post

Jasbeer Singh

(Chief Editor)

Haryana News

ਪੰਜਾਬ ਦੇ ਪਾਕਿਸਤਾਨੀ ਜਾਸੂਸ ਦੀ ਹੋਈ ਕੈਥਲ ਵਿਚ ਫੜੋ ਫੜੀ

post-img

ਪੰਜਾਬ ਦੇ ਪਾਕਿਸਤਾਨੀ ਜਾਸੂਸ ਦੀ ਹੋਈ ਕੈਥਲ ਵਿਚ ਫੜੋ ਫੜੀ ਹਰਿਆਣਾ, 17 ਮਈ : ਹਰਿਆਣਾ ਦੇ ਜਿ਼ਲਾ ਕੈਥਲ ਵਿਚ ਫੜੇ ਗਏ ਪੰਜਾਬ ਦੇ ਪਾਕਿਸਤਾਨੀ ਜਾਸੂਸ ਦਵਿੰਦਰ ਸਿੰਘ ਨੇ ਪੁੱਛਗਿੱਛ ਦੌਰਾਨ ਦਸਿਆ ਕਿ ਉਹ ਪਾਕਿਸਤਾਨ ਲਈ ਜਾਸੂਸੀ ਕਰ ਰਿਹਾ ਸੀ। ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਜਦੋਂ ਪਾਕਿਸਤਾਨ ਸਥਿਤ ਸਿੱਖਾਂ ਦੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਗਿਆ ਸੀ ਤਾਂ ਉਥੇ ਇਕ ਔਰਤ ਨੇ ਉਸ ਨੂੰ ਆਪਣੇ ਜਾਲ ਵਿਚ ਫਸਾ ਲਿਆ, ਜਿਸ ਤੋਂ ਬਾਅਦ ਉਹ ਉਸ ਔਰਤ ਕੋਲ ਸਤ ਦਿਨਾਂ ਤੱਕ ਰਿਹਾ ਵੀ। ਦਵਿੰਦਰ ਨੇ ਦੱਸਿਆ ਕਿ ਕੁੜੀ ਨੇ ਉਸ ਨੂੰ ਪਾਕਿਸਤਾਨ ਵਿਚ ਜਾਸੂਸੀ ਦੀ ਸਿਖਲਾਈ ਦਿਤੀ ਤੇ ਫਿਰ ਉਸ ਦਾ ਸੰਪਰਕ ਪਾਕਿਸਤਾਨ ਦੀ ਖੂਫ਼ੀਆ ਏਜੰਸੀ ਆਈ. ਐਸ. ਆਈ. ਦੇ 5 ਏਜੰਟਾਂ ਨਾਲ ਹੋਇਆ। ਕੁੜੀ ਨੇ ਉਸ ਨੂੰ ਇਹ ਕਹਿ ਕੇ ਭਰਮਾਇਆ ਕਿ ਜੇ ਉਹ ਉਸ ਨੂੰ ਗੁਪਤ ਜਾਣਕਾਰੀ ਦੇਵੇਗਾ ਤਾਂ ਇਸ ਦੇ ਬਦਲੇ ਉਹ ਉਸ ਨੂੰ ਸੁੰਦਰ ਕੁੜੀਆਂ ਨਾਲ ਦੋਸਤੀ ਕਰਵਾਏਗੀ। ਇਸ ਤੋਂ ਇਲਾਵਾ ਉਸ ਨੂੰ ਪੈਸੇ ਵੀ ਮਿਲਣਗੇ। ਨੌਜਵਾਨ ਲਾਲਚੀ ਹੋ ਗਿਆ ਅਤੇ ਫ਼ੌਜ ਨਾਲ ਸਬੰਧਤ ਜਾਣਕਾਰੀ ਭੇਜਣ ਲੱਗ ਪਿਆ। ਸੋਸ਼ਲ ਮੀਡੀਆ `ਤੇ ਹਥਿਆਰਾਂ ਨਾਲ ਫ਼ੋਟੋ ਪੋਸਟ ਕਰਨ ਤੋਂ ਬਾਅਦ ਪੁਲਿਸ ਨੇ ਕੈਥਲ ਦੇ ਗੁਹਲਾ ਪੁਲਿਸ ਸਟੇਸ਼ਨ ਵਿਚ ਉਸ ਨੌਜਵਾਨ ਵਿਰੁਧ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਇਹ ਵੱਡਾ ਖ਼ੁਲਾਸਾ ਹੋਇਆ ਕਿ ਉਹ ਪਾਕਿਸਤਾਨ ਲਈ ਜਾਸੂਸੀ ਕਰ ਰਿਹਾ ਸੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਪਹਿਲਾਂ ਹੀ ਪਟਿਆਲਾ ਕੈਂਟ ਇਲਾਕੇ ਦੀ ਜਾਣਕਾਰੀ ਅਤੇ ਤਸਵੀਰਾਂ ਆਈਐਸਆਈ ਏਜੰਟਾਂ ਨੂੰ ਭੇਜ ਚੁੱਕਾ ਸੀ। ਇਸ ਤੋਂ ਬਾਅਦ ਉਸ ਨੇ ਮੋਬਾਈਲ ਤੋਂ ਡਾਟਾ ਡਿਲੀਟ ਕਰ ਦਿਤਾ ਸੀ। ਪੁਲਿਸ ਹੁਣ ਉਸ ਦੇ ਬੈਂਕ ਖਾਤੇ ਦੀ ਜਾਣਕਾਰੀ ਅਤੇ ਡਿਲੀਟ ਕੀਤੇ ਡੇਟਾ ਨੂੰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਐਸ. ਪੀ. ਆਸਥਾ ਮੋਦੀ ਨੇ ਦਸਿਆ ਕਿ ਮੁਲਜ਼ਮ ਦਵਿੰਦਰ ਸਿੰਘ ਖ਼ਾਲਸਾ ਕਾਲਜ, ਪਟਿਆਲਾ ਵਿਚ ਐਮਏ ਪਹਿਲੇ ਸਾਲ ਦੇ ਰਾਜਨੀਤੀ ਸ਼ਾਸਤਰ ਦਾ ਵਿਦਿਆਰਥੀ ਹੈ। ਉਹ ਪਟਿਆਲਾ ਵਿਚ ਹੀ ਕਿਰਾਏ `ਤੇ ਰਹਿ ਰਿਹਾ ਸੀ। ਉਸ ਨੇ 13 ਮਈ ਨੂੰ ਫੇਸਬੁੱਕ `ਤੇ ਗ਼ੈਰ-ਕਾਨੂੰਨੀ ਹਥਿਆਰਾਂ ਨਾਲ ਸਬੰਧਤ ਇਕ ਪੋਸਟ ਪਾਈ ਸੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਗਈ ।ਮੁਲਜ਼ਮ ਨੇ ਦਸਿਆ ਕਿ ਉਸ ਨੂੰ ਜਾਸੂਸੀ ਦੇ ਬਦਲੇ ਬਹੁਤ ਵੱਡੀ ਰਕਮ ਮਿਲ ਸਕਦੀ ਸੀ। ਇਸ ਲਈ, ਪੁਲਿਸ ਉਸ ਦੇ ਅਤੇ ਉਸ ਦੇ ਪਰਵਾਰਕ ਮੈਂਬਰਾਂ ਦੇ ਖਾਤਿਆਂ ਦੇ ਵੇਰਵੇ ਇਕੱਠੇ ਕਰ ਰਹੀ ਹੈ। ਉਹ ਇਕ ਮੱਧ ਵਰਗੀ ਪਰਵਾਰ ਦਾ ਮੁੰਡਾ ਹੈ। ਉਸ ਦੇ ਮਾਤਾ-ਪਿਤਾ ਤੇ ਇਕ ਛੋਟੀ ਭੈਣ ਜੋ ਇੱਥੇ ਰਹਿੰਦੇ ਹਨ ਤੇ ਪਿਤਾ ਕਿਸਾਨ ਹਨ।

Related Post