ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਐਤਵਾਰ ਨੂੰ ਅਹੁਦੇ ਅਤੇ ਰਾਜ਼ਦਾਰੀ ਦਾ ਹਲਫ਼ ਲੈਣਗੇ ਅਤੇ ਉਹ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੋਂ ਬਾਅਦ ਇਹ ਉਪਲਬਧੀ ਹਾਸਲ ਕਰਨ ਵਾਲੇ ਦੂਜੇ ਸਿਆਸੀ ਆਗੂ ਹੋਣਗੇ। ਇਸ ਵਿਚਾਲੇ, ਨਵੀਂ ਸਰਕਾਰ ਵਿੱਚ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੇ ਵੱਖ-ਵੱਖ ਭਾਈਵਾਲਾਂ ਵਾਸਤੇ ਮੰਤਰੀ ਮੰਡਲ ਵਿੱਚ ਹਿੱਸੇਦਾਰੀ ਨੂੰ ਲੈ ਕੇ ਭਾਜਪਾ ਲੀਡਰਸ਼ਿਪ ਅਤੇ ਸਹਿਯੋਗੀ ਪਾਰਟੀਆਂ ਵਿਚਾਲੇ ਡੂੰਘੀ ਚਰਚਾ ਚੱਲ ਰਹੀ ਹੈ। ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਤੋਂ ਇਲਾਵਾ ਪਾਰਟੀ ਪ੍ਰਧਾਨ ਜੇਪੀ ਨੱਢਾ ਵਰਗੇ ਸੀਨੀਅਰ ਭਾਜਪਾ ਆਗੂ ਸਰਕਾਰ ਵਿੱਚ ਨੁਮਾਇੰਦਗੀ ਨੂੰ ਲੈ ਕੇ ਤੇਲਗੂ ਦੇਸਮ ਪਾਰਟੀ ਦੇ ਐੱਨ ਚੰਦਰਬਾਬੂ ਨਾਇਡੂ, ਜੇਡੀ(ਯੂ) ਦੇ ਨਿਤੀਸ਼ ਕੁਮਾਰ ਅਤੇ ਸ਼ਿਵ ਸੈਨਾ ਦੇ ਏਕਨਾਥ ਸ਼ਿੰਦੇ ਸਣੇ ਸਹਿਯੋਗੀ ਪਾਰਟੀਆਂ ਨਾਲ ਮਸ਼ਵਰਾ ਕਰ ਰਹੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਗ੍ਰਹਿ, ਵਿੱਤ, ਰੱਖਿਆ ਅਤੇ ਵਿਦੇਸ਼ ਵਰਗੇ ਅਹਿਮ ਵਿਭਾਗਾਂ ਤੋਂ ਇਲਾਵਾ ਸਿੱਖਿਆ ਤੇ ਸਭਿਆਚਾਰ ਵਰਗੇ ਦੋ ਮਜ਼ਬੂਤ ਵਿਚਾਰਕ ਪਹਿਲੂਆਂ ਵਾਲੇ ਮੰਤਰਾਲੇ ਭਾਜਪਾ ਕੋਲ ਰਹਿਣਗੇ, ਜਦਕਿ ਉਸ ਦੇ ਸਹਿਯੋਗੀਆਂ ਨੂੰ ਪੰਜ ਤੋਂ ਅੱਠ ਕੈਬਨਿਟ ਰੈਂਕ ਮਿਲ ਸਕਦੇ ਹਨ। ਪਾਰਟੀ ਦੇ ਅੰਦਰ ਜਿੱਥੇ ਸ਼ਾਹ ਤੇ ਰਾਜਨਾਥ ਸਿੰਘ ਵਰਗੇ ਆਗੂਆਂ ਦਾ ਨਵੇਂ ਮੰਤਰੀ ਮੰਡਲ ਵਿੱਚ ਸ਼ਾਮਲ ਹੋਣਾ ਤੈਅ ਮੰਨਿਆ ਜਾ ਰਿਹਾ ਹੈ, ਉੱਥੇ ਹੀ ਲੋਕ ਸਭਾ ਚੋਣਾਂ ਜਿੱਤਣ ਵਾਲੇ ਸਾਬਕਾ ਮੁੱਖ ਮੰਤਰੀ ਜਿਵੇਂ ਕਿ ਸ਼ਿਵਰਾਜ ਸਿੰਘ ਚੌਹਾਨ, ਬਸਵਰਾਜ ਬੋਮਈ, ਮਨੋਹਰ ਲਾਲ ਖੱਟਰ ਅਤੇ ਸਰਬਾਨੰਦ ਸੋਨੋਵਾਲ ਸਰਕਾਰ ਵਿੱਚ ਸ਼ਾਮਲ ਹੋਣ ਦੇ ਮਜ਼ਬੂਤ ਦਾਅਵੇਦਾਰ ਹਨ। ਸੂਤਰਾਂ ਨੇ ਦੱਸਿਆ ਕਿ ਤੇਲਗੂ ਦੇਸਮ ਪਾਰਟੀ (ਟੀਡੀਪੀ) ਦੇ ਰਾਮ ਮੋਹਨ ਨਾਇਡੂ, ਜੇਡੀ (ਯੂ) ਦੇ ਲੱਲਨ ਸਿੰਘ, ਸੰਜੇ ਝਾਅ ਤੇ ਰਾਮਨਾਥ ਠਾਕੁਰ ਅਤੇ ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਦੇ ਚਿਰਾਗ ਪਾਸਵਾਨ ਉਨ੍ਹਾਂ ਸਹਿਯੋਗੀਆਂ ਵਿੱਚ ਸ਼ਾਮਲ ਹਨ ਜੋ ਕਿ ਨਵੀਂ ਸਰਕਾਰ ਵਿੱਚ ਸ਼ਾਮਲ ਹੋ ਸਕਦੇ ਹਨ। ਮਹਾਰਾਸ਼ਟਰ, ਜਿੱਥੇ ਭਾਜਪਾ-ਸ਼ਿਵ ਸੈਨਾ-ਰਾਸ਼ਟਰਵਾਦੀ ਕਾਂਗਰਸ ਪਾਰਟੀ ਗੱਠਜੋੜ ਦਾ ਪ੍ਰਦਰਸ਼ਨ ਖ਼ਰਾਬ ਰਿਹਾ ਹੈ ਅਤੇ ਬਿਹਾਰ, ਜਿੱਥੇ ਵਿਰੋਧੀ ਧਿਰ ਨੇ ਵਾਪਸੀ ਦੇ ਸੰਕੇਤ ਦਿੱਤੇ ਹਨ, ਸਰਕਾਰ ਗੱਠਜੋੜ ਬਣਨ ਦੌਰਾਨ ਧਿਆਨ ’ਚ ਹੋ ਸਕਦੇ ਹਨ। ਮਹਾਰਾਸ਼ਟਰ ਵਿੱਚ ਅਕਤੂਬਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਜਦਕਿ ਬਿਹਾਰ ਵਿੱਚ ਅਗਲੇ ਸਾਲ ਚੋਣਾਂ ਹੋਣਗੀਆਂ। ਭਾਜਪਾ ਦੇ ਸੰਗਠਨ ਵਿੱਚ ਹੋਣ ਵਾਲੇ ਬਦਲਾਅ ਵੀ ਪਾਰਟੀ ਦੇ ਮੰਤਰੀਆਂ ਦੇ ਨਾਵਾਂ ਨੂੰ ਅੰਤਿਮ ਰੂਪ ਦਿੰਦੇ ਸਮੇਂ ਚੋਣਕਾਰਾਂ ਦੇ ਮਨ ਵਿੱਚ ਹੋਣਗੇ। ਲੋਕ ਸਭਾ ਚੋਣਾਂ ਕਰ ਕੇ ਜੇਪੀ ਨੱਢਾ ਦਾ ਕਾਰਜਕਾਲ ਵਧਾ ਦਿੱਤਾ ਗਿਆ ਸੀ ਅਤੇ ਸੰਗਠਨਾਤਮਕ ਜ਼ਰੂਰਤਾਂ ਪਾਰਟੀ ਵਾਸਤੇ ਇਕ ਅਹਿਮ ਵਿਚਾਰਨਯੋਗ ਵਿਸ਼ਾ ਹੋਣਗੀਆਂ ਕਿਉਂਕਿ ਚੋਣ ਨਤੀਜਿਆਂ ਨੇ ਸੰਕੇਤ ਦਿੱਤਾ ਹੈ ਕਿ ਉਸ ਦੀ ਵਿਸ਼ਾਲ ਮਸ਼ੀਨਰੀ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਇਸ ਨਾਲ ਪਾਰਟੀ ਵਿੱਚ ਕਿਸੇ ਤਜਰਬੇਕਾਰ ਵਿਅਕਤੀ ਨੂੰ ਭੇਜੇ ਜਾਣ ਅਤੇ ਨੱਢਾ ਨੂੰ ਸਰਕਾਰ ਵਿੱਚ ਥਾਂ ਦਿੱਤੇ ਜਾਣ ਦੀ ਸੰਭਾਵਨਾ ਵੀ ਬਣੀ ਹੋਈ ਹੈ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਤੇ ਸੈਸ਼ਲਜ਼ ਦੇ ਉਪ ਰਾਸ਼ਟਰਪਤੀ ਦਿੱਲੀ ਪਹੁੰਚੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਸਵਾਗਤ ਕਰਦੇ ਹੋਏ ਭਾਰਤੀ ਅਧਿਕਾਰੀ। ਨਵੀਂ ਦਿੱਲੀ: ਭਾਰਤ ਨੇ ਅੱਜ ਐਲਾਨ ਕੀਤਾ ਕਿ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਸਣੇ ਉਸ ਦੇ ਗੁਆਂਢੀ ਅਤੇ ਹਿੰਦ ਮਹਾਸਾਗਰ ਖੇਤਰ ਦੇ ਸੱਤ ਦੇਸ਼ਾਂ ਦੇ ਆਗੂ 9 ਜੂਨ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਲ ਹੋਣਗੇ। ਹਸੀਨਾ ਅਤੇ ਸੈਸ਼ਲਜ਼ ਦੇ ਉਪ ਰਾਸ਼ਟਰਪਤੀ ਅਹਿਮਦ ਅਫ਼ੀਫ਼ ਪਹਿਲਾਂ ਹੀ ਦਿੱਲੀ ਪਹੁੰਚ ਚੁੱਕੇ ਹਨ। ਵਿਦੇਸ਼ ਮੰਤਰਾਲੇ ਮੁਤਾਬਕ, ਸਹੁੰ ਚੁੱਕ ਸਮਾਰੋਹ ਦੇ ਮਹਿਮਾਨਾਂ ਦੀ ਸੂਚੀ ਵਿੱਚ ਹਸੀਨਾ ਤੇ ਅਫ਼ੀਫ਼ ਤੋਂ ਇਲਾਵਾ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’, ਸ੍ਰੀਲੰਕਾ ਦੇ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ, ਮੌਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜਗਨਾਥ ਅਤੇ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੇ ਸ਼ਾਮਲ ਹਨ। ਸੂਤਰਾਂ ਮੁਤਾਬਕ ਪਾਕਿਸਤਾਨ ਸਰਕਾਰ ਨੂੰ ਇਸ ਸਮਾਰੋਹ ਲਈ ਸੱਦਾ ਨਹੀਂ ਦਿੱਤਾ ਗਿਆ ਹੈ ਅਤੇ ਜੇ ਭੇਜ ਵੀ ਦਿੱਤਾ ਗਿਆ ਹੋਵੇਗਾ ਤਾਂ ਵੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਪਹਿਲਾਂ ਤੋਂ ਤੈਅ ਚੀਨ ਦੌਰੇ ਕਾਰਨ ਉਹ ਇਸ ਸਮਾਰੋਹ ਵਿੱਚ ਨਹੀਂ ਪਹੁੰਚ ਸਕਣਗੇ। ਸਹੁੰ ਚੁੱਕ ਸਮਾਰੋਹ ਵਿੱਚ ਭਾਰਤ ਦੇ ਗੁਆਂਢੀ ਮੁਲਕਾਂ ਅਤੇ ਹਿੰਦ ਮਹਾਸਾਗਰ ਖਿੱਤੇ ਦੇ ਆਗੂਆਂ ਤੋਂ ਇਲਾਵਾ ਕੁਝ ਵਿਸ਼ੇਸ਼ ਮਹਿਮਾਨ ਵੀ ਸ਼ਾਮਲ ਹੋਣਗੇ। ਅਧਿਕਾਰੀਆਂ ਮੁਤਾਬਕ ਮਹਾਰਾਸ਼ਟਰ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ-ਸੋਲਾਪੁਰ ਵੰਦੇ ਭਾਰਤ ਰੇਲ ਦੀ ਲੋਕੋ ਪਾਇਲਟ ਸੁਰੇਖਾ ਯਾਦਵ ਭਾਰਤੀ ਰੇਲਵੇ ਦੇ ਉਨ੍ਹਾਂ 10 ਲੋਕੋ ਪਾਇਲਟਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਸਹੁੰ ਚੁੱਕ ਸਮਾਰੋਹ ਵਿੱਚ ਸੱਦਿਆ ਗਿਆ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਸਮਾਰੋਹ ’ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਲਈ ਜ਼ਰੂਰੀ ਪ੍ਰਬੰਧ ਕਰ ਲਏ ਗਏ ਹਨ। ਰਾਸ਼ਟਰਪਤੀ ਭਵਨ ਨੇ ਇਸ ਸ਼ਾਨਦਾਰ ਸਮਾਰੋਹ ਦੀਆਂ ਤਿਆਰੀਆਂ ਦੀ ਇਕ ਵੀਡੀਓ ਵੀ ਸਾਂਝੀ ਕੀਤੀ ਹੈ। ਇਸ ਸਮਾਰੋਹ ਤੋਂ ਬਾਅਦ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਦਿੱਤੇ ਜਾਣ ਵਾਲੇ ਖਾਣੇ ਵਿੱਚ ਰਾਸ਼ਟਰਪਤੀ ਭਵਨ ਦੀ ਰਸੋਈ ਦੇ ਚੋਣਵੇਂ ਪਕਵਾਨ ਮਹਿਮਾਨਾਂ ਨੂੰ ਵਰਤਾਏ ਜਾਣਗੇ। ਕਾਂਗਰਸ ਆਗੂਆਂ ਨੂੰ ਹਲਫ਼ਦਾਰੀ ਸਮਾਗਮ ਦਾ ਕੋਈ ਸੱਦਾ ਨਹੀਂ ਮਿਲਿਆ: ਜੈਰਾਮ ਰਮੇਸ਼ ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਪਾਰਟੀ ਦੇ ਆਗੂਆਂ ਨੂੰ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਵਜੋਂ ਭਲਕੇ ਹਲਫ਼ ਲੈਣ ਵਾਲੇ ਸਮਾਗਮ ਲਈ ਕੋਈ ਸੱਦਾ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਚਲਾਉਣ ਦਾ ਸਿਆਸੀ ਅਤੇ ਨੈਤਿਕ ਹੱਕ ਗੁਆ ਚੁੱਕੇ ਹਨ ਕਿਉਂਕਿ ਲੋਕ ਸਭਾ ਚੋਣਾਂ ’ਚ ਲੋਕਾਂ ਨੇ ਉਨ੍ਹਾਂ ਨੂੰ ਫ਼ਤਵਾ ਨਹੀਂ ਦਿੱਤਾ ਹੈ। ਜੈਰਾਮ ਰਮੇਸ਼ ਨੇ ਕਿਹਾ ਕਿ ਭਲਕ ਦੇ ਹਲਫ਼ਦਾਰੀ ਸਮਾਗਮ ਲਈ ਸਿਰਫ਼ ਕੌਮਾਂਤਰੀ ਆਗੂਆਂ ਨੂੰ ਸੱਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇ ‘ਇੰਡੀਆ ਜਨਬੰਧਨ’ ਦੇ ਆਗੂਆਂ ਨੂੰ ਸੱਦਾ ਮਿਲਿਆ ਤਾਂ ਉਹ ਹਲਫ਼ਦਾਰੀ ਸਮਾਗਮ ’ਚ ਸ਼ਾਮਲ ਹੋਣ ਬਾਰੇ ਵਿਚਾਰ ਕਰਨਗੇ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.