

ਮਨੀ ਲਾਂਡਰਿੰਗ ਦਾ ਡਰ ਵਿਖਾ ਕੇ 89 ਸਾਲਾ ਔਰਤ ਨਾਲ ਸਾਈਬਰ ਠੱਗੀ ਚੰਡੀਗੜ੍ਹ, 17 ਜੁਲਾਈ 2025 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਇਕ 89 ਸਾਲਾ ਬਜ਼ੁਰਗ ਮਹਿਲਾ ਨੂੰ ਮਨੀ ਲਾਂਡਰਿੰਗ ਦਾ ਡਰਾ ਦਿਖਾ ਕੇ 77. 42 ਲੱਖ ਰੁਪਏ ਦੀ ਠੱਗੀ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਣਯੋਗ ਹੈ ਕਿ ਸਾਈਬਰ ਠੱਗਾਂ ਵਲੋਂ ਉਕਤ ਕਾਰਜ ਨੂੰ ਸੰਸਾਰ ਭਰ ਵਿਚ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ ਤੇ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਲੋਕ ਵੱਡੀ ਪੱਧਰ ਤੇ ਇਸਦਾ ਸਿ਼ਕਾਰ ਵੀ ਹੋ ਰਹੇ ਹਨ। ਸਾਈਬਰ ਠੱਗ ਨੇ ਕਿਸ ਤਰ੍ਹਾਂ ਕੀਤੀ ਮਹਿਲਾ ਨਾਲ ਠੱਗੀ ਚੰਡੀਗੜ੍ਹ ਦੀ ਵਸਨੀਕ 89 ਸਾਲਾ ਬਜ਼ੁਰਗ ਮਹਿਲਾ ਮਨਜੀਤ ਕੌਰ ਨੂੰ ਮੁਲਜਮ ਨੇ ਮੁੰਬਈ ਕ੍ਰਾਈਮ ਬ੍ਰਾਂਚ ਦੀ ਐਸ. ਐਚ. ਓ. ਬਣ ਕੇ ਔਰਤ ਨੂੰ ਵੀਡੀਓ ਕਾਲ ਕੀਤੀ ਅਤੇ ਗ੍ਰਿਫ਼ਤਾਰੀ ਦੀ ਧਮਕੀ ਦੇ ਕੇ ਉਸ ਨਾਲ 77.42 ਲੱਖ ਰੁਪਏ ਦੀ ਠੱਗੀ ਮਾਰੀ। ਉਕਤ ਘਟਨਾ ਸਬੰਧੀ ਚੰਡੀਗੜ੍ਹ ਦੇ ਸੈਕਟਰ-17 ਵਿਖੇ ਬਣੇ ਸਾਈਬਰ ਕ੍ਰਾਈਮ ਪੁਲਸ ਵਲੋਂ ਪੀੜਤਾ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਹੈ। ਸਾਈਬਰ ਠੱਗੀ ਦਾ ਸਿ਼ਕਾਰ ਮਹਿਲਾ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਕੀ ਦੱਸਿਆ ਸਾਈਬਰ ਕ੍ਰਾਈਮ ਨੂੰ ਦਿਤੀ ਸ਼ਿਕਾਇਤ ਵਿਚ ਪੀੜ੍ਹਤਾ ਮਨਜੀਤ ਕੌਰ ਨੇ ਕਿਹਾ ਕਿ ਉਸਨੂੰ 10 ਜੁਲਾਈ ਨੂੰ ਇਕ ਅਣਜਾਣ ਨੰਬਰ ਤੋਂ ਇਕ ਵਟਸਐਪ ਕਾਲ ਆਈ ਤੇ ਕਾਲ ਕਰਨ ਵਾਲੇ ਨੇ ਅਪਣੇ ਆਪ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਦੇ ਐਸ. ਐਚ. ਓ. ਵਿਜੇ ਅਤੇ ਮਾਮਲੇ ਦੇ ਜਾਂਚ ਅਧਿਕਾਰੀ ਵਿਸ਼ਾਲ ਵਜੋਂ ਪੇਸ਼ ਕੀਤਾ ਅਤੇ ਕਿਹਾ ਕਿ ਉਹ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੇ ਹਨ, ਜਿਸ ਵਿਚ ਕਈ ਸਿੰਮ ਕਾਰਡ ਬਰਾਮਦ ਹੋਏ ਹਨ। ਕਾਲ ਕਰਨ ਵਾਲੇ ਨੇ ਕਿਹਾ ਕਿ ਜਦੋਂ ਉਨ੍ਹਾਂ ਸਿੰਮ ਕਾਰਡਾਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਤੁਹਾਡੇ ਆਧਾਰ ਕਾਰਡ ’ਤੇ ਕਈ ਸਿੰਮ ਕਾਰਡ ਜਾਰੀ ਕੀਤੇ ਗਏ ਹਨ ਅਤੇ ਉਸੇ ਆਧਾਰ ਕਾਰਡ ਰਾਹੀਂ ਮੁੰਬਈ ਦੇ ਇੱਕ ਬੈਂਕ ਵਿਚ ਖਾਤਾ ਵੀ ਖੋਲ੍ਹਿਆ ਗਿਆ ਹੈ। ਜਵਾਬ ਦਿੰਦੇ ਹੋਏ ਮਨਜੀਤ ਨੇ ਸਾਈਬਰ ਠੱਗਾਂ ਨੂੰ ਕਿਹਾ ਕਿ ਉਹ ਕਦੇ ਮੁੰਬਈ ਨਹੀਂ ਗਈ, ਫਿਰ ਉਸਦੇ ਨਾਮ ’ਤੇ ਖਾਤਾ ਕਿਵੇਂ ਖੋਲ੍ਹਿਆ ਜਾ ਸਕਦਾ ਹੈ। ਵੀਡੀਓ ਕਾਲ ਕਰਕੇ ਦੋ ਵਰਦੀ ਧਾਰੀ ਵਿਅਕਤੀਆਂ ਨੇ ਕੀਤੀ ਮਨਜੀਤ ਕੌਰ ਨਾਲ ਗੱਲਬਾਤ ਮਨਜੀਤ ਕੌਰ ਨੇ ਦੱਸਿਆ ਕਿ ਸਾਈਬਰ ਠੱਗਾਂ ਨੇ ਉਨ੍ਹਾਂ ਨੂੰ ਇੱਕ ਵੀਡੀਓ ਕਾਲ ਕੀਤੀ, ਜਿਸ ਵਿਚ ਦੋ ਵਿਅਕਤੀ ਪੁਲਸ ਦੀ ਵਰਦੀ ਵਿਚ ਸਨ ਅਤੇ ਉਨ੍ਹਾਂ ਦੇ ਆਲੇ ਦੁਆਲੇ ਦਾ ਮਾਹੌਲ ਪੁਲਸ ਸਟੇਸ਼ਨ ਵਰਗਾ ਜਾਪਦਾ ਸੀ। ਪੀੜ੍ਹਤ ਮਹਿਲਾ ਨੇ ਦੱਸਿਆ ਕਿ ਫਿਰ ਸਾਈਬਰ ਠੱਗਾਂ ਨੇ ਉਨ੍ਹਾਂ ਨੂੰ ਦਸਿਆ ਕਿ ਇਸ ਮਾਮਲੇ ਵਿਚ ਕੇਸ ਵੀ ਦਰਜ ਕੀਤਾ ਜਾ ਸਕਦਾ ਹੈ ਅਤੇ ਤੁਹਾਡੇ ਨਾਮ ’ਤੇ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤਾ ਗਿਆ ਹੈ। ਇਕ ਟੀਮ ਤੁਹਾਨੂੰ ਗ੍ਰਿਫ਼ਤਾਰ ਕਰਨ ਲਈ ਰਵਾਨਾ ਹੋ ਗਈ ਹੈ ਤੇ ਘਰ ਤੋਂ ਕਿਤੇ ਵੀ ਜਾਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਉਹ ਤੁਹਾਡੇ ’ਤੇ ਨਜ਼ਰ ਰੱਖ ਰਹੇ ਹਨ। ਗ੍ਰਿਫਤਾਰੀ ਤੇ ਕੇਸ ਦੇ ਨਿਬੇੜੇ ਲਈ ਸਾਈਬਰ ਠੱਗਾਂ ਮੰਗੇ ਪੈਸੇ ਮਨਜੀਤ ਕੌਰ ਨੇ ਕਿਹਾ ਕਿ ਇਹ ਸੁਣ ਕੇ ਉਹ ਡਰ ਗਈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਾ ਕਰਨ ਲਈ ਕਿਹਾ, ਜਿਸ ਤੋਂ ਬਾਅਦ ਦੋਵਾਂ ਸਾਈਬਰ ਠੱਗਾਂ ਨੇ ਕਿਹਾ ਕਿ ਜੇ ਕੇਸ ਦਾ ਨਿਪਟਾਰਾ ਕਰਨਾ ਹੈ ਤਾਂ ਪੈਸੇ ਦੇਣੇ ਪੈਣਗੇ, ਜਿਸ ਤੋਂ ਬਾਅਦ ਮਨਜੀਤ ਕੌਰ ਨੇ ਸਾਈਬਰ ਠੱਗਾਂ ਵੱਲੋਂ ਦਿੱਤੇ ਖਾਤੇ ਵਿੱਚ ਆਰ. ਟੀ. ਜੀ. ਐਸ. ਰਾਹੀਂ 77 ਲੱਖ 42 ਹਜ਼ਾਰ 420 ਰੁਪਏ ਟਰਾਂਸਫਰ ਕਰ ਦਿਤੇ। ਉਸਨੇ ਕਈ ਦਿਨਾਂ ਤੱਕ ਇਹ ਗੱਲ ਕਿਸੇ ਨੂੰ ਨਹੀਂ ਦੱਸੀ। ਉਸਨੇ ਕਾਫ਼ੀ ਸਮੇਂ ਬਾਅਦ ਆਪਣੇ ਪਰਿਵਾਰ ਨੂੰ ਇਸ ਬਾਰੇ ਦੱਸਿਆ। ਜਦੋਂ ਪਰਿਵਾਰਕ ਮੈਂਬਰਾਂ ਨੇ ਉਸ ਨੰਬਰ ’ਤੇ ਦੁਬਾਰਾ ਫ਼ੋਨ ਕੀਤਾ। ਜਿਸ ਤੋਂ ਵਟਸਐਪ ਕਾਲ ਆਈ ਸੀ, ਤਾਂ ਉਹ ਨੰਬਰ ਬੰਦ ਸੀ। ਫਿਰ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਪਤਾ ਲੱਗਾ ਕਿ ਉਨ੍ਹਾਂ ਨਾਲ ਸਾਈਬਰ ਠੱਗੀ ਹੋਈ।