੀ ਫੱਟੀ ਪੰਜਾਬੀ ਭਾਸ਼ਾ ਸਿੱਖਣ ਵਾਲੇ ਬੱਚਿਆਂ ਲਈ ਕਾਫ਼ੀ ਲਾਹੇਵੰਦ ਹੈ। ਵਿਸ਼ੇਸ਼ ਕਰਕੇ ਕਾਨਵੈਂਟ ਸਕੂਲ ਦੇ ਬੱਚੇ ਇਸ ਰਾਹੀਂ ਆਸਾਨੀ ਨਾਲ ਪੰਜਾਬੀ ਭਾਸ਼ਾ ਦਾ ਉਚਾਰਨ ਸਿੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਫੱਟੀ ’ਚ ਅੱਖਰਾਂ ਦੇ ਉਚਾਰਨ ਲਈ ਆਵਾਜ਼ ਦੇਣ ਦਾ ਤਜਰਬਾ ਬਹੁਤ ਵਧੀਆ ਰਿਹਾ ਹੈ। ਉਹ ਮਾਣ ਮਹਿਸੂਸ ਕਰਦੇ ਹਨ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਜਾ ਰਹੇ ਉਪਰਾਲਿਆਂ ’ਚ ਉਹ ਵੀ ਯੋਗਦਾਨ ਦੇ ਸਕੇ ਹਨ। ਕਈ ਵਣਗੀਆਂ ਨਾਲ ਜੁੜੇ ਹਨ ਜਨਮੇਜਾ ਸਿੰਘ ਜੌਹਲ : ਜਨਮੇਜਾ ਸਿੰਘ ਜੌਹਲ ਜਲੰਧਰ ਜ਼ਿਲ੍ਹੇ ਦੇ ਕਸਬਾ ਜੰਡਿਆਲਾ ਵਾਸੀ ਪ੍ਰਸਿੱਧ ਖੇਤੀ ਵਿਗਿਆਨੀ ਤੇ ਪੀਏਯੂ ਦੇ ਸੇਵਾਮੁਕਤ ਵਾਈਸ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਦੇ ਸਪੁੱਤਰ ਹਨ। ਸਾਹਿਤਕ ਤੇ ਕੁਦਰਤੀ ਨਜ਼ਾਰਿਆਂ ਦੀ ਫੋਟੋਗ੍ਰਾਫੀ ’ਚ ਉਨ੍ਹਾਂ ਦਾ ਵੱਡਾ ਨਾਮ ਹੈ। ਉਹ ਕਲਾ ਦੀਆਂ ਕਈ ਵਣਗੀਆਂ ਨਾਲ ਜੁੜੇ ਹੋਏ ਹਨ। ਉਹ ਵਧੀਆ ਫੋਟੋਗ੍ਰਾਫਰ ਹਨ। ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦੀਆਂ ਤਸਵੀਰਾਂ ‘ਕੈਮਰੇ ਦੀ ਅੱਖ’ ਕਾਲਮ ਤਹਿਤ ਛਪਦੀਆ ਆ ਰਹੀਆਂ ਹਨ। ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ’ਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਹੈ। 2003 ’ਚ ਰੰਗਦਾਰ ਸਲੇਟ ਤਿਆਰ ਕਰਨ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਟਾਈਪਿੰਗ ਲਈ ਫੋਂਟ ਵੀ ਵਿਕਸਤ ਕੀਤੇ ਹਨ। ਉਹ ਸਾਹਿਤਕਾਰ ਵੀ ਹਨ। ਉਨ੍ਹਾਂ ਕਈ ਕਹਾਣੀਆਂ ਲਿਖੀਆਂ ਹਨ। ਕੁਦਰਤ ਪ੍ਰੇਮੀ ਹੋਣ ਕਾਰਨ ਉਨ੍ਹਾਂ ਪੌਦਿਆਂ ’ਤੇ ਵੀ ਕਾਫ਼ੀ ਕੰਮ ਕੀਤਾ ਹੈ। ਮੈਡੀਸਨਲ ਪੌਦਿਆਂ ਤੇ ਝਾੜੀਆਂ ਬਾਰੇ ਉਨ੍ਹਾਂ ਨੇ ਇਕ ਪੁਸਤਕ ਵੀ ਲਿਖੀ ਹੋਈ ਹੈ।

Related Post